Road Accident: ਇੱਟਾਂ ਨਾਲ ਭਰੀ ਟਰਾਲੀ ਨਾਲ ਸਵਿਫਟ ਦੀ ਟੱਕਰ, ਨੌਜਵਾਨ ਦੀ ਮੌਤ

Road Accident
Road Accident: ਇੱਟਾਂ ਨਾਲ ਭਰੀ ਟਰਾਲੀ ਨਾਲ ਸਵਿਫਟ ਦੀ ਟੱਕਰ, ਨੌਜਵਾਨ ਦੀ ਮੌਤ

ਮੋਗਾ (ਵਿੱਕੀ ਕੁਮਾਰ)। Road Accident: ਮੋਗਾ ਜ਼ਿਲ੍ਹੇ ’ਚ ਅੱਜ ਸਵੇਰੇ ਇੱਕ ਦਿਲ ਦਹਿਲਾਉਣ ਵਾਲਾ ਸੜਕ ਹਾਦਸਾ ਵਾਪਰਿਆ, ਜਿਸ ’ਚ ਇੱਕ ਨੌਜਵਾਨ ਦੀ ਮੌਕੇ ’ਤੇ ਹੀ ਦਰਦਨਾਕ ਮੌਤ ਹੋ ਗਈ। ਹਾਸਲ ਹੋਏ ਵੇਰਵਿਆਂ ਮੁਤਾਬਕ, ਇੱਕ ਸਵਿਫਟ ਕਾਰ ਜੋ ਘੱਲਕਲਾਂ ਪਿੰਡ ਵੱਲੋਂ ਮੋਗਾ ਆ ਰਹੀ ਸੀ, ਜਦੋਂ ਉਹ ਜਥੇਦਾਰ ਤੋਤਾ ਸਿੰਘ ਦੀ ਕੋਠੀ ਨੇੜੇ ਸੜਕ ਕਿਨਾਰੇ ਖੜ੍ਹੀ ਇੱਕ ਇੱਟਾਂ ਨਾਲ ਭਰੀ ਟਰਾਲੀ ਨਾਲ ਜਾ ਟਕਰਾਈ। ਟੱਕਰ ਇੰਨੀ ਭਿਆਨਕ ਸੀ ਕਿ ਗੱਡੀ ਸਿੱਧੀ ਟਰਾਲੀ ਹੇਠਾਂ ਧਸ ਗਈ ਤੇ ਪੂਰੀ ਤਰ੍ਹਾਂ ਚਕਨਾ-ਚੂਰ ਹੋ ਗਈ।

ਇਹ ਖਬਰ ਵੀ ਪੜ੍ਹੋ : Kuldeep Dhaliwal: ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਨਾਲ ਜੁੜੀ ਵੱਡੀ ਖਬਰ

ਇੰਜਣ ਤੋਂ ਲੈ ਕੇ ਪਿੱਛਲੇ ਹਿੱਸੇ ਤੱਕ ਗੱਡੀ ਬੁਰੀ ਤਰ੍ਹਾਂ ਪਿਸ ਗਈ। ਇਸ ਹਾਦਸੇ ਦੌਰਾਨ ਕਾਰ ਚਲਾ ਰਿਹਾ ਨੌਜਵਾਨ, ਜਿਸ ਦੀ ਉਮਰ ਲਗਭਗ 34 ਸਾਲ ਦੀ ਦੱਸੀ ਜਾ ਰਹੀ ਹੈ, ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਮੌਕੇ ਵੇਖਣ ਵਾਲਿਆਂ ਨੇ ਦੱਸਿਆ ਕਿ ਟੱਕਰ ਇੰਨੀ ਤੇਜ਼ ਸੀ ਕਿ ਆਵਾਜ਼ ਨਾਲ ਹੀ ਲੋਕ ਦੌੜ ਕੇ ਮੌਕੇ ’ਤੇ ਪਹੁੰਚੇ। ਮੌਕੇ ’ਤੇ ਪੁਲਿਸ ਨੇ ਤੁਰੰਤ ਕਾਰਵਾਈ ਕੀਤੀ ਤੇ ਸਮਾਜ ਸੇਵਾ ਸੁਸਾਇਟੀ ਦੇ ਸੇਵਾਦਾਰਾਂ ਦੀ ਸਹਾਇਤਾ ਨਾਲ ਲਗਪਗ 4 ਘੰਟਿਆਂ ਦੀ ਮਿਹਨਤ ਤੋਂ ਬਾਅਦ ਟਰਾਲੀ ਤੇ ਗੱਡੀ ਨੂੰ ਵੱਖ ਕੀਤਾ ਗਿਆ।

ਸਮਾਜ ਸੇਵਾ ਸੁਸਾਇਟੀ ਦੀਆਂ ਦੋ ਐਂਬੂਲੈਂਸਾਂ ਤੇ ਮੌਜ਼ੂਦਾ ਲੋਕਾਂ ਦੇ ਸਹਿਯੋਗ ਨਾਲ ਨੌਜਵਾਨ ਦੀ ਲਾਸ਼ ਨੂੰ ਬਾਹਰ ਕੱਢ ਮੋਗਾ ਸਿਵਲ ਹਸਪਤਾਲ ਦੀ ਮੋਚਰੀ ਭੇਜ ਦਿੱਤਾ ਗਿਆ। ਇਸ ਮੌਕੇ ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਮ੍ਰਿਤਕ ਦੀ ਪਛਾਣ ਮਿੱਠੂ ਸਿੰਘ ਪੁੱਤਰ ਰੂਪ ਸਿੰਘ ਵਾਸੀ ਪਿੰਡ ਦਦਾਹੂਰ ਵਜੋਂ ਹੋਈ ਹੈ। ਮ੍ਰਿਤਕ ਦਾ ਹਾਲ ਹੀ ’ਚ ਵਿਆਹ ਹੋਇਆ ਹੈ, ਦੱਸਿਆ ਜਾ ਰਿਹਾ ਹੈ ਕਿ ਉਹ ਆਪਣੇ ਕੰਮ ਸਬੰਧੀ ਮੋਗਾ ਵੱਲ ਆ ਰਿਹਾ ਸੀ। Road Accident

ਪੁਲਿਸ ਨੇ ਗੱਡੀ ਦੇ ਨੰਬਰ ਰਾਹੀਂ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕੀਤਾ ਤੇ ਉਨ੍ਹਾਂ ਨੂੰ ਸੂਚਿਤ ਕਰਕੇ ਮੌਕੇ ’ਤੇ ਬੁਲਾਇਆ। ਅਗਲੀ ਕਾਰਵਾਈ, ਜਿਸ ਵਿੱਚ ਡਾਕਟਰੀ ਬੋਰਡ ਰਾਹੀਂ ਪੋਸਟਮਾਰਟਮ ਤੇ ਲਾਸ਼ ਸੌਂਪਣ ਦੀ ਪ੍ਰਕਿਰਿਆ ਸ਼ਾਮਲ ਹੈ, ਪਰਿਵਾਰਕ ਮੈਂਬਰਾਂ ਦੇ ਆਉਣ ਤੋਂ ਬਾਅਦ ਕੀਤੀ ਜਾਵੇਗੀ। ਇਸ ਹਾਦਸੇ ਨਾਲ ਇਲਾਕੇ ’ਚ ਸੋਗ ਦੀ ਲਹਿਰ ਹੈ, ਜਦਕਿ ਪੁਲਿਸ ਵੱਲੋਂ ਟਰਾਲੀ ਮਾਲਕ ਤੇ ਸੜਕ ’ਤੇ ਖੜ੍ਹੀ ਟਰਾਲੀ ਬਾਰੇ ਵੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ, ਤਾਂ ਜੋ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲਾਇਆ ਜਾ ਸਕੇ।