CM Punjab: ਮੁੱਖ ਮੰਤਰੀ ਭਗਵੰਤ ਮਾਨ ਦੀ ਹਰਿਆਣਾ ਨੂੰ ਸਲਾਹ

CM Punjab
CM Punjab: ਮੁੱਖ ਮੰਤਰੀ ਭਗਵੰਤ ਮਾਨ ਦੀ ਹਰਿਆਣਾ ਨੂੰ ਸਲਾਹ

CM Punjab: ਅਗਲੇ ਇੱਕ ਸਾਲ ਹਰਿਆਣਾ ਆਪਣੇ ਹਿੱਸੇ ਦਾ ਪਾਣੀ ਸੰਜਮ ਨਾਲ ਵਰਤੇ : ਭਗਵੰਤ ਮਾਨ

  • ਕਿਹਾ, ਸਾਡੇ ਕੋਲ ਇੱਕ ਬੂੰਦ ਵੀ ਵਾਧੂ ਪਾਣੀ ਨਹੀਂ | CM Punjab

CM Punjab: ਧੂਰੀ (ਗੁਰਪ੍ਰੀਤ ਸਿੰਘ /ਨਰੇਸ਼ ਕੁਮਾਰ /ਸੁਰਿੰਦਰ ਸਿੰਘ /ਰਵੀ ਗੁਰਮਾ)। ਪੰਜਾਬ ਨੇ ਆਪਣੇ ਹਿੱਸੇ ਦਾ ਪਾਣੀ ਅੱਜ ਤੋਂ ਹਰਿਆਣਾ ਤੇ ਰਾਜਸਥਾਨ ਨੂੰ ਦੇਣਾ ਆਰੰਭ ਕਰ ਦਿੱਤਾ ਹੈ ਪਰ ਅਸੀਂ ਹਰਿਆਣਾ ਨੂੰ ਕਹਿਣਾ ਚਾਹੁੰਦੇ ਹਾਂ ਕਿ ਅਗਲੇ ਇੱਕ ਸਾਲ ਲਈ ਪਾਣੀ ਨੂੰ ਸੰਜਮ ਨਾਲ ਵਰਤੇ। ਸਾਡੇ ਕੋਲ ਵਾਧੂ ਪਾਣੀ ਦੀ ਇੱਕ ਬੂੰਦ ਵੀ ਨਹੀਂ। ਇਹ ਪ੍ਰਗਟਾਵਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਧੂਰੀ ਵਿਖੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕੀਤਾ।

ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਆਪਣੇ ਪਾਣੀ ਦੇ ਨਿਰਧਾਰਤ ਕੋਟੇ ਤੋਂ ਇੱਕ ਲੱਖ 42 ਹਜ਼ਾਰ ਕਿਊਸਿਕ ਜ਼ਿਆਦਾ ਵਰਤ ਚੁੱਕਿਆ ਹੈ। ਉਹਨਾਂ ਕਿਹਾ ਕਿ ਅਸੀਂ 4000 ਕਿਊਸਿਕ ਤੋਂ ਜ਼ਿਆਦਾ ਜਿਹੜਾ ਪਾਣੀ ਵੱਧ ਦਿੱਤਾ ਹੈ ਉਹ ਵੀ ਮਾਨਵਤਾ ਦੇ ਆਧਾਰ ’ਤੇ ਹੀ ਦਿੱਤਾ ਹੈ ਜਦੋਂ ਕਿ ਬੀਬੀਐੱਮਬੀ ਦੇ ਐਗਰੀਮੈਂਟ ਵਿੱਚ ਮਾਨਵਤਾ ਦਾ ਕੋਈ ਕਾਲਮ ਨਹੀਂ ਹੈ। ਅਸੀਂ ਭਾਈ ਘਨ੍ਹੱਈਆ ਦੀ ਵਿਚਾਰਧਾਰਾ ਮੰਨਣ ਵਾਲੇ ਲੋਕ ਹਾਂ, ਹਰੇਕ ਦਾ ਦਰਦ ਸਮਝਦੇ ਹਾਂ।

CM Punjab

ਇਸ ਕਾਰਨ ਹਰਿਆਣਾ ਨੂੰ ਅਪੀਲ ਹੈ ਕਿ ਹੁਣ ਅਗਲੀ 21 ਮਈ ਤੱਕ ਹਰਿਆਣਾ ਸੰਜਮ ਨਾਲ ਪਾਣੀ ਵਰਤੇ ਕਿਉਂਕਿ ਪੰਜਾਬ 95 ਫੀਸਦੀ ਨਹਿਰੀ ਪਾਣੀ ਵਰਤਣ ਲੱਗਿਆ ਹੈ ਪੂਰੇ ਪੰਜਾਬ ਦੇ ਖੇਤਾਂ ’ਚ 700 ਕਿੱਲੋਮੀਟਰ ਪਾਈਪ ਲਾਈਨਾਂ ਵਿਛਾਈਆਂ ਗਈਆਂ ਹਨ ਤਾਂ ਜੋ ਖੇਤੀ ਨੂੰ ਨਹਿਰੀ ਪਾਣੀ ਲੱਗ ਸਕੇ। ਉਨ੍ਹਾਂ ਆਖਿਆ ਕਿ ਇਸ ਤੋਂ ਪਹਿਲਾਂ ਸਰਕਾਰਾਂ ਸਿਰਫ 75% ਪਾਣੀ ਹੀ ਵਰਤਦੀਆਂ ਸਨ ਪਰ ਅਸੀਂ ਨਹਿਰੀ ਪਾਣੀ ਦਾ ਕਤਰਾ-ਕਤਰਾ ਲੇਖੇ ਲਾਵਾਂਗੇ।

Read Also : Crime News Punjab: ਫਰੀਦਕੋਟ ’ਚ ਗੈਂਗਸਟਰ ਅਰਸ਼ ਡੱਲ੍ਹਾ ਦੇ ਦੋ ਸਾਥੀ ਪਿਸਤੌਲ ਸਮੇਤ ਕਾਬੂ

ਮਾਨ ਨੇ ਕਿਹਾ ਕਿ ਕਿ ਰਣਜੀਤ ਡੈਮ, ਪੌਂਗ ਡੈਮ ਤੇ ਭਾਖੜਾ ’ਚ ਹੁਣ ਜਿਸ ਪੱਧਰ ਦਾ ਪਾਣੀ ਹੈ ਉਸ ਅਨੁਸਾਰ ਹੀ ਸਾਡਾ ਤੇ ਦੂਜੇ ਰਾਜਾਂ ਦਾ ਕੋਟਾ ਫਿਕਸ ਕੀਤਾ ਜਾਵੇ। ਉਹਨਾਂ ਆਖਿਆ ਕਿ ਇਹਨਾਂ ਡੈਮਾਂ ਵਿੱਚ ਪਾਣੀ ਜਦੋਂ ਜਿਆਦਾ ਸੀ ਉਦੋਂ ਹੀ ਹਰਿਆਣਾ ਤੇ ਹੋਰ ਰਾਜਾਂ ਦੇ ਪਾਣੀ ਦਾ ਕੋਟਾ ਫਿਕਸ ਕੀਤਾ ਗਿਆ।

ਪੂਸਾ ਦੀ ਬਿਜਾਈ ’ਤੇ ਪੂਰਨ ਪਾਬੰਦੀ, ਨਹੀਂ ਹੋਵੇਗੀ ਖਰੀਦ

ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਪੰਜਾਬ ’ਚ ਜਿੱਥੇ ਵੀ ਨਹਿਰੀ ਪਾਣੀ ਲੱਗਦਾ ਹੈ ਉੱਥੇ ਝੋਨਾ ਲਾਉਣ ਵਾਸਤੇ ਬਿਜਲੀ ਰਾਤ ਨੂੰ ਦਿੱਤੀ ਜਾਵੇਗੀ। ਉਨ੍ਹਾਂ ਹੋਰ ਕਿਹਾ ਕਿ ਝੋਨੇ ਦੀ ਪੂਸਾ ਕਿਸਮ ’ਤੇ ਪੂਰਨ ਪਾਬੰਦੀ ਹੈ, ਜਿਸ ਕਾਰਨ ਪੂਸਾ ਬੀਜਣ ਵਾਲੇ ਕਿਸਾਨ ਖੁਦ ਜ਼ਿੰਮੇਵਾਰ ਹੋਣਗੇ। ਅਸੀਂ ਪੂਸਾ ਨਹੀਂ ਖਰੀਦਾਂਗੇ।

ਹੋਰ ਕਿਸੇ ਵੀ ਕਿਸਮ ਦੇ ਝੋਨੇ ਦਾ ਦਾਣਾ-ਦਾਣਾ ਖਰੀਦਿਆ ਜਾਵੇਗਾ। ਮਾਨ ਨੇ ਕਿਹਾ ਕਿ ਪੰਜਾਬ ਇੱਕ ਪਾਸੇ ਕੇਂਦਰ ਨਾਲ ਲੜਾਈ ਲੜ ਰਿਹਾ ਦੂਜੇ ਪਾਸੇ ਪਾਕਿਸਤਾਨੀ ਮਿਜ਼ਾਈਲਾਂ ਤੇ ਡ੍ਰੋਨਾਂ ਦਾ ਮੁਕਾਬਲਾ ਵੀ ਕਰ ਰਿਹਾ ਹੈ। ਸਾਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਅਸੀਂ ਫੋਰਸਾਂ ਨਹਿਰਾਂ ’ਤੇ ਲਾਈਏ ਜਾਂ ਫਿਰ ਬਾਰਡਰਾਂ ’ਤੇ। ਕੇਂਦਰ ਵੱਲੋਂ ਪੰਜਾਬ ਤੋਂ ਕਣਕ, ਦਾਲਾਂ, ਚੌਲ ਸਭ ਕੁਝ ਚਾਹੀਦੈ ਪਰ ਪਾਣੀ ਨਹੀਂ ਦੇਣਾ ਚਾਹੁੰਦਾ। ਸਮੁੱਚੇ ਕੇਂਦਰੀ ਅੰਨ ਭੰਡਾਰ ’ਚ ਵੱਡਾ ਹਿੱਸਾ ਪੰਜਾਬ ਵੱਲੋਂ ਪਾਇਆ ਜਾਂਦਾ ਹੈ ਉਸ ਹਿਸਾਬ ਨਾਲ ਪੰਜਾਬ ਨੂੰ ਪਾਣੀ ਨਹੀਂ ਦਿੱਤਾ ਜਾ ਰਿਹਾ।