Rain: ਪੰਜਾਬ ਦੇ ਅੱਧੀ ਦਰਜ਼ਨ ਤੋਂ ਵੱਧ ਜ਼ਿਲ੍ਹਿਆਂ ’ਚ ਪਿਆ ਮੀਂਹ
Rain: ਮਾਨਸਾ (ਸੁਖਜੀਤ ਮਾਨ)। ਲੰਘੇ ਜੇਠ ਮਹੀਨੇ ’ਚ ਗਰਮ ਹਵਾਵਾਂ ਨੇ ਲੋਕਾਂ ਦਾ ਬੁਰਾ ਹਾਲ ਕਰ ਦਿੱਤਾ ਸੀ ਪਰ ਚੜ੍ਹਦੇ ਹਾੜ੍ਹ ਤੋਂ ਪੰਜਾਬ ’ਚ ਕਿਤੇ ਨਾ ਕਿਤੇ ਰੋਜ਼ਾਨਾ ਹੀ ਮੀਂਹ ਪੈ ਰਿਹਾ ਹੈ। ਇਸ ਮੀਂਹ ਨਾਲ ਤਾਪਮਾਨ ਘਟਣ ਕਾਰਨ ਲੋਕਾਂ ਨੂੰ ਗਰਮੀ ਤੋਂ ਕਾਫੀ ਰਾਹਤ ਮਿਲੀ ਹੈ। ਮੀਂਹ ਮਨੁੱਖੀ ਜਨ-ਜੀਵਨ ਤੋਂ ਇਲਾਵਾ ਖੇਤੀ ਸੈਕਟਰ ਆਦਿ ਲਈ ਵੀ ਲਾਹੇਵੰਦ ਸਾਬਿਤ ਹੋਵੇਗਾ।
ਮੌਸਮ ਮਾਹਿਰਾਂ ਨੇ ਆਉਣ ਵਾਲੇ ਦਿਨਾਂ ’ਚ ਹੋਰ ਮੀਂਹ ਪੈਣ ਦੀ ਸੰਭਾਵਨਾ ਵੀ ਪ੍ਰਗਟਾਈ ਹੈ। ਵੇਰਵਿਆਂ ਮੁਤਾਬਿਕ ਲੰਘੀ ਦੇਰ ਰਾਤ ਅਤੇ ਅੱਜ ਸਵੇਰੇ ਪੰਜਾਬ ਦੇ ਜ਼ਿਲ੍ਹਾ ਮਾਨਸਾ, ਫਰੀਦਕੋਟ, ਲੁਧਿਆਣਾ, ਫਤਿਹਗੜ੍ਹ ਸਾਹਿਬ, ਹੁਸ਼ਿਆਰਪੁਰ, ਫਿਰੋਜ਼ਪੁਰ, ਮੋਗਾ ਆਦਿ ਜ਼ਿਲ੍ਹਿਆਂ ਦੇ ਕਈ ਪਿੰਡਾਂ ਤੇ ਸ਼ਹਿਰਾਂ ’ਚ ਹਲਕੇ ਤੋਂ ਦਰਮਿਆਨਾ ਮੀਂਹ ਵਰਿ੍ਹਆ ਹੈ। ਇਨ੍ਹਾਂ ਜ਼ਿਲ੍ਹਿਆਂ ’ਚ ਕਈ ਥਾਈਂ ਪਿੰਡ-ਸ਼ਹਿਰ ਸੁੱਕੇ ਵੀ ਰਹਿ ਗਏ।
Rain
ਗਰਮੀ ਤੋਂ ਅੱਕੇ ਲੋਕਾਂ ਨੂੰ ਮੀਂਹ ਦੀ ਕਾਫੀ ਉਡੀਕ ਸੀ ਕਿਉਂਕਿ ਤਾਪਮਾਨ ਕਰੀਬ 45 ਡਿਗਰੀ ਤੱਕ ਪੁੱਜਣ ਕਰਕੇ ਰੋਜ਼ਾਨਾ ਦੇ ਕੰਮਾਂਕਾਰਾਂ ਵਾਲੇ ਲੋਕਾਂ ਨੂੰ ਕੰਮ ਕਰਨ ’ਚ ਕਾਫੀ ਮੁਸ਼ਕਲ ਆ ਰਹੀ ਸੀ। ਬਜ਼ਾਰਾਂ ’ਚੋਂ ਵੀ ਗਰਮੀ ਨੇ ਰੌਣਕਾਂ ਗਾਇਬ ਕਰ ਦਿੱਤੀਆਂ ਸੀ। ਗਰਮੀ ਦਾ ਅਸਰ ਆਮ ਲੋਕਾਂ ਦੇ ਚੁੱਲ੍ਹੇ ’ਤੇ ਵੀ ਪੈਣ ਲੱਗਿਆ ਸੀ ਕਿਉਂਕਿ ਗਰਮੀ ਕਾਰਨ ਸਬਜ਼ੀਆਂ ਆਦਿ ਦੀ ਆਮਦ ਘੱਟ ਹੋਣ ਕਰਕੇ ਰੇਟਾਂ ’ਚ ਵਾਧਾ ਹੋ ਗਿਆ ਸੀ।
Read Also : Bank Account in HDFC: ਐੱਚਡੀਐੱਫਸੀ ’ਚ ਐ ਬੈਂਕ ਖ਼ਾਤਾ ਤਾਂ ਭੁੱਲ ਜਾਓ ਤਨਖ਼ਾਹ ਤੇ ਪੈਨਸ਼ਨ
ਤਾਜ਼ਾ ਪਏ ਮੀਂਹ ਨਾਲ ਸਾਉਣੀ ਦੀਆਂ ਫਸਲਾਂ ਨਰਮੇ ਤੇੇ ਝੋਨੇ ਨੂੰ ਕਾਫੀ ਹੁਲਾਰਾ ਮਿਲੇਗਾ। ਰੇਤਲੀਆਂ ਜ਼ਮੀਨਾਂ ਜਿੱਥੇ ਨਹਿਰੀ ਪਾਣੀ ਨਹੀਂ ਪੁੱਜਦਾ, ਉੱਥੇ ਬੀਜੇ ਨਰਮੇ ਲਈ ਤਾਂ ਮੀਂਹ ਸੰਜੀਵਨੀ ਦਾ ਕੰਮ ਕਰੇਗਾ। ਇਸ ਤੋਂ ਇਲਾਵਾ ਇਨ੍ਹੀਂ ਦਿਨੀਂ ਖੇਤਾਂ ’ਚ ਲਾਇਆ ਜਾ ਰਿਹਾ ਝੋਨਾ ਵੀ ਗਰਮੀ ਘਟਣ ਕਰਕੇ ਨਾਲ ਦੀ ਨਾਲ ਚੱਲ ਪਵੇਗਾ। ਮੀਂਹ ਨਾਲ ਸ਼ਹਿਰੀ ਆਬਾਦੀ ਨੂੰ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ।
ਸੀਵਰੇਜ ਦੀ ਸਮੱਸਿਆ ਝੱਲਣ ਵਾਲੇ ਸ਼ਹਿਰ ਮਾਨਸਾ ’ਚ ਤਾਂ ਬਿਨਾਂ ਮੀਂਹ ਤੋਂ ਹੀ ਸੜਕਾਂ ’ਤੇ ਪਾਣੀ ਰਹਿੰਦਾ ਹੈ ਪਰ ਲੰਘੀ ਦੇਰ ਰਾਤ ਪਏ ਮੀਂਹ ਕਾਰਨ ਸਵੇਰ ਵੇਲੇ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਚੌਂਕ ਅਤੇ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਨੇੜੇ ਤਿਕੋਣੀ ’ਤੇ ਖੜ੍ਹੇ ਪਾਣੀ ’ਚੋਂ ਲੰਘਣ ਲਈ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਮੌਸਮ ਵਿਭਾਗ ਨੇ ਆਉਣ ਵਾਲੇ ਕੁਝ ਦਿਨਾਂ ਤੱਕ ਅਜਿਹਾ ਹੀ ਮੌਸਮ ਬਣੇ ਰਹਿਣ ਕਰਕੇ ਹੋਰ ਮੀਂਹ ਪੈਣ ਦੀ ਸੰਭਾਵਨਾ ਪ੍ਰਗਟਾਈ ਹੈ।
ਮਾਨਸਾ। ਮੀਂਹ ਕਾਰਨ ਸੜਕ ’ਤੇ ਖੜ੍ਹਾ ਪਾਣੀ।