Police Encounter News: ਮਸ਼ਹੂਰ ਕਾਰੋਬਾਰੀ ਦੇ ਕਤਲ ’ਚ ਸ਼ਾਮਲ ਦੋ ਮੁਲਜ਼ਮ ਮੁਕਾਬਲੇ ’ਚ ਢੇਰ

Police Encounter News
ਅਬੋਹਰ: ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਜੀਪੀ ਅਰਪਿਤ ਸ਼ੁਕਲਾ, ਨਾਲ ਡੀਆਈਜੀ ਹਰਮਨਬੀਰ ਸਿੰਘ ਗਿੱਲ, ਐਸਐਸਪੀ ਫਾਜਿਲਕਾ ਗੁਰਮੀਤ ਸਿੰਘ ਤੇ ਹੋਰ ਸੀਨੀ: ਪੁਲਿਸ ਅਧਿਕਾਰੀ। 

ਇੱਕ ਪੁਲਿਸ ਮੁਲਾਜ਼ਮ ਵੀ ਹੋਇਆ ਜਖ਼ਮੀ

Police Encounter News: (ਮੇਵਾ ਸਿੰਘ) ਅਬੋਹਰ। ਅਬੋਹਰ ਦੇ ਮਸ਼ਹੂਰ ਕੱਪੜਾ ਵਪਾਰੀ ਸੰਜੇ ਵਰਮਾ ਦੇ ਕਤਲ ਮਾਮਲੇ ’ਚ ਸ਼ਾਮਲ ਦੋ ਮੁਲਜ਼ਮ ਪੁਲਿਸ ਮੁਕਾਬਲੇ ਦੌਰਾਨ ਮਾਰੇ ਗਏ ਪੁਲਿਸ ਮੁਲਜ਼ਮਾਂ ਨੂੰ ਹਥਿਆਰ ਬਰਾਮਦ ਲਈ ਉਨ੍ਹਾਂ ਵੱਲੋਂ ਦੱਸੇ ਗਏ ਟਿਕਾਣੇ ’ਤੇ ਲੈ ਕੇ ਗਈ ਸੀ, ਜਿੱਥੇ ਇਹ ਮੁਕਾਬਲਾ ਹੋਇਆ ਇਸ ਮੁਕਾਬਲੇ ਦੌਰਾਨ ਇੱਕ ਪੁਲਿਸ ਮੁਲਾਜ਼ਮ ਵੀ ਜਖ਼ਮੀ ਹੋਇਆ ਹੈ, ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਆਈਜੀ ਫਿਰੋਜ਼ਪੁਰ ਰੇਂਜ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਕਾਰੋਬਾਰੀ ਸੰਜੇ ਵਰਮਾ ਦੇ ਕਤਲ ਮਾਮਲੇ ’ਚ ਫੜੇ ਗਏ ਦੋ ਮੁਲਜ਼ਮਾਂ ਰਾਮ ਰਤਨ ਅਤੇ ਜਸਪ੍ਰੀਤ ਤੋਂ ਹਥਿਆਰਾਂ ਅਤੇ ਉਹਨਾਂ ਵੱਲੋਂ ਸੁੱਟੇ ਗਏ ਹੋਰ ਸਮਾਨ ਦੀ ਬਰਾਮਦਗੀ ਲਈ ਪੁਲਿਸ ਜਦੋਂ ਉਹਨਾਂ ਨੂੰ ਅਬੋਹਰ ਦੇ ਪੰਜ ਪੀਰ ਟਿੱਬਾ ਇਲਾਕੇ ਵਿੱਚ ਲੈ ਕੇ ਗਈ ਤਾਂ ਉੱਥੇ ਉਨਾਂ ਦੇ ਕੁਝ ਹੋਰ ਸਾਥੀ ਵੀ ਹਥਿਆਰ ਲੱਭਣ ਲਈ ਆ ਗਏ ਤੇ ਉਨਾਂ ਵੱਲੋਂ ਸਾਹਮਣੇ ਕੀਤੀ ਗਈ ਫਾਇਰਿੰਗ ਦੌਰਾਨ ਪੁਲਿਸ ਨੂੰ ਸਵੈ ਰੱਖਿਆ ਲਈ ਗੋਲੀ ਚਲਾਉਣੀ ਪਈ।

ਇਹ ਵੀ ਪੜ੍ਹੋ: Market Committee Patiala: ਮਾਰਕੀਟ ਕਮੇਟੀ ਪਟਿਆਲਾ ਦੇ ਚੇਅਰਮੈਨ ਵੱਲੋਂ ਅਹੁਦਾ ਨਾ ਸੰਭਾਲਣਾ ਬਣਿਆ ‘ਬੁਝਾਰਤ’

ਇਸ ਕ੍ਰਾਸ ਫਾਇਰਿੰਗ ਦੌਰਾਨ ਇਹ ਦੋਵੇਂ ਮੁਲਜ਼ਮ ਮਾਰੇ ਗਏ ਜਦੋਂ ਕਿ ਇੱਕ ਪੁਲਿਸ ਕਰਮਚਾਰੀ ਵੀ ਜਖਮੀ ਹੋਇਆ ਹੈ ਜਿਸ ਨੂੰ ਇਲਾਜ ਲਈ ਅਬੋਹਰ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ। ਡੀਆਈਜੀ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਉਕਤ ਕੇਸ ਵਿੱਚ ਤਿੰਨ ਮੁਲਜ਼ਮ ਮੋਟਰਸਾਈਕਲ ਤੇ ਸਵਾਰ ਹੋ ਕੇ ਕਤਲ ਕਰਨ ਲਈ ਅੱਗੇ ਆਏ ਸਨ ਜਦੋਂਕਿ ਦੋ ਲੋਕ ਕਾਰ ਵਿੱਚ ਸਵਾਰ ਸਨ ਅਤੇ ਉਹਨਾਂ ਨੇ ਮੋਟਰਸਾਈਕਲ ਸਵਾਰਾਂ ਨੂੰ ਇਥੋਂ ਭੱਜਣ ਵਿੱਚ ਮਦਦ ਕੀਤੀ ਸੀ। ਇਹ ਸਾਰੇ ਲੋਕ ਆਪਸ ਵਿੱਚ ਹਮ ਮਸ਼ਵਰਾ ਸਨ ਅਤੇ ਇਹਨਾਂ ਨੇ ਮਿਲ ਕੇ ਹੀ ਇਸ ਹੱਤਿਆਕਾਂਡ ਨੂੰ ਅੰਜਾਮ ਦਿੱਤਾ ਸੀ।

ਮੁਲਜ਼ਮਾਂ ਨੂੰ ਹਥਿਆਰ ਬਰਾਮਦਗੀ ਲਈ ਲੈ ਕੇ ਗਈ ਸੀ ਪੁਲਿਸ

ਇਸ ਦੌਰਾਨ ਫੜੇ ਗਏ ਦੋਵਾਂ ਮੁਲਜ਼ਮਾਂ ਨੇ ਜਾਣਕਾਰੀ ਦਿੱਤੀ ਸੀ ਕਿ ਵਾਰਦਾਤ ਤੋਂ ਬਾਅਦ ਉਹ ਆਪਣੇ ਕੱਪੜੇ ਅਤੇ ਹਥਿਆਰ ਪੰਜ ਪੀਰ ਟਿੱਬੇ ਦੇ ਜੰਗਲੀ ਇਲਾਕੇ ਵਿੱਚ ਕਿੱਧਰੇ ਲੁਕਾ ਕੇ ਗਏ ਸਨ, ਜਿਨਾਂ ਦੀ ਬਰਾਮਦਗੀ ਲਈ ਪੁਲਿਸ ਪਾਰਟੀ ਉਹਨਾਂ ਨੂੰ ਉੱਥੇ ਲੈ ਕੇ ਗਈ ਸੀ, ਜਿੱਥੇ ਇਹ ਮੁਕਾਬਲਾ ਹੋਇਆ। ਉਹਨਾਂ ਨੇ ਦੱਸਿਆ ਕਿ ਬਾਕੀ ਮੁਲਜ਼ਮਾਂ ਦੀ ਭਾਲ ਜਾਰੀ ਹੈ ਅਤੇ ਪੁਲਿਸ ਨੂੰ ਇਸ ਸਬੰਧੀ ਵੱਡੇ ਸੁਰਾਗ ਲੱਗੇ ਹਨ ਅਤੇ ਛੇਤੀ ਹੀ ਬਾਕੀ ਮੁਲਜ਼ਮ ਵੀ ਪੁਲਿਸ ਵੱਲੋਂ ਕਾਬੂ ਕਰ ਲਏ ਜਾਣਗੇ । ਇਸ ਮੌਕੇ ਐਸਐਸਪੀ ਫਾਜ਼ਿਲਕਾ ਗੁਰਮੀਤ ਸਿੰਘ ਵੀ ਉਹਨਾਂ ਦੇ ਨਾਲ ਹਾਜ਼ਰ ਸਨ। ਐਸਐਸਪੀ ਫਾਜ਼ਿਲਕਾ ਗੁਰਮੀਤ ਸਿੰਘ ਨੇ ਦੱਸਿਆ ਕਿ ਮੌਕੇ ਵਾਰਦਾਤ ਤੋਂ ਇੱਕ ਪਿਸਟਲ ਬਰਾਮਦ ਵੀ ਬਰਾਮਦ ਹੋਇਆ ਹੈ।

ਬਾਕੀ ਮੁਲਜ਼ਮਾਂ ਦੀ ਭਾਲ ਜਾਰੀ: ਡੀਆਈਜੀ ਗਿੱਲ

ਪ੍ਰੈਸ ਕਾਨਫਰੰਸ ਵਿਚ ਜਾਣਕਾਰੀ ਦਿੰਦਿਆਂ ਏਡੀਜੀਪੀ ਅਰਪਿਤ ਸ਼ੁਕਲਾ ਅਤੇ ਡੀਆਈਜੀ ਹਰਮਨਬੀਰ ਸਿੰਘ ਗਿੱਲ, ਐਸਐਸਪੀ ਫਾਜਿਲਕਾ ਨੇ ਦੱਸਿਆ ਕਿ ਕਾਰੋਬਾਰੀ ਦੇ ਕਤਲ ਮਾਮਲੇ ’ਚ ਪੁਲਿਸ ਨੇ ਰਾਮ ਰਤਨ ਪੁੱਤਰ ਰਮੇਸ ਕੁਮਾਰ ਵਾਸੀ ਪਟਿਆਲਾ ਅਤੇ ਜਸਪ੍ਰੀਤ ਸਿੰਘ ਪੁੱਤਰ ਹਰਜੀਤ ਸਿੰਘ ਵਾਸੀ ਮਦਨਪੁਰ , ਸ਼ਕਤੀ ਕੁਮਾਰ ਪੁੱਤਰ ਹੰਸ ਰਾਜ ਵਾਸੀ ਅਜੀਮਗੜ ਸਮੇਤ ਦੋ ਹੋਰ ਅਣਪਛਾਤੇ ਨੌਜਵਾਨਾਂ ਖਿਲਾਫ ਮਾਮਲਾ ਦਰਜ ਕੀਤਾ ਸੀ। ਏਡੀਜੀਪੀ ਨੇ ਕਿਹਾ ਕਿ ਪੰਜਾਬ ਵਿਚ ਅਮਨ ਕਾਨੂੰਨ ਦੀ ਸਥਿਤੀ ਕਾਬੂ ’ਚ ਹੈ ਤੇ ਕਰੀਬ 90 ਫੀਸਦੀ ਗੈਗਸਟਰਾਂ ਨੂੰ ਕਾਬੂ ਕੀਤਾ ਜਾ ਚੁੱਕਿਆ ਹੈ। ਜ਼ਿਕਰਯੋਗ ਹੈ ਕਿ ਹਮਲਾਵਰਾਂ ਨੇ ਬੀਤੇ ਦਿਨੀਂ ਅਬੋਹਰ ਦੇ ਮਸ਼ਹੂਰ ਕਾਰੋਬਾਰੀ ਸੰਜੇ ਵਰਮਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ, ਜਿਸ ਦੇ ਰੋਸ ਵਜੋਂ ਦੁਕਾਨਦਾਰਾਂ ਨੇ ਬਜ਼ਾਰ ਬੰਦ ਰੱਖਿਆ ਸੀ । Police Encounter News