ਬਰਸੀ ’ਤੇ ਵਿਸੇਸ਼ | Netaji Subhas Chandra Bose
Netaji Subhas Chandra Bose: ਭਾਰਤੀ ਆਜ਼ਾਦੀ ਅੰਦੋਲਨ ਦੇ ਅਮਰ ਸੂਰਮਾ ਨੇਤਾ ਜੀ ਸੁਭਾਸ਼ ਚੰਦਰ ਬੋਸ ਦਾ ਜੀਵਨ ਜਿੰਨਾ ਰੋਮਾਂਚਕ ਰਿਹਾ, ਉਨ੍ਹਾਂ ਦੀ ਮੌਤ ਓਨੀ ਹੀ ਰਹੱਸਮਈ ਸਾਬਤ ਹੋਈ। ਅੱਜ ਉਨ੍ਹਾਂ ਦੀ ਬਰਸੀ ’ਤੇ ਪੂਰਾ ਦੇਸ਼ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰ ਰਿਹਾ ਹੈ। ਖੂਨ ਦੇ ਬਦਲੇ ਆਜ਼ਾਦੀ ਦੇਣ ਦਾ ਵਾਅਦਾ ਕਰਨ ਵਾਲੇ ਭਾਰਤ ਦੇ ਅਜ਼ਾਦੀ ਅੰਦੋਲਨ ਦੇ ਆਗੂ, ਮਹਾਨ ਅਜ਼ਾਦੀ ਘੁਲਾਟੀਏ ਅਤੇ ਵਿਲੱਖਣ ਤੇ ਬਹਾਦਰ ਵਿਅਕਤੀਤਵ ਦੇ ਮਾਲਕ ਨੇਤਾ ਜੀ ਸੁਭਾਸ਼ ਚੰਦਰ ਬੋਸ ਦਾ ਨਾਂਅ ਭਾਰਤੀ ਇਤਿਹਾਸ ਵਿੱਚ ਸੁਨਹਿਰੇ ਅੱਖਰਾਂ ਵਿੱਚ ਦਰਜ ਹੈ। ਅਸਲ ਵਿੱਚ ਸਾਡੀ ਆਜ਼ਾਦੀ ਅਜਿਹੇ ਹੀ ਯੋਧਿਆਂ ਦੀ ਬਹਾਦਰੀ, ਹਿੰਮਤ ਅਤੇ ਸਮੱਰਪਣ ਨਾਲ ਮਿਲੀ ਸੀ।
ਇਹ ਖਬਰ ਵੀ ਪੜ੍ਹੋ : CP Radhakrishnan: ਸੀਪੀ ਰਾਧਾਕ੍ਰਿਸ਼ਨਨ ਹੋਣਗੇ ਐਨਡੀਏ ਦੇ ਉਪ ਰਾਸ਼ਟਰਪਤੀ ਉਮੀਦਵਾਰ, ਜੇਪੀ ਨੱਡਾ ਨੇ ਕੀਤਾ ਐਲਾਨ
ਇਹ ਸੱਚ ਹੈ ਕਿ ਅਜ਼ਾਦੀ ਅੰਦੋਲਨ ਵਿੱਚ ਮਹਾਤਮਾ ਗਾਂਧੀ ਦਾ ਯੋਗਦਾਨ ਮਹੱਤਵਪੂਰਨ ਸੀ, ਪਰ ਨੇਤਾ ਜੀ ਦੇ ਯੋਗਦਾਨ ਨੂੰ ਘਟਾ ਕੇ ਦੇਖਣਾ ਜਾਂ ਭੁੱਲ ਜਾਣਾ ਕਿਸੇ ਵੀ ਰੂਪ ਵਿੱਚ ਠੀਕ ਨਹੀਂ ਕਿਹਾ ਜਾ ਸਕਦਾ। ਭਾਰਤ ਦੇ ਆਜ਼ਾਦੀ ਅੰਦੋਲਨ ਵਿੱਚ ਆਜ਼ਾਦ ਹਿੰਦ ਫੌਜ ਅਤੇ ਨੇਤਾ ਜੀ ਦਾ ਸਭ ਤੋਂ ਵੱਧ ਯੋਗਦਾਨ ਰਿਹਾ ਹੈ। ਨੇਤਾ ਜੀ ਸੁਭਾਸ਼ ਚੰਦਰ ਬੋਸ ਆਜ਼ਾਦੀ ਦੀ ਸਭ ਤੋਂ ਉੱਜਲੀ ਉਮੀਦ ਬਣ ਕੇ ਉੱਭਰੇ ਸਨ। ਆਪਣੀ ਬਹਾਦਰੀ ਅਤੇ ਸਮੱਰਪਣ ਨਾਲ ਉਨ੍ਹਾਂ ਨੇ ਭਾਰਤ ਨੂੰ ਆਜ਼ਾਦੀ ਦੁਆਈ ਨੇਤਾ ਜੀ ਉਹ ਨਾਂਅ ਸਨ ਜਿਨ੍ਹਾਂ ਨੇ ਆਜ਼ਾਦ ਹਿੰਦ ਸਰਕਾਰ ਰਾਹੀਂ ਅਜਿਹਾ ਭਾਰਤ ਬਣਾਉਣ ਦਾ ਵਾਅਦਾ ਕੀਤਾ ਸੀ ਜਿੱਥੇ ਸਭ ਨੂੰ ਬਰਾਬਰ ਅਧਿਕਾਰ ਤੇ ਮੌਕੇ ਮਿਲਣ।
ਸੁਭਾਸ਼ ਚੰਦਰ ਬੋਸ ਲਈ ਅਸੰਭਵ ਕੁਝ ਵੀ ਨਹੀਂ ਸੀ। ਉਹ ਅਜ਼ਾਦੀ ਅੰਦੋਲਨ ਦੀ ਅਗਵਾਈ ਕਰਨ ਵਾਲੇ ਤੇ ਸਭ ਤੋਂ ਵੱਡੇ ਨੇਤਾ ਸਨ। ਬੋਸ ਨੇ ਆਪਣਾ ਪੂਰਾ ਜੀਵਨ ਭਾਰਤ ਦੀ ਆਜ਼ਾਦੀ ਲਈ ਜੰਗ ਤੇ ਸੈਨਿਕ ਸੰਗਠਨ ਬਣਾਉਣ ਵਿੱਚ ਬਿਤਾਇਆ। ਸੁਭਾਸ਼ ਬਾਬੂ ਦੇ ਜੀਵਨ ’ਤੇ ਸਵਾਮੀ ਵਿਵੇਕਾਨੰਦ, ਉਨ੍ਹਾਂ ਦੇ ਗੁਰੂ ਸਵਾਮੀ ਰਾਮਕ੍ਰਿਸ਼ਨ ਪਰਮਹੰਸ ਅਤੇ ਮਹਾਂਰਿਸ਼ੀ ਅਰਵਿੰਦ ਦੇ ਉੱਚ ਦਰਸ਼ਨ ਅਤੇ ਭਾਵਨਾਵਾਂ ਦਾ ਡੂੰਘਾ ਪ੍ਰਭਾਵ ਸੀ। ਨੌਜਵਾਨ ਸੁਭਾਸ਼ ਚੰਦਰ ਨੇ 16 ਜੁਲਾਈ 1921 ਨੂੰ ਬੰਬਈ ਵਿੱਚ ਮਹਾਤਮਾ ਗਾਂਧੀ ਨੂੰ ਮਿਲਣ ਤੋਂ ਬਾਅਦ ਪੂਰੇ ਦੇਸ਼ ਵਿੱਚ ਚੱਲ ਰਹੇ ਅਸਹਿਯੋਗ ਅੰਦੋਲਨ ਵਿੱਚ ਹਿੱਸਾ ਲਿਆ। ਉਸ ਸਮੇਂ ਗਾਂਧੀ ਜੀ ਦੀ ਅਗਵਾਈ ਵਿੱਚ ਅਸਹਿਯੋਗ ਦੀ ਲਹਿਰ ਸੀ।
ਜਿਸ ਵਿੱਚ ਅੰਗਰੇਜ਼ੀ ਕੱਪੜਿਆਂ ਦਾ ਬਾਈਕਾਟ, ਵਿਧਾਨ ਸਭਾ, ਅਦਾਲਤਾਂ ਅਤੇ ਸਿੱਖਿਆ ਸੰਸਥਾਵਾਂ ਦਾ ਬਾਈਕਾਟ ਇਸ ਵਿਚ ਸ਼ਾਮਲ ਸੀ। ਬਹੁਤ ਘੱਟ ਲੋਕ ਜਾਣਦੇ ਹਨ ਕਿ ਜਰਮਨੀ ਦੇ ਤਾਨਾਸ਼ਾਹ ਐਡੋਲਫ਼ ਹਿਟਲਰ ਨੇ ਹੀ ਸਭ ਤੋਂ ਪਹਿਲਾਂ ਸੁਭਾਸ਼ ਚੰਦਰ ਬੋਸ ਨੂੰ ‘ਨੇਤਾ ਜੀ’ ਕਹਿ ਕੇ ਸੰਬੋਧਨ ਕੀਤਾ ਸੀ। ਸੁਭਾਸ਼ ਚੰਦਰ ਬੋਸ ਨੂੰ ‘ਦੇਸ਼ ਨਾਇਕ’ ਵੀ ਕਿਹਾ ਜਾਂਦਾ ਹੈ ਅਤੇ ਇਹ ਉਪਾਧੀ ਉਨ੍ਹਾਂ ਨੂੰ ਰਵਿੰਦਰਨਾਥ ਟੈਗੋਰ ਵੱਲੋਂ ਮਿਲੀ ਸੀ। ਨੇਤਾ ਜੀ ਉਹ ਚਿਹਰਾ ਸਨ ਜਿਨ੍ਹਾਂ ਨੇ ਹਰ ਕੀਮਤ ’ਤੇ ਮਾਂ ਭਾਰਤ ਨੂੰ ਗ਼ੁਲਾਮੀ ਦੀਆਂ ਬੇੜੀਆਂ ਤੋਂ ਮੁਕਤ ਕਰਵਾਉਣ ਦੀ ਲਗਨ ਰੱਖਣ ਵਾਲੇ ਜ਼ੋਸ਼ੀਲੇ ਜਵਾਨਾਂ ਨੂੰ ਇਕੱਠਾ ਕੀਤਾ। Netaji Subhas Chandra Bose
ਗਾਂਧੀ ਜੀ ਨੂੰ ‘ਰਾਸ਼ਟਰਪਿਤਾ’ ਕਹਿਣ ਵਾਲੇ ਵੀ ਸੁਭਾਸ਼ ਚੰਦਰ ਬੋਸ ਹੀ ਸਨ। 1921 ਤੋਂ 1941 ਤੱਕ ਉਨ੍ਹਾਂ ਨੂੰ 11 ਵਾਰ ਵੱਖ-ਵੱਖ ਜੇਲ੍ਹਾਂ ਵਿੱਚ ਕੈਦ ਕੀਤਾ ਗਿਆ। ਅਗਸਤ 1945 ਵਿੱਚ ਤਾਇਵਾਨ ਦੇ ਨੇੜੇ ਹੋਏ ਕਥਿਤ ਜਹਾਜ਼ ਹਾਦਸੇ ਨੂੰ ਨੇਤਾ ਜੀ ਦੀ ਮੌਤ ਦਾ ਕਾਰਨ ਦੱਸਿਆ ਜਾਂਦਾ ਹੈ। ਕਈ ਰਿਪੋਰਟਾਂ ਅਤੇ ਬ੍ਰਿਟਿਸ਼ ਦਸਤਾਵੇਜ਼ਾਂ ਵਿੱਚ ਉਨ੍ਹਾਂ ਦੇ ਤਾਇਪੇ ਵਿੱਚ ਅੰਤਿਮ ਸੰਸਕਾਰ ਦਾ ਜ਼ਿਕਰ ਹੈ। ਉਨ੍ਹਾਂ ਦੇ ਸਾਥੀ ਹਬੀਬੁਰ ਰਹਿਮਾਨ ਨੇ ਵੀ ਗਵਾਹੀ ਦਿੱਤੀ ਸੀ ਕਿ ਨੇਤਾ ਜੀ ਦੀ ਮੌਤ ਉਸੇ ਹਵਾਈ ਹਾਦਸੇ ਵਿੱਚ ਹੋਈ। ਪਰ ਇਸ ਦਾਅਵੇ ਨੂੰ ਹਰ ਕੋਈ ਸਵੀਕਾਰ ਨਹੀਂ ਕਰਦਾ। ਦੇਸ਼ ਦਾ ਵੱਡਾ ਵਰਗ ਮੰਨਦਾ ਹੈ ਕਿ ਨੇਤਾ ਜੀ ਜਹਾਜ਼ ਹਾਦਸੇ ਤੋਂ ਬਚ ਗਏ ਅਤੇ ਰੂਸ ਚਲੇ ਗਏ। ਸੁਬ੍ਰਮਣੀਅਮ ਸੁਆਮੀ ਦਾ ਦਾਅਵਾ ਰਿਹਾ ਹੈ ਕਿ ਸੋਵੀਅਤ ਸੰਘ ਦੇ ਟੁੱਟਣ ਤੋਂ ਬਾਅਦ ਮਿਲੇ ਸਬੂਤ ਦੱਸਦੇ ਹਨ।
ਕਿ ਬੋਸ ਨੂੰ ਮੰਚੂਰੀਆ ਤੋਂ ਗ੍ਰਿਫਤਾਰ ਕਰਕੇ ਸਾਈਬੇਰੀਆ ਦੀ ਜੇਲ੍ਹ ਵਿੱਚ ਭੇਜਿਆ ਗਿਆ, ਜਿੱਥੇ 1953 ਵਿੱਚ ਉਨ੍ਹਾਂ ਦੀ ਮੌਤ ਹੋਈ। ਜਪਾਨ ਨੇ ਰਿੰਕੋਜੀ ਮੰਦਿਰ ਵਿੱਚ ਰੱਖੀਆਂ ਅਸਥੀਆਂ ਭਾਰਤ ਭੇਜਣ ਦੀ ਪੇਸ਼ਕਸ਼ ਕੀਤੀ ਸੀ, ਪਰ ਸ਼ਰਤ ਰੱਖੀ ਕਿ ਡੀਐਨਏ ਟੈਸਟ ਨਾ ਹੋਵੇ। ਇਸ ਨਾਲ ਸ਼ੱਕ ਹੋਰ ਪੱਕਾ ਹੋ ਗਿਆ। ਲੇਖਕ ਅਨੁਜ ਧਰ ਅਤੇ ਹੋਰ ਖੋਜਕਾਰਾਂ ਨੇ ਸਵਾਲ ਉਠਾਇਆ ਹੈ ਕਿ ਨੇਤਾ ਜੀ ਦੀ ਮੌਤ ਨੂੰ ਰਹੱਸ ਦਾ ਨਕਾਬ ਕਿਉਂ ਪਹਿਨਾਇਆ ਗਿਆ। ਕਈ ਵਾਰ ਦਸਤਾਵੇਜ਼ਾਂ ਨੂੰ ਜਨਤਕ ਕਰਨ ਦੀ ਮੰਗ ਹੋਈ, ਪਰ ਇਹ ਕਹਿ ਕੇ ਰੋਕ ਦਿੱਤਾ ਗਿਆ ਕਿ ਇਸ ਨਾਲ ਅੰਤਰਰਾਸ਼ਟਰੀ ਸੰਬੰਧ ਪ੍ਰਭਾਵਿਤ ਹੋ ਸਕਦੇ ਹਨ। Netaji Subhas Chandra Bose
ਇੱਥੋਂ ਤੱਕ ਕਿ ਆਜ਼ਾਦ ਭਾਰਤ ਦੀਆਂ ਖੁਫੀਆ ਏਜੰਸੀਆਂ ’ਤੇ ਵੀ ਬ੍ਰਿਟਿਸ਼ ਰਿਵਾਇਤਾਂ ਦਾ ਅਸਰ ਰਿਹਾ ਅਤੇ ਨੇਤਾ ਜੀ ਨਾਲ ਜੁੜੀ ਹਰ ਜਾਣਕਾਰੀ ਉੱਚ ਪੱਧਰ ਤਕ ਸੀਮਿਤ ਰਹੀ। ਆਜ਼ਾਦੀ ਤੋਂ ਬਾਅਦ ਭਾਰਤ ਸਰਕਾਰ ਨੇ ਤਿੰਨ ਕਮਿਸ਼ਨ ਬਣਾਏ। ਸ਼ਾਹਨਵਾਜ਼ ਕਮੇਟੀ (1956) ਅਤੇ ਖੋਸਲਾ ਕਮਿਸ਼ਨ (1977) ਨੇ ਨਤੀਜਾ ਕੱਢਿਆ ਕਿ ਨੇਤਾ ਜੀ ਦੀ ਮੌਤ ਜਹਾਜ਼ ਹਾਦਸੇ ਵਿੱਚ ਹੋਈ। ਪਰ 1999 ਵਿੱਚ ਬਣੇ ਮੁਖਰਜੀ ਕਮਿਸ਼ਨ ਨੂੰ ਤਾਇਵਾਨ ਸਰਕਾਰ ਤੋਂ ਸਪੱਸ਼ਟ ਜਾਣਕਾਰੀ ਮਿਲੀ ਕਿ 1945 ਵਿੱਚ ਉੱਥੇ ਕੋਈ ਜਹਾਜ਼ ਹਾਦਸਾ ਹੋਇਆ ਹੀ ਨਹੀਂ ਸੀ। ਇਸ ਆਧਾਰ ’ਤੇ ਕਮਿਸ਼ਨ ਨੇ ਕਿਹਾ ਕਿ ਨੇਤਾ ਜੀ ਦੀ ਮੌਤ ਦਾ ਕੋਈ ਪੱਕਾ ਸਬੂਤ ਨਹੀਂ ਹੈ।
ਹਾਲਾਂਕਿ ਸਰਕਾਰ ਨੇ ਇਸ ਰਿਪੋਰਟ ਨੂੰ ਰੱਦ ਕਰ ਦਿੱਤਾ। ਵਿਰੋਧਭਾਸ਼ੀ ਤੱਥਾਂ ਦੇ ਵਿਚਕਾਰ ਇਹ ਸਵਾਲ ਅੱਜ ਵੀ ਜਵਾਬ ਦੀ ਉਡੀਕ ਵਿਚ ਹੈ ਕਿ ਨੇਤਾ ਜੀ ਦੀ ਮੌਤ ਕਦੋਂ ਅਤੇ ਕਿਵੇਂ ਹੋਈ। ਇਹੀ ਕਾਰਨ ਹੈ ਕਿ ਉਨ੍ਹਾਂ ਦਾ ਵਿਅਕਤੀਤਵ ਹੋਰ ਵੀ ਰਹੱਸਮਈ ਲੱਗਦਾ ਹੈ। ਭਾਰਤੀ ਲੋਕਾਂ ਵਿੱਚ ਅੱਜ ਵੀ ਇਹ ਆਸ ਜਿਉਂਦੀ ਹੈ ਕਿ ਨੇਤਾ ਜੀ ਦਾ ਜੀਵਨ ਅੰਤ ਤੱਕ ਸੰਘਰਸ਼ ਅਤੇ ਬਲਿਦਾਨ ਦੀ ਮਿਸਾਲ ਬਣਿਆ ਰਿਹਾ ਤੇ ਉਨ੍ਹਾਂ ਦਾ ਅਧੂਰਾ ਸੱਚ ਕਿਸੇ ਦਿਨ ਸਾਹਮਣੇ ਆਵੇਗਾ। Netaji Subhas Chandra Bose
(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਅਰਵਿੰਦ ਜੈਤਿਲਕ