ਪਿਛਲੇ ਲੰਮੇ ਸਮੇਂ ਤੋਂ ਵਾਟਰ ਸਪਲਾਈ ਤੇ ਸੀਵਰੇਜ਼ ਦੀ ਲੀਕੇਜ ਤੋਂ ਲੋਕੀਂ ਪਰੇਸ਼ਾਨ | Sunam News
- ਨਗਰ ਕੌਂਸਲ ਸੁਨਾਮ ਦੇ ਵਿਕਾਸ ਦੇ ਦਾਅਵੇ ਹੋਏ ਖੋਖਲੇ ਸਾਬਤ : ਕਾਮਰੇਡ ਵਰਿੰਦਰ ਕੌਸ਼ਿਕ
Sunam News: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਅੱਜ ਸੁਨਾਮ ਦੇ ਬਖਸ਼ੀਵਾਲਾ ਚੌਕ ਵਿੱਚ ਇੱਕ ਵੱਡਾ ਹਾਦਸਾ ਹੋਣੋਂ ਬਚ ਗਿਆ। ਪਿੰਡ ਘਾਸੀਵਾਲ ਦੀਆਂ ਸ਼ਹੀਦ ਊਧਮ ਸਿੰਘ ਗਰਲਜ ਸਕੂਲ ’ਚ ਪੜ੍ਹਨ ਵਾਲੀਆਂ ਨਿੱਕੀਆਂ ਬੱਚੀਆਂ ਦਾ ਆਟੋ ਵਾਟਰ ਸਪਲਾਈ ਦੀ ਲੀਕੇਜ ਨੂੰ ਠੀਕ ਕਰਨ ਲਈ ਪੁੱਟੇ ਡੂੰਘੇ ਟੋਏ ’ਚ ਜਾ ਡਿੱਗਾ। ਨਿੱਕੀਆਂ ਬੱਚੀਆਂ ਦੀਆਂ ਚੀਕਾਂ ਸੁਣ ਕੇ ਬਖਸ਼ੀਵਾਲਾ ਚੌਕ ਦੇ ਸਥਾਨਕ ਵਾਸੀਆਂ ਵੱਲੋਂ ਬੱਚਿਆਂ ਤੇ ਆਟੋ ਨੂੰ ਟੋਏ ’ਚੋਂ ਕੱਢਿਆ ਗਿਆ। ਇਸ ਦੌਰਾਨ ਬੱਚਿਆਂ ਦੇ ਗੁੰਮ ਸੱਟਾਂ ਲੱਗਣ ਦੇ ਨਾਲ ਨਾਲ ਉਨ੍ਹਾਂ ਦੀਆਂ ਸਕੂਲੀ ਵਰਦੀਆਂ ਰੇਤੇ ਨਾਲ ਲਿਬੜ ਗਈਆਂ ਤੇ ਬੂਟ ਗੁੰਮ ਹੋ ਗਏ।
ਇਹ ਖਬਰ ਵੀ ਪੜ੍ਹੋ : Ludhiana News: ਡਿਊਟੀ ’ਚ ਲਾਪਰਵਾਹੀ, ਮਹਿਲਾ ਸਣੇ 3 ਪੁਲਿਸ ਕਰਮਚਾਰੀ ਬਰਖ਼ਾਸਤ
ਇਸ ਮੌਕੇ ਇੱਕਠੇ ਹੋਏ ਲੋਕਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਲੋਕ ਹਿੱਤ ਸੰਘਰਸ਼ ਕਮੇਟੀ ਦੇ ਕਨਵੀਨਰ ਕਾਮਰੇਡ ਵਰਿੰਦਰ ਕੌਸ਼ਿਕ ਨੇ ਕਿਹਾ ਕਿ ਨਗਰ ਕੌਂਸਲ ਸੁਨਾਮ ਵੱਲੋਂ ਪਾਈ ਹੋਈ ਵਾਟਰ ਸਪਲਾਈ ਦੀ ਲਾਈਨ ਬਹੁਤ ਪੁਰਾਣੀ ਹੈ, ਜਦੋਂ ਵੀ ਬਹੁਤ ਜ਼ਿਆਦਾ ਭਾਰੀ ਲੋਡ ਵਾਲੇ (12-18 ਟਾਇਰਾਂ) ਵਾਲੇ ਟਰਾਲੇ ਇੱਥੋਂ ਲੰਘ ਦੇ ਹਨ ਤਾਂ ਪੁਰਾਣੀ ਹੋ ਚੁੱਕੀ ਵਾਟਰ ਸਪਲਾਈ ਦੀ ਲਾਈਨ ਦੇ ਜੋੜ ਖੁੱਲ੍ਹ ਜਾਂਦੇ ਹਨ, ਕਾਮਰੇਡ ਵਰਿੰਦਰ ਕੌਸ਼ਿਕ ਨੇ ਕਿਹਾ ਕਿ ਨਗਰ ਕੌਂਸਲ ਸੁਨਾਮ ਵੱਲੋਂ ਸੁਨਾਮ ਦੇ ਵਿਕਾਸ ਦਾ ਰੋਲਾ ਪਾਇਆ ਜਾ ਰਿਹਾ, ਪਰ ਬਖਸ਼ੀਵਾਲਾ ਰੋਡ ਤੋਂ ਲੈਕੇ ਜਖੇਪਲ ਰੋਡ ਤੱਕ ਪਿਛਲੇ ਲੰਮੇ ਸਮੇਂ ਤੋਂ ਵਾਟਰ ਸਪਲਾਈ ਅਤੇ ਸੀਵਰੇਜ਼ ਦੀ ਹੁੰਦੀ ਵਾਰ ਵਾਰ ਲੀਕੇਜ ਨਗਰ ਕੌਂਸਲ ਸੁਨਾਮ ਦੇ ਵਿਕਾਸ ਦੇ ਦਾਅਵੇ ਦੀ ਪੋਲ ਖੋਲ੍ਹ ਰਹੀ ਹੈ। Sunam News
ਇਨ੍ਹਾਂ ਸੜਕਾਂ ਤੋਂ ਜਿੱਥੇ ਸਕੂਲ ’ਚ ਜਾਣ ਵਾਲੇ ਵਿਦਿਆਰਥੀ ਪਰੇਸ਼ਾਨ ਹੁੰਦੇ ਹਨ ਉੱਥੇ ਪਿੰਡ ਤੋਂ ਆਉਣ ਵਾਲੇ ਅਤੇ ਸਮੁੱਚੇ ਸੁਨਾਮ ਨਿਵਾਸੀ ਵੀ ਪਰੇਸ਼ਾਨ ਹੁੰਦੇ ਹਨ, ਇਸ ਕਰਕੇ ਭੱਵਿਖ ’ਚ ਜਾਨੀ ਮਾਲੀ ਨੁਕਸਾਨ ਹੋਣ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ। ਇਸ ਕਰਕੇ ਵਾਰ ਵਾਰ ਨਗਰ ਕੌਂਸਲ ਸੁਨਾਮ ਦਾ ਆਰਥਿਕ ਨੁਕਸਾਨ ਵੀ ਹੁੰਦਾ ਹੈ। ਕਾਮਰੇਡ ਵਰਿੰਦਰ ਕੌਸ਼ਿਕ ਅਤੇ ਹੋਰਨਾਂ ਨੇ ਸੁਨਾਮ ਨਗਰ ਕੌਂਸਲ ਦੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਬਖਸ਼ੀਵਾਲਾ ਰੋਡ ਦੇ ਡੰਪ ਦੇ ਨੇੜੇ ਹੁਦੀ ਸੀਵਰੇਜ਼ ਦੀ ਲੀਕੇਜ ਅਤੇ ਬਖਸ਼ੀਵਾਲਾ ਚੌਕ ਤੋਂ ਜਖੇਪਲ ਰੋਡ ਤੱਕ ਹੁੰਦੀ ਵਾਟਰ ਸਪਲਾਈ ਦੀ ਲੀਕੇਜ ਦਾ ਸਥਾਈ ਹੱਲ ਕੀਤਾ ਜਾਵੇ। ਇਸ ਮੌਕੇ ਦਰਸ਼ਨ ਸਿੰਘ, ਰਘਬੀਰ ਸਿੰਘ, ਗੋਪਾਲ ਸਿੰਘ ਆਦਿ ਹਾਜ਼ਰ ਸਨ। Sunam News