Rajindra Hospital Doctors Strike: ਰਾਜਿੰਦਰਾ ਹਸਪਤਾਲ ਦੇ ਡਾਕਟਰ ਹੜਤਾਲ ’ਤੇ, ਅੱਜ ਓਪੀਡੀ ਵੀ ਬੰਦ, ਮਰੀਜ਼ ਪਰੇਸ਼ਾਨ

Rajindra Hospital Doctors Strike

ਮੰਗਾਂ ਸਬੰਧੀ ਡਾਕਟਰ 3 ਦਿਨਾਂ ਦੀ ਹੜਤਾਲ ’ਤੇ

  • ਅੱਜ ਸਿਰਫ ਐਮਰਜੈਂਸੀ ਮਰੀਜ਼ਾਂ ਨੂੰ ਵੀ ਵੇਖਣਗੇ ਡਾਕਟਰ
  • ਓਪੀਡੀ, ਓਟੀ ਆਦਿ ਸੇਵਾਵਾਂ ਠੱਪ, ਐਮਰਜੈਂਸੀ, ਜੱਚਾ ਬੱਚਾ ਅਤੇ ਜ਼ਰੂਰੀ ਸੇਵਾਵਾਂ ਰਹੀਆਂ ਬਹਾਲ
  • ਮਰੀਜ਼ਾਂ ਨੂੰ ਕਰਨਾ ਪਿਆ ਪ੍ਰੇਸ਼ਾਨੀ ਦਾ ਸਾਹਮਣਾ

ਪਟਿਆਲਾ (ਖੁਸ਼ਵੀਰ ਸਿੰਘ ਤੂਰ)। Rajindra Hospital Doctors Strike: ਰੈਜ਼ੀਡੈਂਟ ਡਾਕਟਰਜ਼ ਐਸੋਸੀਏਸ਼ਨ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵੱਲੋਂ ਆਪਣੀਆਂ ਲੰਬੇ ਸਮੇਂ ਤੋਂ ਲਟਕੀਆਂ ਮੰਗਾਂ ਸਬੰਧੀ ਰਜਿੰਦਰਾ ਹਸਪਤਾਲ ਅੰਦਰ ਓਪੀਡੀ, ਓਟੀ ਅਤੇ ਹੋਰ ਸੇਵਾਵਾਂ ਨੂੰ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਮਰੀਜ਼ਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ । ਇਸ ਦੌਰਾਨ ਡਾਕਟਰਾਂ ਵੱਲੋਂ ਦੋਸ਼ ਲਗਾਇਆ ਗਿਆ ਕਿ ਸਰਕਾਰ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦੇ ਰਹੀ। ਸਰਕਾਰ ਵੱਲੋਂ ਐੱਮਬੀਬੀਐੱਸ ਤੋਂ ਬਾਅਦ 2 ਸਾਲ ਦੀ ਲਾਜ਼ਮੀ ਸਰਵਿਸ ਬਾਂਡ ਅਤੇ ਐੱਮਡੀ, ਐੱਮਐੱਸ ਰੈਜ਼ੀਡੈਂਟਸ ਲਈ ਘੱਟ ਸਟੀਪੈਂਡ ਦੀ ਮੰਗ ਸ਼ਾਮਲ ਹੈ। ਇਹ ਸਟੀਪੈਂਡ ਕਈ ਮਹੀਨਿਆਂ ਤੋਂ ਵਧਾਇਆ ਨਹੀਂ ਗਿਆ ਹੈ ਹਾਲਾਂਕਿ ਕਈ ਵਾਰੀ ਸਰਕਾਰ ਨੂੰ ਇਹ ਮੰਗ ਪੇਸ਼ ਕੀਤੀ ਗਈ।

ਇਹ ਖਬਰ ਵੀ ਪੜ੍ਹੋ : Punjab Weather Update: ਮੌਸਮ ਸਬੰਧੀ ਨਵਾਂ ਅਪਡੇਟ ਜਾਰੀ

ਇਸ ਮੌਕੇ ਡਾ. ਰਮਨਦੀਪ ਸਿੰਘ, ਡਾ. ਮਿਲਨ, ਡਾ. ਮਹਤਾਬ ਸਿੰਘ, ਡਾ. ਅਕਸ਼ੈ ਅਤੇ ਡਾ. ਗੁਰਭਗਤ ਸਿੰਘ ਨੇ ਕਿਹਾ ਕਿ ਹੋਰ ਨਰਾਜ਼ਗੀ ਦਾ ਕਾਰਨ ਇਹ ਵੀ ਹੈ ਕਿ ਐੱਮਬੀਬੀਐੱਸ ਇੰਟਰਨ ਅਤੇ ਐੱਮਡੀ, ਐੱਮਐੱਸ ਰੈਜ਼ੀਡੈਂਟਸ ਲਈ ਪੰਜਾਬ ਵਿੱਚ ਦਿੱਤਾ ਜਾਣ ਵਾਲਾ ਸਟੀਪੈਂਡ ਦੇਸ਼ ਵਿੱਚ ਸਭ ਤੋਂ ਘੱਟ ਹੈ, ਜੋ ਕਿ ਰਾਸ਼ਟਰੀ ਮਾਪਦੰਡਾਂ ਤੋਂ ਕਾਫੀ ਘੱਟ ਹੈ ਅਤੇ ਮਹਿੰਗਾਈ ਦੀ ਦਰ ਨਾਲ ਬਿਲਕੁਲ ਮੇਲ ਨਹੀਂ ਖਾਂਦਾ। ਇਹ ਹਾਲਾਤ ਸਰਕਾਰੀ ਹਸਪਤਾਲਾਂ ਵਿੱਚ ਕੰਮ ਕਰ ਰਹੇ ਡਾਕਟਰਾਂ ਦੇ ਜੀਵਨ ਨੂੰ ਚਲਾਉਣ ਵਿੱਚ ਮੁਸ਼ਕਿਲ ਪੈਦਾ ਕਰ ਰਹੇ ਹਨ। ਇਸ ਤੋਂ ਇਲਾਵਾ ਸਰਕਾਰ ਵੱਲੋਂ ਹਾਲ ਹੀ ਵਿੱਚ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਐੱਮਬੀਬੀਐੱਸ ਦੀ ਫੀਸ 10 ਲੱਖ ਕਰ ਦਿੱਤੀ ਗਈ ਹੈ, ਜੋ ਕਿ ਵਿਦਿਆਰਥੀਆਂ ’ਤੇ ਵੱਡਾ ਆਰਥਿਕ ਬੋਝ ਪਾ ਰਹੀ ਹੈ। ਇੱਕ ਪਾਸੇ ਵਧੀਆਂ ਹੋਈਆਂ ਫੀਸਾਂ ਤੇ ਦੂਜੇ ਪਾਸੇ ਘੱਟ ਸਟੀਪੈਂਡ ਇਹ ਮਾਮਲਾ ਪੰਜਾਬ ਵਿੱਚ ਚਿਕਿਤਸਾ ਵਿਭਾਗ ਦੇ ਭਵਿੱਖ ’ਤੇ ਪ੍ਰਸ਼ਨ ਚਿੰਨ੍ਹ ਲਾ ਰਿਹਾ ਹੈ। Rajindra Hospital Doctors Strike

ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਇਸ ਬਾਬਤ ਕਈ ਵਾਰ ਭਰੋਸਾ ਦਿੱਤਾ ਗਿਆ ਹੈ, ਜੋ ਕਿ ਅਜੇ ਤੱਕ ਪੂਰਾ ਨਹੀਂ ਕੀਤਾ ਗਿਆ, ਜਿਸ ਕਰਕੇ ਡਾਕਟਰਾਂ ਨੂੰ ਮੁੜ ਇਹ ਕਦਮ ਚੁੱਕਣਾ ਪਿਆ ਹੈ। ਡਾਕਟਰਾਂ ਨੇ ਦਾਅਵਾ ਕੀਤਾ ਕਿ ਇਸ ਰੋਸ ਪ੍ਰਦਰਸ਼ਨ ਵਿੱਚ 500 ਤੋਂ ਵੱਧ ਰੈਜ਼ੀਡੈਂਟ ਡਾਕਟਰਾਂ ਅਤੇ ਮੈਡੀਕਲ ਵਿਦਿਆਰਥੀਆਂ ਨੇ ਹਿੱਸਾ ਲਿਆ। ਹੜਤਾਲੀ ਡਾਕਟਰਾਂ ਨੇ ਕਿਹਾ ਕਿ ਐਮਰਜੈਂਸੀ ਸੇਵਾਵਾਂ, ਮਾਤਾ-ਬੱਚਾ ਸੰਭਾਲ ਅਤੇ ਹੋਰ ਜ਼ਰੂਰੀ ਸੇਵਾਵਾਂ ਪੂਰੀ ਤਰ੍ਹਾਂ ਚਾਲੂ ਰਹੀਆਂ। ਡਾਕਟਰਾਂ ਨੇ ਦੱਸਿਆ ਕਿ ਸਰਕਾਰ ਵੱਲੋਂ ਸੋਮਵਾਰ ਨੂੰ ਮੀਟਿੰਗ ਦਾ ਸੱਦਾ ਦਿੱਤਾ ਗਿਆ ਹੈ, ਜਦ ਤੱਕ ਸਰਕਾਰ ਵੱਲੋਂ ਲਿਖਤੀ ਭਰੋਸਾ ਨਹੀਂ ਮਿਲਦਾ, ਤਦ ਤੱਕ ਹੜਤਾਲ ਜਾਰੀ ਰਹੇਗੀ।