Drug Bust In Punjab: ਪੁਲਿਸ ਵੱਲੋਂ ਨਸ਼ਾ ਸਪਲਾਈ ਦੇ ਅੰਤਰਰਾਜੀ ਰੈਕਟ ਦਾ ਪਰਦਾਫਾਸ਼

Drug Bust In Punjab
Drug Bust In Punjab

2 ਮੁਲਜ਼ਮ ਕਾਬੂ, 1 ਕਿੱਲੋ 50 ਗ੍ਰਾਮ ਹੈਰੋਇਨ ਬਰਾਮਦ

Drug Bust In Punjab: (ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ) ਸੰਗਰੂਰ। ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ ਨਸ਼ੇ ਸਪਲਾਈ ਦੇ ਅੰਤਰਰਾਜੀ ਰੈਕਟ ਦਾ ਪਰਦਾਫਾਸ਼ ਕਰਕੇ 2 ਕਥਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ 1 ਕਿੱਲੋ 50 ਗ੍ਰਾਮ ਹੈਰੋਇਨ ਬ੍ਰਾਮਦ ਕਰਵਾਈ ਗਈ ਹੈ। ਇਸ ਮੌਕੇ ਸਰਤਾਜ ਸਿੰਘ ਚਾਹਲ ਆਈ.ਪੀ.ਐਸ., ਐਸ.ਐਸ.ਪੀ. ਸੰਗਰੂਰ ਨੇ ਦੱਸਿਆ ਕਿ 22 ਜੁਲਾਈ ਨੂੰ ਕਥਿਤ ਦੋਸ਼ੀ ਰਵੀ ਵਾਸੀ ਜਾਖਲ ਜ਼ਿਲ੍ਹਾ ਫਤਿਆਬਾਦ (ਹਰਿਆਣਾ) ਨੂੰ 50 ਗ੍ਰਾਮ ਹੈਰੋਇਨ/ਚਿੱਟਾ ਸਮੇਤ ਕਾਬੂ ਕਰਕੇ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਹ ਇਹ ਹੈਰੋਇਨ ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਹਰਵਿੰਦਰ ਸਿੰਘ ਉਰਫ ਨਿੰਦਾ ਵਾਸੀ ਪਿੰਡ ਚੀਚਾ ਥਾਣਾ ਘਰਿੰਡਾ ਜ਼ਿਲ੍ਹਾ ਅੰਮ੍ਰਿਤਸਰ ਪਾਸੋਂ ਖਰੀਦ ਕੇ ਲੈ ਕੇ ਆਉਂਦਾ ਹੈ ਅਤੇ ਅੱਗੇ ਵੇਚਦਾ ਹੈ। ਜਿਸ ਦੇ ਅਧਾਰ ’ਤੇ ਹਰਪ੍ਰੀਤ ਸਿੰਘ ਉਰਫ ਹੈਪੀ ਉਕਤ ਨੂੰ ਮੁਕੱਦਮੇ ਵਿੱਚ ਨਾਮਜ਼ਦ ਕੀਤਾ ਗਿਆ।

ਤਫਤੀਸ਼ ਦੌਰਾਨ ਦਵਿੰਦਰ ਅੱਤਰੀ, ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਸੰਗਰੂਰ ਦੀ ਨਿਗਰਾਨੀ ਹੇਠ ਦੀਪਇੰਦਰਪਾਲ ਸਿੰਘ ਜੇਜੀ ਉਪ ਕਪਤਾਨ ਪੁਲਿਸ ਸਬ ਡਵੀਜਨ ਲਹਿਰਾ ਦੀ ਅਗਵਾਈ ਹੇਠ ਇੰਸਪੈਕਟਰ ਸੰਦੀਪ ਸਿੰਘ ਇੰਚਾਰਜ ਸੀ.ਆਈ.ਏ. ਬਹਾਦਰ ਸਿੰਘ ਵਾਲਾ ਅਤੇ ਥਾਣੇਦਾਰ ਕਰਮਜੀਤ ਸਿੰਘ ਮੁੱਖ ਅਫਸਰ ਥਾਣਾ ਲਹਿਰਾ ਸਮੇਤ ਪੁਲਿਸ ਪਾਰਟੀ ਦੀਆਂ ਟੀਮਾਂ ਬਣਾ ਕੇ ਰੇਡ ਕਰਕੇ ਕਥਿਤ ਦੋਸੀ ਹਰਪ੍ਰੀਤ ਸਿੰਘ ਉਰਫ ਹੈਪੀ ਨੂੰ ਸਮੇਤ 01 ਕਿੱਲੋ ਹੈਰੋਇਨ/ਚਿੱਟਾ ਦੇ ਗ੍ਰਿਫ਼ਤਾਰ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ। ਉਕਤ ਤੋਂ ਪੁੱਛ-ਗਿੱਛ ਜਾਰੀ ਹੈ, ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ: Divya Deshmukh: ਮਹਿਲਾ ਸ਼ਤਰੰਜ ਵਿਸ਼ਵ ਚੈਂਪੀਅਨ 2025: 19 ਸਾਲਾ ਦਿਵਿਆ ਦੇਸ਼ਮੁਖ ਨੇ ਇਤਿਹਾਸ ਰਚਿਆ

ਇਸ ਤੋਂ ਇਲਾਵਾ ਥਾਣਾ ਲਹਿਰਾ ਪੁਲਿਸ ਵੱਲੋਂ ਚੋਰੀ/ਖੋਹ ਦੇ 02 ਮੁਕੱਦਮੇ ਟਰੇਸ ਕਰਕੇ 5 ਕਥਿਤ ਦੋਸ਼ੀ ਗ੍ਰਿਫ਼ਤਾਰ ਕਰਕੇ ਚੋਰੀ ਦੀਆਂ 11 ਵਾਸਿੰਗ ਮਸ਼ੀਨਾਂ, 11 ਏ ਸੀ, 05 ਮੋਟਰਸਾਈਕਲ ਅਤੇ ਵਾਰਦਾਤ ਸਮੇਂ ਵਰਤੀ ਪਿੱਕਅਪ ਗੱਡੀ ਬਿਨਾਂ ਨੰਬਰੀ ਬਰਾਮਦ ਕਰਵਾਈ ਗਈ। ਥਾਣਾ ਲਹਿਰਾ ਵਿਖੇ ਅਣਪਛਾਤਿਆਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ।

ਤਫਤੀਸ ਦੌਰਾਨ 11 ਜੁਲਾਈ ਨੂੰ ਪਵਨ ਵਾਸੀ ਚੂੜਲ ਕਲਾਂ, ਮੁਨੀਸ਼ ਕੁਮਾਰ ਵਾਸੀ ਜਾਖਲ, ਹਰਦੀਪ ਸਿੰਘ ਉਰਫ ਹੈਪੀ ਮਿਸਤਰੀ ਵਾਸੀ ਬਖੋਰਾ ਕਲਾਂ, ਹਰਦੀਪ ਸਿੰਘ ਉਰਫ ਦੀਪ ਵਾਸੀ ਧਾਰਸੂਲ ਥਾਣਾ ਕੁਲਾਂ (ਹਰਿਆਣਾ) ਨੂੰ ਗ੍ਰਿਫ਼ਤਾਰ ਕਰਕੇ ਉਹਨਾਂ ਦੇ ਕਬਜ਼ੇ ਵਿੱਚੋਂ ਚੋਰੀਸ਼ੁਦਾ 11 ਵਾਸ਼ਿੰਗ ਮਸ਼ੀਨਾਂ, 11ਏ ਸੀ ਅਤੇ 01 ਮੋਟਰਸਾਈਕਲ ਸਮੇਤ ਵਾਰਦਾਤ ਸਮੇਂ ਵਰਤੀ ਪਿੱਕਅਪ ਗੱਡੀ ਬਿਨਾਂ ਨੰਬਰੀ ਬਰਾਮਦ ਕਰਵਾਈ ਗਈ। ਇਸੇ ਤਰ੍ਹਾਂ ਇੱਕ ਹੋਰ ਮਾਮਲੇ ’ਚ ਕਥਿਤ ਦੋਸੀ ਲਵਪ੍ਰੀਤ ਸਿੰਘ ਉਰਫ ਲਵੀ ਵਾਸੀ ਹਮੀਰਗੜ੍ਹ ਥਾਣਾ ਮੂਣਕ ਨੂੰ ਗ੍ਰਿਫ਼ਤਾਰ ਕਰਕੇ ਉਸ ਪਾਸੋਂ ਚੋਰੀਸ਼ੁਦਾ 04 ਮੋਟਰਸਾਈਕਲ ਬ੍ਰਾਮਦ ਕੀਤੇ ਗਏ। ਤਫਤੀਸ਼ ਜਾਰੀ ਹੈ, ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।