2 ਗੱਡੀਆਂ, ਲਾਇਸੰਸੀ ਪਿਸਤੌਲ ਅਤੇ ਥਿਤ 9 ਲੱਖ ਜਾਅਲੀ ਕਰੰਸੀ ਬਰਾਮਦ ਕਰਨ ਦਾ ਦਾਅਵਾ
Punjab Fake Money News: (ਤਰੁਣ ਕੁਮਾਰ ਸ਼ਰਮਾ) ਨਾਭਾ। ਨਾਭਾ ਪੁਲਿਸ ਵੱਲੋਂ ਸੱਤ ਵਿਅਕਤੀਆਂ ਨੂੰ ਜਾਅਲੀ ਕਰੰਸੀ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਦੋ ਮਹਿਲਾਵਾਂ ਵੀ ਸ਼ਾਮਿਲ ਹਨ। ਉਪਰੋਕਤ ਮੁਲਜ਼ਮਾਂ ਤੋਂ ਨਾਭਾ ਪੁਲਿਸ ਨੇ ਦੋ ਗੱਡੀਆਂ, ਇੱਕ ਲਾਇਸੰਸੀ ਪਿਸਤੌਲ ਅਤੇ 9 ਲੱਖ ਰੁਪਏ ਨਗਦ ਕਥਿਤ ਜਾਅਲੀ ਕਰੰਸੀ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਉਪਰੋਕਤ ਜਾਣਕਾਰੀ ਦੀ ਪੁਸ਼ਟੀ ਕਰਦਿਆਂ ਨਾਭਾ ਸਦਰ ਥਾਣਾ ਦੇ ਐੱਸਐੱਚਓ ਇੰਸ. ਗੁਰਪ੍ਰੀਤ ਸਿੰਘ ਸਮਰਾਓ ਨੇ ਦੱਸਿਆ ਕਿ ਗਲਵੱਟੀ ਪੁਲਿਸ ਚੌਂਕੀ ਨੂੰ ਗੁਪਤ ਸੂਚਨਾ ਪ੍ਰਾਪਤ ਹੋਈ ਸੀ ਕਿ ਇਲਾਕੇ ਵਿੱਚ ਦੋ ਗੱਡੀਆਂ ਘੁੰਮ ਰਹੀਆਂ ਹਨ ਜਿਨ੍ਹਾਂ ਵਿੱਚ ਸਵਾਰ ਵਿਅਕਤੀਆਂ ਤੋਂ ਜਾਅਲੀ ਕਰੰਸੀ ਸਮੇਤ ਹੋਰ ਕੁਝ ਗੈਰ ਕਾਨੂੰਨੀ ਵਸਤੂਆਂ ਬਰਾਮਦ ਹੋ ਸਕਦੀਆਂ ਹਨ। ਕਾਰਵਾਈ ਕਰਦਿਆਂ ਗਲਵੱਟੀ ਪੁਲਿਸ ਚੌਂਕੀ ਇੰਚਾਰਜ ਅਤੇ ਪੁਲਿਸ ਪਾਰਟੀ ਵੱਲੋਂ ਇੱਕ ਬੈਸਨ ਅਤੇ ਇੱਕ ਸਵਿੱਫਟ ਕਾਰ ਵਿੱਚ ਸਵਾਰ ਸੱਤ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ।
ਇਹ ਵੀ ਪੜ੍ਹੋ: Punjab Road Accident: ਜੇਸੀਬੀ ਮਸ਼ੀਨ ਤੇ ਮੋਟਰਸਾਇਕਲ ਦੀ ਭਿਆਨਕ ਟੱਕਰ, ਦੋ ਨੌਜਵਾਨਾਂ ਦੀ ਮੌਤ
ਸਦਰ ਥਾਣਾ ਐੱਸਐੱਚਓ ਗੁਰਪ੍ਰੀਤ ਸਮਰਾਓ ਨੇ ਦੱਸਿਆ ਕਿ ਉਪਰੋਕਤ ਮੁਲਜ਼ਮ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਨਾਲ ਸੰਬੰਧ ਰੱਖਦੇ ਹਨ ਜੋ ਕਿ ਆਪਣੇ ਵਿਸ਼ਵਾਸ ਵਿੱਚ ਆਏ ਵਿਅਕਤੀ ਨੂੰ ਜਾਅਲੀ ਕਰੰਸੀ ਸਪਲਾਈ ਕਰਦੇ ਸਨ। ਉਨ੍ਹਾਂ ਦੱਸਿਆ ਕਿ ਮਾਮਲੇ ਵਿੱਚ ਗ੍ਰਿਫਤਾਰ ਮੁਲਜ਼ਮ ਦਿਨਾਂ ਵਿੱਚ ਅਮੀਰ ਹੋਣਾ ਚਾਹੁੰਦੇ ਸਨ ਜਿਸ ਕਾਰਨ ਉਹ ਇੱਕ ਲੱਖ ਬਦਲੇ 5 ਲੱਖ ਦੀ ਜਾਅਲੀ ਕਰੰਸੀ ਲੋਕਾਂ ਤੱਕ ਪਹੁੰਚਾਉਂਦੇ ਸਨ। ਉਨ੍ਹਾਂ ਦੱਸਿਆ ਕਿ ਗ੍ਰਿਫਤਾਰੀ ਸਮੇਂ ਉਪਰੋਕਤ ਮੁਲਜ਼ਮਾਂ ਤੋਂ ਇੱਕ ਲਾਇਸੰਸੀ ਰਿਵਾਲਵਰ ਅਤੇ ਦੋ ਗੱਡੀਆਂ ਬਰਾਮਦ ਹੋਈਆਂ ਹਨ।
ਉਨ੍ਹਾਂ ਇਹ ਵੀ ਦੱਸਿਆ ਕਿ ਮਾਮਲੇ ਦੇ ਉਪਰੋਕਤ ਮੁਲਜ਼ਮਾਂ ਵਿੱਚ ਦੋ ਔਰਤਾਂ ਵੀ ਸ਼ਾਮਿਲ ਹਨ ਜਿਨ੍ਹਾਂ ਵਿੱਚ ਇੱਕ ਦਾ ਨਾਂਅ ਕੁਲਵਿੰਦਰ ਕੌਰ ਖੰਨਾ ਅਤੇ ਦੂਜੀ ਕਰਮਜੀਤ ਕੌਰ ਬਰਨਾਲਾ ਤੋਂ ਦੱਸੀ ਜਾ ਰਹੀ ਹੈ। ਉਹਨਾਂ ਕਿਹਾ ਕਿ ਮਾਮਲੇ ਦੇ ਕਥਿਤ ਦੋਸ਼ੀਆਂ ਨੂੰ ਮਾਣਯੋਗ ਅਦਾਲਤ ਵਿਖੇ ਪੇਸ਼ ਕਰਨ ਤੋਂ ਬਾਅਦ ਉਨ੍ਹਾਂ ਤੋਂ ਵਧੇਰੇ ਪੁੱਛਗਿੱਛ ਲਈ ਪੁਲਿਸ ਰਿਮਾਂਡ ਦੀ ਮੰਗ ਕੀਤੀ ਜਾਵੇਗੀ। Punjab Fake Money News