Dengue Cases In Patiala: ਨਹੀਂ ਰੁਕ ਰਿਹਾ ਡੇਂਗੂ ਦਾ ਕਹਿਰ, ਹੁਣ ਤੱਕ 47 ਕੇਸ ਸਾਹਮਣੇ ਆਏ, ਬਰਸਾਤਾਂ ਕਾਰਨ ਹੋਰ ਵੱਧ ਸਕਦਾ ਹੈ ਅੰਕੜਾ

Dengue Cases In Patiala
ਪਟਿਆਲਾ: ਪੀਐਸਪੀਸੀਐਲ ਦੇ ਦਫਤਰ ਵਿੱਚ ਡੇਂਗੂ ਦਾ ਲਾਰਵਾ ਚੈੱਕ ਕਰਦੇ ਹੋਏ ਡੀਡੀਐਚਓ ਡਾ. ਸੁਨੰਦਾ ਤੇ ਉਨ੍ਹਾਂ ਦੀ ਟੀਮ।

ਸਿਹਤ ਵਿਭਾਗ ਦੀਆਂ ਟੀਮਾਂ ਨੇ ਸਰਕਾਰੀ ਅਦਾਰਿਆਂ ਦੇ ਫਰੋਲੇ ਖੁੰਜੇ, 226 ਥਾਵਾਂ ’ਚ ਕੀਤਾ ਲਾਰਵਾ ਚੈੱਕ

Dengue Cases In Patiala: (ਨਰਿੰਦਰ ਸਿੰਘ ਬਠੋਈ) ਪਟਿਆਲਾ। ਜ਼ਿਲ੍ਹੇ ’ਚ ਡੇਂਗੂ ਦਾ ਕਹਿਰ ਜਾਰੀ ਹੈ ਤੇ ਸਿਲਸਿਲਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਹੈ। ਹੁਣ ਤੱਕ ਜ਼ਿਲ੍ਹੇ ’ਚ 47 ਡੇਂਗੂ ਦੇ ਕੇਸ ਪਾਏ ਜਾ ਚੁੱਕੇ ਹਨ ਅਤੇ ਆਉਣ ਵਾਲੇ ਦਿਨਾਂ ’ਚ ਇਹ ਅੰਕੜਾ ਹੋਰ ਵੀ ਵੱਧ ਸਕਦਾ ਹੈ ਕਿਉਕਿ ਬਰਸਾਤਾਂ ਦੇ ਆਉਣ ਦਾ ਸਿਲਸਿਲਾ ਰੁਕ ਨਹੀਂ ਰਿਹਾ ਤੇ ਮੌਸ਼ਮ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ’ਚ ਹੋਰ ਮੀਂਹ ਪੈਣ ਦੀ ਗੱਲ ਕਹੀ ਜਾ ਰਹੀ ਹੈ।

ਮੀਂਹ ਪੈਣ ਤੋਂ ਬਾਅਦ ਵੱਖ-ਵੱਖ ਥਾਵਾਂ ’ਤੇ ਮੀਂਹ ਦਾ ਪਾਣੀ ਜਮਾਂ ਹੋ ਜਾਂਦਾ ਹੈ, ਜੋ ਕਿ ਡੇਂਗੂ ਦਾ ਲਾਰਵਾ ਪੈਦਾ ਕਰਨ ਦਾ ਮੁੱਖ ਕਾਰਨ ਬਣਦਾ ਹੈ।  ਇਸ ਲਈ ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਿਸੇ ਵੀ ਥਾਂ ਜਾਂ ਟੁੱਟੇ ਭਾਡਿਆਂ, ਟਾਇਰਾਂ ਆਦਿ ’ਚ ਪਾਣੀ ਖੜਾ ਨਾ ਹੋਣ ਦਿੱਤਾ ਜਾਵੇ। ਇਹ ਖੜਾ ਸਾਫ ਪਾਣੀ ਡੇਂਗੂ ਦਾ ਮੱਛਰ ਪੈਦਾ ਕਰਦਾ ਹੈ। ਇਸੇ ਕੜੀ ਤਹਿਤ ਸਿਵਲ ਸਰਜਨ ਦੀ ਅਗਵਾਈ ’ਚ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਪਟਿਆਲਾ ਜਿਲ੍ਹੇ ਵਿੱਚ ਪੈਂਦੇ ਹੌਟਸਪੌਟ ਏਰੀਆ ਦੇ ਨਾਲ-ਨਾਲ 226 ਸਰਕਾਰੀ ਅਦਾਰਿਆਂ ਵਿੱਚ ਡੇਂਗੂ ਵਿਰੋਧੀ ਡਰਾਈ ਡੇਅ ਗਤੀਵਿਧੀਆਂ ਕੀਤੀਆਂ ਗਈਆਂ।

ਇਸ ਹਫਤੇੇ ਜ਼ਿਲ੍ਹੇ ਭਰ ਦੇ 40798 ਘਰਾਂ ’ਚ ਡੇਂਗੂ ਲਾਰਵੇ ਦੀ ਕੀਤੀ ਚੈਕਿੰਗ, 531 ਥਾਂਵਾ ’ਤੇ ਮਿਲੇ ਲਾਰਵੇ ਨੂੰ ਮੌਕੇ ’ਤੇ ਕੀਤਾ ਨਸ਼ਟ : ਡਾ. ਜਗਪਾਲਇੰਦਰ ਸਿੰਘ

ਇਸ ਸਬੰਧੀ ਜਾਣਕਾਰੀ ਦਿੰਦਿਆ ਸਿਵਲ ਸਰਜਨ ਡਾ. ਜਗਪਾਲਇੰਦਰ ਸਿੰਘ ਨੇ ਦੱਸਿਆ ਕਿ ਡੇਂਗੂ ਵਿਰੋਧੀ ਚਲਾਏ ਡਰਾਈ ਡੇਅ ਅਭਿਆਨ ਅਧੀਨ ਸਟਾਫ ਦੀਆਂ ਟੀਮਾਂ, ਨਰਸਿੰਗ ਸਟਾਫ, ਵੀਐਚਐਨਸੀ ਮੈਂਬਰਾਂ ਤੇ ਆਸ਼ਾ ਵਰਕਰਾਂ ਦੇ ਸਹਿਯੋਗ ਨਾਲ ਇਸ ਹਫਤੇ ਜਿਲ੍ਹੇ ਭਰ ਦੇ 40798 ਘਰਾਂ ’ਚ ਪਹੰਚ ਕੇ ਡੇਂਗੂ ਲਾਰਵੇ ਦੀ ਚੈਕਿੰਗ ਕੀਤੀ ਗਈ ਅਤੇ 531 ਥਾਂਵਾ ’ਤੇ ਮਿਲੇ ਲਾਰਵੇ ਨੂੰ ਟੀਮਾਂ ਵੱਲੋਂ ਮੌਕੇ ’ਤੇ ਹੀ ਨਸ਼ਟ ਕਰਵਾ ਦਿੱਤਾ ਗਿਆ।

ਇਹ ਵੀ ਪੜ੍ਹੋ: BJP Punjab: ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੂੰ ਪੁਲਿਸ ਨੇ ਹਿਰਾਸਤ ’ਚ ਲਿਆ

ਉਨ੍ਹਾਂ ਇਹ ਵੀ ਦੱਸਿਆ ਕਿ ਹੁਣ ਤੱਕ ਸਿਹਤ ਟੀਮਾਂ ਵੱਲੋਂ ਡਰਾਈ ਡੇਅ ਮੁਹਿੰਮ ਤਹਿਤ 628706 ਘਰਾਂ ਦਾ ਸਰਵੇ ਕੀਤਾ ਜਾ ਚੁੱਕਾ ਹੈ, ਜਿਨ੍ਹਾਂ ਵਿੱਚ 4186 ਥਾਂਵਾ ਤੇ ਮਿਲੇ ਲਾਰਵਾ ਮਿਲਿਆ ਜਿਸ ਨੂੰ ਟੀਮਾਂ ਵੱਲੋਂ ਮੌਕੇ ’ਤੇ ਹੀ ਨਸ਼ਟ ਕਰਵਾ ਦਿੱਤਾ ਗਿਆ ਹੈ ਅਤੇ ਸਬੰਧਿਤ ਪਰਿਵਾਰਾਂ ਨੂੰ ਅਗਾਂਹ ਲਈ ਬਚਾਅ ਸਬੰਧੀ ਜਾਗਰੂਕ ਕੀਤਾ ਗਿਆ। ਜ਼ਿਲ੍ਹਾ ਐਪੀਡੇਮੌਲੋਜਿਸਟ ਡਾ. ਸੁਮਿਤ ਸਿੰਘ ਨੇ ਆਖਿਆ ਕਿ ਇਸ ਵਾਰ ਮੀਂਹ ਦਾ ਮੌਸਮ ਜਲਦ ਸ਼ੁਰੂ ਹੋਣ ਅਤੇ ਦੇਰ ਤੱਕ ਹੋ ਰਹੀ ਬਰਸਾਤ ਕਾਰਨ ਡੇਂਗੂ ਦਾ ਲਾਰਵਾ ਵੱਧ ਤਾਦਾਦ ਵਿੱਚ ਮਿਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਿੱਥੇ ਕਿਤੇ ਵੀ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਲਾਰਵਾ ਮਿਲ ਰਿਹਾ ਹੈ ਉਸ ਨੂੰ ਮੌਕੇ ਉੱਤੇ ਹੀ ਨਸ਼ਟ ਕਰਵਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਖੜ੍ਹੇ ਪਾਣੀ ਉੱਤੇ ਵੀ ਲਾਰਵੀਸਾਈਡ ਦਾ ਸਪਰੇਅ ਕੀਤਾ ਜਾ ਰਿਹਾ ਹੈ।

ਇਨ੍ਹਾਂ ਸਰਕਾਰੀ ਅਦਾਰਿਆਂ ਦੀ ਕੀਤੀ ਗਈ ਚੈਕਿੰਗ | Dengue Cases In Patiala

ਇਸ ਦੌਰਾਨ ਸਿਵਲ ਸਰਜਨ ਆਫਿਸ, ਕੋਰਟ ਕੰਪਲੈਕਸ ਏਰੀਏ ਦੇ ਪ੍ਰਾਈਵੇਟ ਆਫਿਸ, ਪੀਐਸਪੀਸੀਐਲ ਦੇ ਹੈੱਡ ਆਫਿਸ, ਪੀਐਸਟੀਸੀਐਲ, ਐਸਬੀਆਈ ਬੈਂਕ, ਪਟਿਆਲੇ ਦੀ ਸੈਂਟਰਲ ਜੇਲ੍ਹ, ਡੀਸੀ ਆਫਿਸ ਸੈਕਟ੍ਰੀਏਟ, ਪੀਐਸਪੀਸੀਐਲ ਰਾਜਪੁਰਾ ਕਲੋਨੀ, ਅਰਬਨ ਅਸਟੇਟ ਸਥਿਤ ਪੁੱਡਾ ਆਫਿਸ, ਪੀਆਰਟੀਸੀ ਦੇ ਨਵੇਂ ਬੱਸ ਸਟੈਂਡ ਸਥਿਤ ਆਫਿਸ, ਡੀਐਮਡਬਲਿਊ ਰੇਲਵੇ, ਪੋਸਟ ਆਫਿਸ, ਬਾਗਬਾਨੀ ਆਫਿਸ,

ਪਟਵਾਰਖਾਨਾ, ਪੀਐਸਪੀਸੀਐਲ ਪਾਠਕ ਵਿਹਾਰ, ਪੀਆਰਟੀਸੀ ਵਰਕਸ਼ਾਪ, ਵਾਟਰ ਸਪਲਾਈ, ਮਾਈਨਿੰਗ ਡਿਪਾਰਟਮੈਂਟ, ਪਲਿਊਸ਼ਣ ਕੰਟਰੋਲ, ਸਰਕਾਰੀ ਆਯੁਰਵੈਦਿਕ ਕਾਲਜ, ਇੰਸ਼ੋਰੈਂਸ ਆਫਿਸ ਸਾਈਂ ਮਾਰਕਿਟ, ਸਪੋਰਟਸ ਅਥਾਰਟੀ, ਮਿਊਂਸਪਲ ਕਾਰਪੋਰੇਸ਼ਨ, ਪੰਜਾਬ ਵਾਟਰ ਸਪਲਾਈ ਡਿਪਾਰਟਮੈਂਟ, ਵਾਟਰ ਰਿਸੋਰਸ, ਆਈਟੀਆਈ ਬੁਆਇਜ਼, ਸਰਕਾਰੀ ਪ੍ਰੈੱਸ, ਜ਼ਿਲ੍ਹਾ ਪ੍ਰੀਸ਼ਦ, ਏਡੀਸੀਆਰ ਆਫਿਸ, ਪਟਵਾਰ ਖਾਨਾ ਵਿਖੇ ਡੇਂਗੂ ਦੇ ਲਾਰਵੇ ਦੀ ਜਾਂਚ ਕੀਤੀ ਗਈ ਅਤੇ ਕਈ ਥਾਵਾਂ ਉੱਤੇ ਮਿਲਿਆ ਲਾਰਵਾ ਮੌਕੇ ਉੱਤੇ ਹੀ ਨਸ਼ਟ ਕਰਵਾਇਆ ਗਿਆ। Dengue Cases In Patiala

ਡੇਂਗੂ ਦੇ ਫੈਲਾਅ ਨੂੰ ਰੋਕਣ ਲਈ ਪਟਿਆਲਵੀਂ ਦੇਣ ਸਾਥ : ਸਿਵਲ ਸਰਜਨ

ਸਿਵਲ ਸਰਜਨ ਡਾ. ਜਗਪਾਲਇੰਦਰ ਸਿੰਘ ਵੱਲੋਂ ਸਮੂਹ ਪਟਿਆਲਾ ਵਾਸੀਆਂ ਨੂੰ ਇਹ ਅਪੀਲ ਕੀਤੀ ਗਈ ਹੈ ਕਿ ਉਹ ਡੇਂਗੂ ਦੇ ਫੈਲਾਅ ਨੂੰ ਰੋਕਣ ਲਈ ਆਪਣੇ ਘਰਾਂ ਵਾਂਗ ਹੀ ਆਪਣੇ ਆਲੇ-ਦੁਆਲੇ ਨੂੰ ਸਾਫ-ਸੁਥਰਾ ਰੱਖਣ ਤੇ ਘਰਾਂ ਦੇ ਅੰਦਰ ਪਈਆਂ ਖਾਲੀ ਚੀਜ਼ਾਂ ਵਿੱਚ ਪਾਣੀ ਇੱਕਠਾ ਨਾ ਹੋਣ ਦੇਣ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਫਾਰਮੇਸੀ ਸਟੂਡੈਂਟਸ, ਇਨਟਰਨਜ਼, ਨਰਸਿੰਗ ਸਟੂਡੈਂਟਸ, ਆਸ਼ਾ ਵਰਕਰਾਂ, ਵਿਲੇਜ ਹੈਲਥ ਕਮੇਟੀਆਂ ਦੇ ਮੈਂਬਰਾਂ ਦੇ ਨਾਲ ਨਾਲ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਨੁਮਾਇੰਦਿਆਂ ਦੀ ਮੱਦਦ ਲਈ ਜਾ ਰਹੀ ਹੈ।