ਡਿਪਟੀ ਕਮਿਸ਼ਨਰ ਹਿਮਾਸ਼ੂ ਜੈਨ ਨੇ ਸਮੂਹ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ/ ਕਰਮਚਾਰੀਆਂ ਨੂੰ ਇੱਕ ਵਿਸ਼ੇਸ਼ ਪੱਤਰ ਜਾਰੀ ਕਰਕੇ ਕੀਤੀ ਹਦਾਇਤ
Punjab News: (ਜਸਵੀਰ ਸਿੰਘ ਗਹਿਲ) ਲੁਧਿਆਣਾ। ਪੰਜਾਬ ਸੂਬੇ ਅੰਦਰ ਪੈਦਾ ਹੋਏ ਹੜ੍ਹਾਂ ਦੇ ਹਾਲਾਤਾਂ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਲੁਧਿਆਣਾ ਨੇ ਜ਼ਿਲ੍ਹੇ ਦੇ ਸਾਰੇ ਅਧਿਕਾਰੀਆਂ/ ਕਰਮਚਾਰੀਆਂ ਨੂੰ ਬਿਨ੍ਹਾਂ ਪ੍ਰਵਾਨਗੀ ਦੇ ਸਟੇਸ਼ਨ ਨਾ ਛੱਡਣ ਲਈ ਕਿਹਾ ਹੈ। ਹੁਕਮ ਨਾ ਮੰਨਣ ’ਤੇ ਉਨ੍ਹਾਂ ਵਿਭਾਗੀ ਕਾਰਵਾਈ ਦੀ ਚੇਤਾਵਨੀ ਵੀ ਦਿੱਤੀ ਹੈ।
ਡੈਮਾਂ ਤੋਂ ਬਿਆਸ ਤੇ ਸਤਲੁਜ ਦਰਿਆ ਵਿੱਚ ਪਾਣੀ ਛੱਡੇ ਜਾਣ ਅਤੇ ਪਿਛਲੇ ਦੋ ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਪੰਜਾਬ ਸੂਬੇ ਅੰਦਰ ਹੜਾਂ ਦੇ ਹਾਲਾਤ ਪੈਦਾ ਹੋ ਗਏ ਹਨ। ਜਿਸ ਕਾਰਨ ਸੂਬੇ ਅੰਦਰ ਲੱਗਭਗ ਸਾਰੇ ਹੀ ਹਾਹਾਕਾਰ ਮੱਚੀ ਹੋਈ ਹੈ। ਇਸ ਦੇ ਮੱਦੇਨਜ਼ਰ ਹੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਿੱਥੇ ਸਾਰੇ ਪ੍ਰਾਇਮਰੀ, ਸੈਕੰਡਰੀ, ਸੀਨੀਅਰ ਸੈਕੰਡਰੀ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਨੂੰ 27 ਤੋਂ 30 ਅਗਸਤ ਤੱਕ ਬੰਦ ਰੱਖਣ ਦੇ ਆਦੇਸ਼ ਦੇ ਦਿੱਤੇ ਹਨ। ਉੱਥੇ ਹੀ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਹਿਮਾਸ਼ੂ ਜੈਨ ਨੇ ਸਮੂਹ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਹਨ। ਜਿਸ ਦੇ ਤਹਿਤ ਕੋਈ ਵੀ ਸਰਕਾਰੀ ਅਧਿਕਾਰੀ ਜਾਂ ਕਰਮਚਾਰੀ ਹੁਣ ਡਿਪਟੀ ਕਮਿਸ਼ਨਰ ਦੀ ਅਗਾਊਂ ਪ੍ਰਵਾਨਗੀ ਲਏ ਬਿਨ੍ਹਾਂ ਛੁੱਟੀ ’ਤੇ ਨਹੀਂ ਜਾ ਸਕੇਗਾ।
ਇਹ ਵੀ ਪੜ੍ਹੋ: Punjab Flood News: ਵਰਦੇ ਮੀਂਹ ’ਚ ਰਾਹਤ ਸਮੱਗਰੀ ਲੈ ਕੇ ਪਹੁੰਚੇ ਮੰਤਰੀ ਅਤੇ ਵਿਧਾਇਕ
ਇਹ ਹੁਕਮ ਉਨ੍ਹਾਂ ਨੇ 26 ਅਗਸਤ ਨੂੰ ਇੱਕ ਵਿਸ਼ੇਸ਼ ਪੱਤਰ ਜਾਰੀ ਕਰਕੇ ਕੀਤਾ ਹੈ। ਜਿਸ ਵਿੱਚ ਉਨ੍ਹਾਂ ਨੇ ਜ਼ਿਲ੍ਹੇ ਦੇ ਸਾਰੇ ਵਿਭਾਗਾਂ ਦੇ ਅਧਿਕਾਰੀਆਂ/ਕਰਮਚਾਰੀਆਂ ਨੂੰ ਹੁਕਮ ਕੀਤਾ ਹੈ ਕਿ ਕੋਈ ਵੀ ਅਧਿਕਾਰੀ ਜਾਂ ਕਰਮਚਾਰੀ ਉਨ੍ਹਾਂ (ਡੀਸੀ) ਦੀ ਪੂਰਵ ਪ੍ਰਵਾਨਗੀ ਤੋਂ ਬਿਨ੍ਹਾਂ ਆਪਣਾ ਸਟੇਸ਼ਨ ਨਾ ਛੱਡੇਗਾ। ਇਸ ਸਬੰਧੀ ਸਮੂਹ ਵਿਭਾਗਾਂ ਨੂੰ ਜਾਰੀ ਕੀਤੇ ਗਏ ਇੱਕ ਪੱਤਰ ਵਿੱਚ ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਹੈ ਕਿ ਜੇਕਰ ਕਿਸੇ ਅਧਿਕਾਰੀ ਜਾਂ ਕਰਮਚਾਰੀ ਵੱਲੋਂ ਉਨ੍ਹਾਂ ਦੇ ਉਕਤ ਹੁਕਮਾਂ ਦੀ ਉਲੰਘਣਾ ਕੀਤੀ ਗਈ ਤਾਂ ਸਬੰਧਿਤ ਉਸ ਵਿਰੁੱਧ ਨਿਯਮਾਂ ਅਨੁਸਾਰ ਬਣਦੀ ਅਨੁਸ਼ਾਸਨੀ ਕਾਰਵਾਈ ਅਮਲ ਵਿੱਚ ਲਿਆਦੀ ਜਾਵੇਗੀ। ਉਨ੍ਹਾਂ ਸਮੂਹ ਅਧਿਕਾਰੀਆਂ/ ਕਰਮਚਾਰੀਆਂ ਨੂੰ ਹਦਾਇਤਾਂ ਦੀ ਇੰਨ- ਬਿੰਨ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਹੈ। Punjab News