Canada News: 23 ਸਾਲਾਂ ਨੌਜਵਾਨ ਨੇ ਕੈਨੇਡਾ ’ਚ ਫਾਹਾ ਲੈ ਕੇ ਕੀਤੀ ਖੁਦਕੁਸ਼ੀ

Canada News
Canada News: 23 ਸਾਲਾਂ ਨੌਜਵਾਨ ਨੇ ਕੈਨੇਡਾ ’ਚ ਫਾਹਾ ਲੈ ਕੇ ਕੀਤੀ ਖੁਦਕੁਸ਼ੀ

Canada News: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਜ਼ਿਲ੍ਹਾ ਫ਼ਰੀਦਕੋਟ ਦੇ ਪਿੰਡ ਪੱਕਾ ਨੰਬਰ ਇੱਕ ਦੇ ਰਹਿਣ ਵਾਲੇ 23 ਸਾਲਾ ਨੌਜਵਾਨ ਆਕਾਸ਼ਦੀਪ ਸਿੰਘ ਵੱਲੋਂ ਕੈਨੇਡਾ ਵਿਖੇ ਫਾਹਾ ਲਾ ਕੇ ਖੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਆਕਾਸ਼ਦੀਪ ਸਿੰਘ ਤਕਰੀਬਨ 2 ਸਾਲ ਪਹਿਲਾਂ ਸਟੱਡੀ ਵੀਜੇ ’ਤੇ ਕੈਨੇਡਾ ਗਿਆ ਸੀ ਅਤੇ ਇੰਨੀ ਦਿਨੀ ਕੰਮ ਕਾਰ ਨਾ ਮਿਲਣ ਦੇ ਚੱਲਦਿਆਂ ਮਾਨਸਿਕ ਤੌਰ ’ਤੇ ਪਰੇਸ਼ਾਨ ਚੱਲ ਰਿਹਾ ਸੀ ਜਿਸ ਦੇ ਚੱਲਦਿਆਂ ਉਸਨੇ ਇਹ ਕਦਮ ਚੁੱਕਿਆ।

ਇਸ ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਪਿੰਡ ਪੱਕਾ ਵਿਖੇ ਉਸਦੇ ਘਰ ਮਾਤਮ ਦਾ ਮਾਹੌਲ ਹੈ ਅਤੇ ਪਰਿਵਾਰ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਭਾਰਤ ਲਿਆਉਣ ਵਾਸਤੇ ਮੱਦਦ ਕਰਨ ਦੀ ਅਪੀਲ ਕੀਤੀ ਹੈ। ਜਾਣਕਾਰੀ ਦੇ ਮੁਤਾਬਕ ਪਿੰਡ ਪੱਕਾ ਦੇ ਰਹਿਣ ਵਾਲੇ ਬੋਹੜ ਸਿੰਘ ਦਾ 23 ਸਾਲਾ ਬੇਟਾ ਆਕਾਸ਼ਦੀਪ ਸਿੰਘ ਕਰੀਬ ਦੋ ਸਾਲ ਪਹਿਲਾਂ ਸਟੱਡੀ ਵੀਜੇ ’ਤੇ ਕੈਨੇਡਾ ਗਿਆ ਸੀ ਅਤੇ ਪੜ੍ਹਾਈ ਦੇ ਨਾਲ-ਨਾਲ ਖਰਚਾ ਚਲਾਉਣ ਲਈ ਉਹ ਉੱਥੇ ਕੰਮ ਵੀ ਕਰ ਰਿਹਾ ਸੀ। ਇੰਨੀ ਦਿਨੀ ਕੰਮ ਕਾਰ ਦੀ ਘਾਟ ਹੋਣ ਦੇ ਕਾਰਨ ਉਹ ਮਾਨਸਿਕ ਤੌਰ ’ਤੇ ਪਰੇਸ਼ਾਨ ਚੱਲ ਰਿਹਾ ਸੀ ਜਿਸ ਦੇ ਬਾਰੇ ਉਸਨੇ ਪਰਿਵਾਰ ਦੇ ਨਾਲ ਵੀ ਕੋਈ ਗੱਲਬਾਤ ਨਹੀਂ ਕੀਤੀ ਅਤੇ ਇੱਕ ਦਿਨ ਪਹਿਲਾਂ ਉਸਨੇ ਕੈਨੇਡਾ ਵਿਖੇ ਆਪਣੇ ਘਰ ਦੇ ਗੈਰਾਜ ਵਿੱਚ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ। ਉਸਦੇ ਸਾਥੀਆਂ ਵੱਲੋਂ ਇਸ ਗੱਲ ਦੀ ਸੂਚਨਾ ਪਰਿਵਾਰ ਨੂੰ ਪਹੁੰਚਾਈ ਗਈ ਜਿਸ ਤੋਂ ਬਾਅਦ ਪਰਿਵਾਰ ਵਿੱਚ ਮਾਤਮ ਦਾ ਮਾਹੌਲ ਹੈ। Canada News

ਇਹ ਵੀ ਪੜ੍ਹੋ: Sikander Singh Maluka: ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਸਿਹਤ ਵਿਗੜੀ

ਇਸ ਮਾਮਲੇ ਵਿੱਚ ਮ੍ਰਿਤਕ ਨੌਜਵਾਨ ਦੇ ਪਿਤਾ ਬੋਹੜ ਸਿੰਘ ਅਤੇ ਰਿਸ਼ਤੇਦਾਰ ਵਰਿੰਦਰ ਸਿੰਘ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਨਾਂ ਨੂੰ ਆਕਾਸ਼ਦੀਪ ਸਿੰਘ ਦੇ ਸਾਥੀਆਂ ਵੱਲੋਂ ਹੀ ਇਹ ਜਾਣਕਾਰੀ ਦਿੱਤੀ ਗਈ। ਹਾਲਾਂਕਿ ਇੱਕ ਦਿਨ ਪਹਿਲਾਂ ਹੀ ਉਸਦੀ ਪਰਿਵਾਰਕ ਮੈਂਬਰਾਂ ਦੇ ਨਾਲ ਗੱਲਬਾਤ ਹੋਈ ਸੀ ਅਤੇ ਉਸ ਵੱਲੋਂ ਕਿਸੇ ਤਰ੍ਹਾਂ ਦੇ ਮਾਨਸਿਕ ਤਨਾਵ ਦੇ ਬਾਰੇ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਉਹਨਾਂ ਨੂੰ ਸਮਝ ਨਹੀਂ ਲੱਗ ਰਹੀ ਕਿ ਉਸਨੇ ਇਹ ਕਦਮ ਕਿਉ ਚੁੱਕਿਆ ਉਹਨਾਂ ਕਿਹਾ ਕਿ ਉਸ ਦੀ ਲਾਸ਼ ਨੂੰ ਭਾਰਤ ਲਿਆਉਣ ਵਾਸਤੇ ਕਨੇਡਾ ਚ ਰਹਿੰਦੇ ਉਹਨਾਂ ਦੇ ਰਿਸ਼ਤੇਦਾਰਾਂ ਅਤੇ ਦੋਸਤ ਮਿੱਤਰਾਂ ਵੱਲੋਂ ਫੰਡ ਇਕੱਤਰਿਤ ਕੀਤਾ ਜਾ ਰਿਹਾ ਹੈ ਅਤੇ ਉਹਨਾਂ ਨੇ ਪ੍ਰਸ਼ਾਸਨ ਅਤੇ ਸਰਕਾਰ ਤੋਂ ਵੀ ਮੱਦਦ ਦੀ ਗੁਹਾਰ ਲਾਈ ਹੈ।