ਕੈਨੇਡਾ ਵੱਸਦੀ ਇੱਕ ਲੜਕੀ ਨੇ ਮਾਂ, ਭਰਾ ਤੇ ਇੱਕ ਹੋਰ ਨਾਲ ਰਲ ਕੇ ਸੱਤ ਨੌਜਵਾਨਾਂ ਨਾਲ ਲੱਖਾਂ ਦੀ ਠੱਗੀ ਮਾਰੀ | Canada Fraud Case
Canada Fraud Case: (ਜਸਵੀਰ ਸਿੰਘ ਗਹਿਲ) ਲੁਧਿਆਣਾ। ਜ਼ਿਲ੍ਹਾ ਲੁਧਿਆਣਾ ਦੀ ਕੈਨੇਡਾ ਰਹਿੰਦੀ ਇੱਕ ਲੜਕੀ ਨੇ ਵਿਆਹ ਅਤੇ ਵਿਦੇਸ਼ ਵੱਸਣ ਦੇ ਸੁਫ਼ਨੇ ਦਿਖਾ ਕੇ ਸੱਤ ਨੌਜਵਾਨਾਂ ਨੂੰ ਲੱਖਾਂ ਰੁਪਏ ਦਾ ਚੂਨਾ ਲਾ ਦਿੱਤਾ। ਮਾਮਲੇ ਵਿੱਚ ਪੁਲਿਸ ਨੇ ਲੜਕੀ ਦੀ ਮਾਂ ਤੇ ਭਰਾ ਤੋਂ ਇਲਾਵਾ ਇੱਕ ਹੋਰ ਵਿਅਕਤੀ ਨੂੰ ਵੀ ਗ੍ਰਿਫਤਾਰ ਕੀਤਾ ਹੈ।
ਥਾਣਾ ਦੋਰਾਹਾ ਦੇ ਐਸਐਚਓ ਇੰਸਪੈਕਟਰ ਆਕਾਸ਼ ਦੱਤ ਨੇ ਦੱਸਿਆ ਕਿ ਲੜਕੀ ਦੀ ਪਹਿਚਾਣ ਹਰਪ੍ਰੀਤ ਕੌਰ ਅਤੇ ਉਸਦੀ ਮਾਂ ਦੀ ਪਹਿਚਾਣ ਸੁਖਦਰਸ਼ਨ ਕੌਰ ਵਜੋਂ ਹੋਈ ਹੈ। ਹਰਪ੍ਰੀਤ ਸਟੱਡੀ ਵੀਜ਼ੇ ’ਤੇ ਕੈਨੇਡਾ ਗਈ ਸੀ, ਜੋ ਮੌਜੂਦਾ ਸਮੇਂ ਵਰਕ ਪਰਮਿਟ ’ਤੇ ਉੱਥੇ ਰਹਿ ਰਹੀ ਹੈ। ਜਦੋਂਕਿ ਉਸਦੀ ਮਾਂ ਇੱਥੇ (ਖੰਨਾ) ਰਹਿ ਕੇ ਆਪਣੀ 24 ਵਰ੍ਹਿਆਂ ਦੀ ਧੀ ਦੀਆਂ ਤਸਵੀਰਾਂ ਅਤੇ ਵੀਡੀਓਜ ਦੇ ਸਹਾਰੇ ਨੌਜਵਾਨਾਂ ਨੂੰ ਉਸ ਨਾਲ ਵਿਆਹ ਕਰਵਾ ਕੇ ਕੈਨੇਡਾ ਵੱਸਣ ਦੇ ਸਬਜ਼ਬਾਗ ਦਿਖਾਉਂਦੀ ਤੇ ਆਪਣੇ ਜਾਲ ’ਚ ਫਸਾਉਂਦੀ ਸੀ। ਉਨਾਂ ਦੱਸਿਆ ਕਿ ਬਠਿੰਡਾ ਜ਼ਿਲ੍ਹੇ ਦੇ ਇੱਕ ਨੌਜਵਾਨ ਦੀ ਸ਼ਿਕਾਇਤ ’ਤੇ ਪੁਲਿਸ ਨੇ ਦੋਰਾਹਾ ਦੇ ਇੱਕ ਹੋਟਲ ’ਚ ਛਾਪੇਮਾਰੀ ਕੀਤੀ ਗਈ। ਜਿੱਥੇ ਲੰਘੀ 10 ਜੁਲਾਈ ਨੂੰ ਹਰਪ੍ਰੀਤ ਦੀ ਇੱਕ ਨੌਜਵਾਨ ਨਾਲ ਮੰਗਣੀ ਹੋਣੀ ਸੀ।
ਇਹ ਵੀ ਪੜ੍ਹੋ: Faridkot News: ਐਸਐਸਪੀ ਫਰੀਦਕੋਟ ਡਾ. ਪ੍ਰਗਿਆ ਜੈਨ ਵੱਲੋਂ ਪਬਲਿਕ ਨਾਲ ਮਿਲ ਕੇ ਉਹਨਾ ਦੀਆਂ ਮੁਸ਼ਕਿਲਾਂ ਸੁਣੀਆਂ
ਉਨਾਂ ਇਹ ਵੀ ਦੱਸਿਆ ਕਿ ਸੁਖਦਰਸ਼ਨ ਇੱਧਰ ਅਖ਼ਬਾਰਾਂ ’ਚ ‘ਵਰ ਦੀ ਲੋੜ’ ਦੇ ਇਸ਼ਤਿਹਾਰ ਪ੍ਰਕਾਸ਼ਿਤ ਕਰਵਾਉਂਦੀ ਸੀ ਅਤੇ ਸੰਪਰਕ ਕਰਨ ਵਾਲਿਆਂ ਨੂੰ ਆਪਣੇ ਜਾਲ ਵਿੱਚ ਫ਼ਸਾ ਲੈਂਦੀ ਸੀ। ਆਪਣੀ ਧੀ ਦਾ ਸਬੰਧਿਤ ਨੌਜਵਾਨ ਨਾਲ ਵਿਆਹ ਕਰਵਾਉਣ ’ਤੇ ਕੈਨੇਡਾ ਵੱਸਣ ਲਈ ਉਹ ਇੱਕ ਨੌਜਵਾਨ ਕੋਲੋਂ 20 ਲੱਖ ਮੰਗਦੀ ਅਤੇ 15 ਤੋਂ 18 ਲੱਖ ਦੇ ਵਿਚਕਾਰ ਸੌਦਾ ਤੈਅ ਕਰ ਦਿੰਦੀ ਸੀ। ਇਹ ਵੀ ਜਾਣਕਾਰੀ ਮਿਲੀ ਹੈ ਕਿ ਸੁਖਦਰਸ਼ਨ ਆਪਣੀ ਧੀ ਦੀ ਤਸਵੀਰ ਨਾਲ ਨੌਜਵਾਨ ਦਾ ਵਿਆਹ ਕਰਵਾ ਦਿੰਦੀ ਸੀ, ਜਿਸ ਤੋਂ ਬਾਅਦ ਹਰਪ੍ਰੀਤ ਪੜ੍ਹਾਈ ਜਾਂ ਬਿਮਾਰੀ ਦਾ ਬਹਾਨਾ ਬਣਾ ਕੇ ਸਬੰਧਿਤ ਨੌਜਵਾਨ ਕੋਲੋਂ ਸਮੇਂ-ਸਮੇਂ ’ਤੇ ਪੈਸੇ ਬਟੋਰਦੀ ਰਹਿੰਦੀ ਸੀ। Canada Fraud Case
ਮਾਮਲੇ ’ਚ ਪੁਲਿਸ ਵੱਲੋਂ ਸੱਤ ਪੀੜਤਾਂ ਦੀ ਪਛਾਣ ਕਰ ਲਈ ਗਈ ਹੈ, ਜਿੰਨ੍ਹਾਂ ਦੇ ਬਿਆਨਾਂ ਨੂੰ ਅਧਾਰ ਬਣਾ ਕੇ ਪੁਲਿਸ ਅਗਲੇਰੀ ਕਾਰਵਾਈ ’ਚ ਜੁਟ ਗਈ ਹੈ। ਇਸ ਦੇ ਨਾਲ ਹੀ ਛਾਪੇਮਾਰੀ ਦੌਰਾਨ ਪੁਲਿਸ ਨੇ ਸੁਖ਼ਦਰਸ਼ਨ ਕੌਰ ਤੇ ਉਸਦੇ ਬੇਟੇ ਮਨਪ੍ਰੀਤ ਸਿੰਘ ਵਾਸੀਆਨ ਵਾਸੀ ਰਾਏਕੋਟ ਤੇ ਅਸ਼ੋਕ ਕੁਮਾਰ ਵਾਸੀ ਛਪਾਰ ਨੂੰ ਗ੍ਰਿਫਤਾਰ ਕਰ ਲਿਆ।