ਪੁਲਿਸ ਵੱਲੋਂ ਨਸ਼ੇ ਦੇਣ ਵਾਲੇ ਪਿੰਡ ਦੇ ਹੀ ਇਕ ਵਿਅਕਤੀ ’ਤੇ ਮਾਮਲਾ ਦਰਜ
Chitta Overdose Death: (ਜਗਤਾਰ ਜੱਗਾ) ਗੋਨਿਆਣਾ ਮੰਡੀ। ਬੇਸ਼ੱਕ ਪੰਜਾਬ ਸਰਕਾਰ ਅਤੇ ਪੁਲਿਸ ਵਿਭਾਗ ਵੱਲੋਂ ਸੂਬੇ ਨੂੰ ਨਸ਼ਾ ਮੁਕਤ ਕਰਨ ਦੇ ਲੱਖ ਦਾਅਵੇ ਕੀਤੇ ਜਾ ਰਹੇ ਹਨ ਪ੍ਰੰਤੂ ਚਿੱਟਾ ਪਿੰਡਾਂ ’’ਚ ਪਹਿਲਾ ਦੀ ਤਰ੍ਹਾਂ ਹੀ ਆਮ ਵਿਕਦਾ ਹੈ, ਜਿਸ ਦਾ ਸੇਵਨ ਕਰਕੇ ਆਏ ਦਿਨ ਨੌਜ਼ਵਾਨ ਮਰ ਰਹੇ ਹਨ। ਤਾਜ਼ਾ ਮਾਮਲਾ ਥਾਣਾ ਨੇਹੀਆਵਾਲਾ ਅਧੀਨ ਪੈਂਦੇ ਪਿੰਡ ਗੰਗਾ ਵਿਖੇ ਸਾਹਮਣੇ ਆਇਆ ਹੈ ਜਿੱਥੇ ਮਾਪਿਆ ਦੇ ਇਕਲੌਤੇ ਨੌਜ਼ਵਾਨ ਪੁੱਤ ਦੀ ਚਿੱਟੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ, ਉਸ ਦੀ ਲਾਸ਼ ਡਰੇਨ ਨਜ਼ਦੀਕ ਪਿੰਡ ਦਾਨ ਸਿੰਘ ਵਾਲਾ ਤੋਂ ਮਿਲੀ ਹੈ। ਇਸ ਥਾਣੇ ਅਧੀਨ ਦਸ ਦਿਨਾਂ ’’ਚ ਚਿੱਟੇ ਕਾਰਨ ਇਹ ਦੂਸਰੀ ਮੌਤ ਹੈ। ਇਸ ਤੋਂ ਪਹਿਲਾ ਪਿੰਡ ਹਰਰਾਏਪੁਰ ਵਿਖੇ ਵੀ ਚਿੱਟੇ ਨਾਲ ਮਾਪਿਆ ਦੇ ਇਕਲੌਤੇ ਪੁੱਤ ਦੀ ਮੌਤ ਹੋ ਗਈ ਸੀ।
ਪਿੰਡ ਗੰਗਾ ਦਾ ਮ੍ਰਿਤਕ ਨੌਜ਼ਵਾਨ ਬੋਹੜ ਸਿੰਘ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ। ਮ੍ਰਿਤਕ ਦੇ ਪਿਤਾ ਦੀ ਵੀ ਸਾਲ ਪਹਿਲਾ ਮੌਤ ਹੋ ਚੁੱਕੀ ਹੈ, ਭੈਣਾਂ ਵਿਆਹੀਆਂ ਹੋਈਆਂ ਹਨ ਹੁਣ ਘਰ ’ਚ ਇਕੱਲੀ ਮਾਂ ਰਹਿ ਗਈ ਹੈ। ਬੋਹੜ ਸਿੰਘ ਹਾਲੇ ਕੁਆਰਾ ਸੀ। ਉਹ ਪਿੰਡ ’ਚੋਂ ਹੀ ਕਿਸੇ ਤੋਂ ਨਸ਼ਾ ਖਰੀਦਦਾ ਸੀ। ਪੁਲਿਸ ਵੱਲੋਂ ਮ੍ਰਿਤਕ ਬੋਹੜ ਸਿੰਘ ਦੀ ਮਾਂ ਸਬਰਜੀਤ ਕੌਰ ਦੇ ਬਿਆਨਾਂ ’ਤੇ ਅਮਨਦੀਪ ਸਿੰਘ ਪੁੱਤਰ ਜਗਸੀਰ ਸਿੰਘ ਵਾਸੀ ਗੰਗਾ ਵਿਰੁੱਧ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਪਿੰਡ ਦੀ ਸਰਪੰਚ ਸੁਖਜਿੰਦਰ ਕੌਰ ਦੇ ਲੜਕੇ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਜਦ ਦੀ ਨਵੀ ਪੰਚਾਇਤ ਬਣੀ ਹੈ, ਉਹ ਲਗਾਤਾਰ ਚਿੱਟੇ ਵਾਲਿਆਂ ਦਾ ਵਿਰੋਧ ਕਰ ਰਹੇ ਹਨ।
ਇਹ ਵੀ ਪੜ੍ਹੋ: Land Pooling News: ਲੈਂਡ ਪੂੁਲਿੰਗ ਸਕੀਮ ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਫੈਸਲਾ, ਜਾਣੋ
ਉਨ੍ਹਾਂ ਦੱਸਿਆ ਕਿ ਪੰਚਾਇਤ ਵੱਲੋਂ ਅੱਜ ਵੀ ਇਕੱਠ ਕੀਤਾ ਗਿਆ। ਉਹਨਾਂ ਕਿਹਾ ਕਿ ਨਸ਼ਾ ਤਸਕਰ ਹਾਲੇ ਵੀ ਨਸ਼ਾ ਵੇਚਣਾ ਬੰਦ ਕਰ ਦੇਣ, ਹਾਲੇ ਇੱਕ ਮੌਤ ਹੋਈ ਜੇਕਰ ਨਸ਼ਾ ਬੰਦ ਨਾ ਕੀਤਾ ਗਿਆ ਤਾਂ ਪਤਾ ਨਹੀਂ ਕਿੰਨੇ ਕੁ ਨੌਜਵਾਨ ਆਪਣੀ ਜਾਨ ਗੁਆ ਦੇਣਗੇ। ਉਨ੍ਹਾਂ ਦੱਸਿਆ ਕਿ ਹਾਲੇ ਵੀ ਪਿੰਡ ’ਚ 20 ਦੇ ਕਰੀਬ ਨੌਜ਼ਵਾਨ ਅਜਿਹੇ ਹਨ ਜਿਹੜੇ ਚਿੱਟੇ ਦਾ ਸ਼ਿਕਾਰ ਹਨ। ਉਨ੍ਹਾਂ ਦੱਸਿਆ ਕਿ ਬੋਹੜ ਸਿੰਘ ਦੀ ਮੌਤ ਹੋਣ ਕਾਰਨ ਉਸ ਦਾ ਸਾਰਾ ਘਰ ਖਾਲੀ ਹੋ ਗਿਆ ਹੈ। Chitta Overdose Death