ਰਾਜਪਾਲ ਗੁਲਾਬ ਚੰਦ ਕਟਾਰੀਆ, ਮੁੱਖ ਮੰਤਰੀ ਭਗਵੰਤ ਮਾਨ ਸਣੇ ਵੱਖ-ਵੱਖ ਸਖਸੀਅਤਾਂ ਅੰਤਿਮ ਸਸਕਾਰ ਮੌਕੇ ਰਹੀਆਂ ਹਾਜ਼ਰ
Fauja Singh Funeral News: (ਸੱਚ ਕਹੂੰ ਨਿਊਜ਼) ਜਲੰਧਰ। ਦੁਨੀਆ ਦੇ ਸਭ ਤੋਂ ਵਧ ਉਮਰ ਦੇ ਦੌੜਾਕ ਫੌਜਾ ਸਿੰਘ (114) ਦਾ ਅੰਤਿਮ ਸਸਕਾਰ ਉਨ੍ਹਾਂ ਦੇ ਜੱਦੀ ਪਿੰਡ ਬਿਆਸ ਪਿੰਡ ਵਿਖੇ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ। ਉਨ੍ਹਾਂ ਦੇ ਪੁੱਤਰਾਂ ਨੇ ਉਨ੍ਹਾਂ ਦੀ ਚਿਖਾ ਨੂੰ ਅਗਨੀ ਦਿੱਤੀ। ਇਸ ਦੌਰਾਨ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ, ਮੁੱਖ ਮੰਤਰੀ ਭਗਵੰਤ ਮਾਨ ਸਣੇ ਕੈਬਨਿਟ ਮੰਤਰੀ ਮੋਹਿੰਦਰ ਸਿੰਘ ਭਗਤ ਤੇ ਕਈ ਹੋਰ ਸਖਸੀਅਤਾਂ ਨੇ ਵੀ ਮਰਹੂਮ ਫੌਜਾ ਸਿੰਘ ਨੂੰ ਸ਼ਰਧਾਂਜਲੀ ਦਿੱਤੀ।
ਮੁੱਖ ਮੰਤਰੀ ਨੇ ਪਿੰਡ ਦੇ ਸਟੇਡੀਅਮ ’ਚ ਫੌਜਾ ਸਿੰਘ ਦਾ ਬੁੱਤ ਲਾਉਣ ਦਾ ਕੀਤਾ ਐਲਾਨ
ਇਸ ਮੌਕੇ ਸ਼ਰਧਾਂਜਲੀ ਭੇਂਟ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਫੌਜਾ ਸਿੰਘ ਨੇ ਕਈ ਮੈਰਾਥਨ ਜਿੱਤ ਕੇ ਦੇਸ਼ ਦੇ ਨਾਲ-ਨਾਲ ਦੁਨੀਆ ਵਿੱਚ ਪੰਜਾਬ ਦਾ ਨਾਂਅ ਚਮਕਾਇਆ ਹੈ। ਉਨ੍ਹਾਂ ਕਿਹਾ ਕਿ ਪਿੰਡ ਦੇ ਸਕੂਲ ਦਾ ਨਾਂਅ ਫੌਜਾ ਸਿੰਘ ਦੇ ਨਾਂਅ ’ਤੇ ਰੱਖਿਆ ਜਾਵੇਗਾ ਅਤੇ ਪਿੰਡ ਦੇ ਸਟੇਡੀਅਮ ’ਚ ਉਨ੍ਹਾਂ ਦਾ ਬੁੱਤ ਵੀ ਲਾਇਆ ਜਾਵੇਗਾ। ਮੁੱਖ ਮੰਤਰੀ ਕਿਹਾ ਕਿ ਜੇਕਰ ਸਰੀਰ ਤੰਦਰੁਸਤ ਹੈ ਤਾਂ ਤੁਸੀਂ ਚੰਗੀ ਜ਼ਿੰਦਗੀ ਜੀਅ ਸਕਦੇ ਹੋ। ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਵਿੱਚ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਹੋਵੇਗਾ ਅਤੇ ਖੇਡਾਂ ਨਾਲ ਜੋੜਨਾ ਹੋਵੇਗਾ ਤੇ ਦੇਸ਼ ਦੇ ਨੌਜਵਾਨਾਂ ਨੂੰ ਬਚਾਉਣਾ ਹੋਵੇਗਾ।

ਇਹ ਵੀ ਪੜ੍ਹੋ: PM Modi: 23-24 ਜੁਲਾਈ ਨੂੰ ਯੂਕੇ ਦੌਰੇ ’ਤੇ ਰਹਿਣਗੇ ਪ੍ਰਧਾਨ ਮੰਤਰੀ ਮੋਦੀ
ਰਾਜਪਾਲ ਗੁਲਾਬਚੰਦ ਕਟਾਰੀਆ ਨੇ ਕਿਹਾ ਕਿ ਫੌਜਾ ਸਿੰਘ ਨੌਜਵਾਨ ਪੀੜ੍ਹੀ ਲਈ ਪ੍ਰੇਰਨਾ ਸਰੋਤ ਸਨ। ਉਨ੍ਹਾਂ ਨੇ ਕਈ ਮੈਰਾਥਨ ਜਿੱਤੀਆਂ ਅਤੇ ਦੇਸ਼ ਦਾ ਨਾਂਅ ਰੌਸ਼ਨ ਕੀਤਾ। ਆਉਣ ਵਾਲੀ ਪੀੜ੍ਹੀ ਅਤੇ ਮੌਜੂਦਾ ਪੀੜ੍ਹੀ ਨੂੰ ਉਨ੍ਹਾਂ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ ਦੌੜਾਕ ਫੌਜਾ ਸਿੰਘ ਨੂੰ ਪਿਛਲੇ ਸੋਮਵਾਰ ਇੱਕ ਤੇਜ਼ ਰਫ਼ਤਾਰ ਕਾਰ ਨੇ ਟੱਕਰ ਮਾਰ ਦਿੱਤੀ ਸੀ, ਜਿਸ ਕਾਰਨ ਉਨ੍ਹਾਂ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ। ਇਸ ਮਾਮਲੇ ਵਿੱਚ, ਪੁਲਿਸ ਨੇ ਸਖ਼ਤ ਕਾਰਵਾਈ ਕਰਦਿਆਂ ਕੈਨੇਡਾ ਤੋਂ ਇੱਕ ਐਨਆਰਆਈ ਨੂੰ ਗ੍ਰਿਫ਼ਤਾਰ ਕਰ ਲਿਆ ਹੈ।