Punjab Health News: ਉਲਟੀਆਂ ਦਸਤ ਨਾਲ ਹੋਈਆਂ ਦੋ ਮੌਤਾਂ ਦੇ ਪਰਿਵਾਰ ਨੇ ਸਿਹਤ ਮੰਤਰੀ ਅੱਗੇ ਰੋਏ ਦੁਖੜੇ
- ਅਲੀਪੁਰ ਅਰਾਈਆਂ ਵਿਖੇ ਡਾਇਰੀਆ ਫੈਲਣ ਦੇ 56 ਮਾਮਲੇ ਆਏ ਸਾਹਮਣੇ | Punjab Health News
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪਟਿਆਲਾ ਦੇ ਪਿੰਡ ਅਲੀਪੁਰ ਅਰਾਈਆਂ ਵਿਖੇ ਡਾਇਰੀਆ ਫੈਲਣ ਕਾਰਨ ਇੱਕੋ ਪਰਿਵਾਰ ਦੇ ਦੋ ਜਣਿਆਂ ਦੀ ਮੌਤ ਹੋ ਜਾਣ ਕਾਰਨ ਇਲਾਕੇ ਵਿੱਚ ਡਰ ਦਾ ਮਾਹੌਲ ਹੈ। ਪਿੰਡ ਅਲੀਪੁਰ ਅਰਾਈਆਂ ਵਿਖੇ ਡਾਇਰੀਆ ਦੇ ਹੁਣ ਤੱਕ 56 ਮਾਮਲੇ ਸਾਹਮਣੇ ਆ ਚੁੱਕੇ ਹਨ । ਮੀਡੀਆ ਵਿੱਚ ਮਾਮਲਾ ਆਉਣ ਤੋਂ ਬਾਅਦ ਪੰਜਾਬ ਦੇ ਸਿਹਤ ਮੰਤਰੀ ਵੱਲੋਂ ਅੱਜ ਪਿੰਡ ਦਾ ਦੌਰਾ ਕਰਕੇ ਲੋਕਾਂ ਦਾ ਹਾਲ-ਚਾਲ ਪੁੱਛਿਆ ਗਿਆ ਅਤੇ ਸਿਹਤ ਵਿਭਾਗ ਨੂੰ ਡਾਇਰੀਆ ਦੀ ਰੋਕਥਾਮ ਲਈ ਸਖਤ ਕਦਮ ਚੁੱਕਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਇਕੱਤਰ ਵੇਰਵਿਆਂ ਅਨੁਸਾਰ ਹਲਕਾ ਸਨੌਰ ਦੇ ਪਿੰਡ ਅਲੀਪੁਰ ਅਰਾਈਆਂ ਜੋ ਕਿ ਨਗਰ ਨਿਗਮ ਪਟਿਆਲਾ ਅਧੀਨ ਵਾਰਡ ਨੰਬਰ 15 ਵਿੱਚ ਆਉਂਦਾ ਹੈ, ਇੱਥੇ ਪਿਛਲੇ ਕਈ ਦਿਨਾਂ ਤੋਂ ਲੋਕਾਂ ਨੂੰ ਪੀਣ ਵਾਲਾ ਗੰਦਾ ਪਾਣੀ ਮਿਲ ਰਿਹਾ ਸੀ। ਸਰਕਾਰੀ ਟੂਟੀਆਂ ਵਿੱਚ ਗੰਦਾ ਪਾਣੀ ਮਿਕਸ ਹੋਣ ਕਾਰਨ ਇੱਥੇ ਲੋਕਾਂ ਨੂੰ ਉਲਟੀਆਂ, ਦਸਤ ਆਦਿ ਲੱਗਣ ਕਾਰਨ ਬਿਮਾਰ ਹੋ ਗਏ, ਜਿਸ ਕਾਰਨ ਲਗਭਗ 70 ਸਾਲਾ ਤਾਰਾਵਤੀ ਦੀ ਉਲਟੀਆਂ ਤੇ ਦਸਤ ਲੱਗਣ ਕਾਰਨ ਮੌਤ ਹੋ ਗਈ। ਇਸੇ ਦੌਰਾਨ ਹੀ ਇਸੇ ਪਰਿਵਾਰ ਵਿੱਚ ਇੱਕ ਦੋ ਸਾਲਾ ਬੱਚੀ ਚਾਂਦਨੀ ਵੀ ਉਲਟੀਆਂ ਤੇ ਦਸਤ ਦਾ ਸ਼ਿਕਾਰ ਹੋ ਗਈ।
Read Also : Punjab News: ਪੰਜਾਬ ‘ਚ ਤੜਕਸਾਰ ਰੂਹ ਕੰਬਾਊ ਹਾਦਸਾ, ਬੱਸ ਤੇ ਕਾਰ ਦਰਮਿਆਨ ਭਿਆਨਕ ਟੱਕਰ, ਜਾਣੋ ਮੌਕੇ ਦਾ ਹਾਲ
ਮ੍ਰਿਤਕ ਤਾਰਾਵਤੀ ਦੀ ਬੇਟੀ ਪ੍ਰੇਮ ਲਤਾ ਨੇ ਦੱਸਿਆ ਕਿ ਉਸ ਦੀ ਮਾਤਾ ਦੀ ਮੌਤ ਡਾਇਰੀਆ ਫੈਲਣ ਕਾਰਨ ਹੀ ਹੋਈ ਹੈ ਕਿਉਂਕਿ ਪਿਛਲੇ ਦਿਨਾਂ ਤੋਂ ਉਹਨਾਂ ਦੇ ਮੁਹੱਲੇ ਵਿੱਚ ਗੰਦਾ ਪਾਣੀ ਆ ਰਿਹਾ ਸੀ ਜਿਸ ਨੂੰ ਪੀਣ ਨਾਲ ਹੀ ਉਹਨਾਂ ਦਾ ਪਰਿਵਾਰ ਬਿਮਾਰ ਹੋਇਆ ਹੈ। ਉਸਨੇ ਦੱਸਿਆ ਕਿ ਇਸ ਤੋਂ ਦੋ ਦਿਨਾਂ ਬਾਅਦ ਹੀ ਬੱਚੀ ਚਾਂਦਨੀ ਨੂੰ ਉਲਟੀਆਂ ਲੱਗ ਗਈਆਂ ਅਤੇ ਉਸਨੂੰ ਡਿਸਪੈਂਸਰੀ ਵਿੱਚੋਂ ਦਵਾਈ ਦਿੱਤੀ ਗਈ ਤਾਂ ਉਲਟੀਆਂ ਰੁਕ ਗਈਆਂ । ਇਸ ਤੋਂ ਬਾਅਦ ਰਾਤ ਨੂੰ ਉਸ ਨੂੰ ਦਸਤ ਲੱਗ ਗਏ ।
Punjab Health News
ਉਸ ਨੂੰ ਮਾਤਾ ਕੁਸ਼ੱਲਿਆ ਹਸਪਤਾਲ ਲਿਜਾਇਆ ਗਿਆ ਪਰ ਜਦੋਂ ਉਹ ਹਸਪਤਾਲ ਪੁੱਜੀ ਤਾਂ ਡਾਕਟਰ ਉਥੇ ਚਾਹ ਪੀਣ ਅਤੇ ਬਿਸਕੁਟ ਖਾਣ ਵਿੱਚ ਬਿਜ਼ੀ ਸਨ ਕੁਝ ਸਮੇਂ ਬਾਅਦ ਜਦੋਂ ਡਾਕਟਰ ਆਏ ਤਾਂ ਉਹਨਾਂ ਦੀ ਛੋਟੀ ਬੱਚੀ ਦੀ ਮੌਤ ਹੋ ਚੁੱਕੀ ਸੀ। ਉਨ੍ਹਾਂ ਦੋਸ਼ ਲਾਇਆ ਕਿ ਇਹ ਮੌਤ ਡਾਕਟਰਾਂ ਦੀ ਲਾਪਰਵਾਹੀ ਕਾਰਨ ਹੀ ਹੋਈ ਹੈ ਕਿਉਂਕਿ ਡਾਕਟਰਾਂ ਨੇ ਸਮੇਂ ਸਿਰ ਬੱਚੀ ਦੇ ਇਲਾਜ ਦੀ ਥਾਂ ਆਪਣੇ ਚਾਹ ਤੇ ਬਿਸਕੁਟਾਂ ਨੂੰ ਪਹਿਲ ਦਿੱਤੀ।
ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਅੱਜ ਪਿੰਡ ਅਲੀਪੁਰ ਰਾਈਆਂ ਵਿਖੇ ਦੌਰਾ ਕੀਤਾ ਗਿਆ ਅਤੇ ਇਸ ਦੌਰਾਨ ਉਹ ਮ੍ਰਿਤਕਾਂ ਦੇ ਪਰਿਵਾਰ ਨੂੰ ਵੀ ਮਿਲੇ। ਸਿਹਤ ਮੰਤਰੀ ਨੂੰ ਵੀ ਪੀੜਤ ਪਰਿਵਾਰ ਨੇ ਮਾਤਾ ਕੁਸ਼ੱਲਿਆ ਹਸਪਤਾਲ ਦੇ ਡਾਕਟਰਾਂ ਦੀ ਲਾਪਰਵਾਹੀ ਦੱਸੀ। ਪੀੜਤ ਪਰਿਵਾਰ ਤੋਂ ਪ੍ਰੇਮ ਲਤਾ ਨੇ ਡਾਕਟਰਾਂ ਦੇ ਚਾਹ ਪੀਣ ਅਤੇ ਬਿਸਕੁਟ ਖਾਣ ਵਿੱਚ ਵਿਅਸਤ ਹੋਣ ਦੀ ਕਹਾਣੀ ਡਾ. ਬਲਵੀਰ ਸਿੰਘ ਨੂੰ ਵੀ ਦੱਸੀ।
ਇਸ ਦੌਰਾਨ ਡਾਕਟਰ ਬਲਬੀਰ ਸਿੰਘ ਨੇ ਪੀੜਤ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਇਲਾਕੇ ਅੰਦਰ ਸਿਹਤ ਵਿਭਾਗ ਨੂੰ ਲੋਕਾਂ ਦੀ ਭਲਾਈ ਲਈ ਸਖਤ ਹਦਾਇਤਾਂ ਜਾਰੀ ਕੀਤੀਆਂ। ਇਸ ਦੌਰਾਨ ਲੋਕਾਂ ਨੇ ਦੱਸਿਆ ਕਿ ਨਗਰ ਨਿਗਮ ਦੀਆਂ ਟੂਟੀਆਂ ਵਿੱਚੋਂ ਲਗਾਤਾਰ ਗੰਦਾ ਪਾਣੀ ਆ ਰਿਹਾ ਹੈ, ਜਿਸ ਕਾਰਨ ਇੱਥੇ ਲੋਕ ਡਾਇਰੀਆ ਦਾ ਸ਼ਿਕਾਰ ਹੋਏ ਹਨ। ਇਸ ਮੌਕੇ ਸਿਹਤ ਮੰਤਰੀ ਨਾਲ ਪਟਿਆਲਾ ਦੇ ਮੇਅਰ ਕੁੰਦਨ ਗੋਗੀਆ, ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ ਸਮੇਤ ਹੋਰ ਅਮਲਾ ਫੈਲਾ ਵੀ ਮੌਜ਼ੂਦ ਸੀ।
ਸਿਹਤ ਮੰਤਰੀ ਨੇ ਡਾਈਰੀਆ ਰੋਕਥਾਮ ਲਈ ਦਿੱਤੀਆਂ ਤਤਕਾਲ ਹਦਾਇਤਾਂ
ਦੌਰੇ ਦੌਰਾਨ ਸਿਹਤ ਮੰਤਰੀ ਡਾ. ਬਲਵੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਪੀੜਤ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਨਾਲ ਚੱਟਾਨ ਵਾਂਗ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਡਾਇਰੀਆ ਦੀ ਰੋਕਥਾਮ ਲਈ ਉਹ ਖੁਦ ਨਿਗਰਾਨੀ ਕਰ ਰਹੇ ਹਨ ਅਤੇ ਬਿਮਾਰੀ ਨੂੰ ਜੜ੍ਹ ਤੋਂ ਖ਼ਤਮ ਕੀਤਾ ਜਾਵੇਗਾ। ਬਿਮਾਰ ਮਰੀਜ਼ਾਂ ਦਾ ਇਲਾਜ ਮੁਫ਼ਤ ਕੀਤਾ ਜਾ ਰਿਹਾ ਹੈ ਅਤੇ ਪਿੰਡ ਵਿੱਚ ਡਿਸਪੈਂਸਰੀਆਂ ਵੀ ਖੋਲ੍ਹੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸਿਹਤ ਟੀਮ ਵੱਲੋਂ ਲਗਾਤਾਰ ਪਾਣੀ ਦੀ ਟੈਸਟਿੰਗ ਵੀ ਕੀਤੀ ਜਾ ਰਹੀ ਹੈ।
ਸਬੰਧਿਤ ਅਧਿਕਾਰੀਆਂ ਦੀ ਛੇ ਮਹੀਨਿਆਂ ਦੀ ਤਨਖਾਹ ਪੀੜਤ ਪਰਿਵਾਰ ਨੂੰ ਦਿੱਤੀ ਜਾਵੇ : ਚੰਦੂਮਾਜਰਾ
ਇੱਧਰ ਸਾਬਕਾ ਵਿਧਾਇਕ ਹਰਿੰਦਰਪਾਲ ਚੰਦੂ ਮਾਜਰਾ ਵੀ ਪਿੰਡ ਅਲੀਪੁਰ ਅਰਾਈਆਂ ਵਿਖੇ ਪੁੱਜੇ ਜਿੱਥੇ ਕਿ ਉਨ੍ਹਾਂ ਪੀੜਤ ਪਰਿਵਾਰ ਨਾਲ ਮੁਲਾਕਾਤ ਕੀਤੀ। ਉਨ੍ਹਾਂ ਕਿਹਾ ਕਿ ਇੱਥੇ ਪਿਛਲੇ ਕਈ ਦਿਨਾਂ ਤੋਂ ਲੋਕਾਂ ਨੂੰ ਪੀਣ ਲਈ ਗੰਦਾ ਪਾਣੀ ਨਸੀਬ ਹੋ ਰਿਹਾ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਜ਼ੁਰਮਾਨੇ ਦੇ ਤੌਰ ’ਤੇ ਪੀੜਤ ਪਰਿਵਾਰ ਨੂੰ ਇੱਥੋਂ ਦੇ ਵਿਧਾਇਕ ਦੀ ਛੇ ਮਹੀਨਿਆਂ ਦੀ ਤਨਖਾਹ, ਨਗਰ ਨਿਗਮ ਦੇ ਕਮਿਸ਼ਨਰ ਦੀ ਛੇ ਮਹੀਨਿਆਂ ਦੀ ਤਨਖਾਹ ਅਤੇ ਸਬੰਧਤ ਅਧਿਕਾਰੀਆਂ ਦੇ ਛੇ ਮਹੀਨਿਆਂ ਦੀ ਤਨਖਾਹ ਜ਼ੁਰਮਾਨੇ ਦੇ ਤੌਰ ’ਤੇ ਪੀੜਤ ਪਰਿਵਾਰ ਨੂੰ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਹੋ ਜਾਵੇ ਤਾਂ ਅੱਗੇ ਤੋਂ ਕੋਈ ਵੀ ਅਧਿਕਾਰੀ ਅਣਗਹਿਲੀ ਵਰਤਣ ਦੀ ਕੋਸ਼ਿਸ਼ ਨਹੀਂ ਕਰੇਗਾ।