ਗਾਜ਼ੀਆਬਾਦ: ਬਿਹਾਰ ਰਾਜ ‘ਚ ਆਉਂਦੇ ਜ਼ਿਲ੍ਹਾ ਬਕਸਰ ਦੇ ਡੀਐੱਮ ਮੁਕੇਸ਼ ਪਾਂਡੇ ਨੇ ਵੀਰਵਾਰ ਨੂੰ ਕਥਿਤ ਖੁਦਕੁਸ਼ੀ ਕਰ ਲਈ। ਖੁਦਕੁਸ਼ੀ ਤੋਂ ਪਹਿਲਾਂ ਉਨ੍ਹਾਂ ਨੇ ਵਟਸਅੱਪ ‘ਤੇ ਪਰਿਵਾਰ ਨੂੰ ਇੱਕ ਮੈਸੇਜ ਵੀ ਭੇਜਿਆ ਸੀ, ਜਿਸ ਵਿੱਚ ਲਿਖਿਆ ਸੀ ਕਿ ਉਹ ਸਾਰਿਆਂ ਨੂੰ ਬਹੁਤ ਪਿਆਰ ਕਰਦਾ ਹੈ, ਪਰ ਉਹ ਉਸ ਨੂੰ ਭੁੱਲ ਜਾਣ। ਜ਼ਿਕਰਯੋਗ ਹੈ ਕਿ, ਸਾਰਨ ਜ਼ਿਲ੍ਹੇ ਦੇ ਰਹਿਣ ਵਾਲੇ ਅਤੇ ਸਾਲ 2012 ਬੈਚ ਦੇ ਆਈਏਐੱਸ ਅਫ਼ਸਰ ਮੁਕੇਸ਼ ਦੀ ਬੀਤੀ 3 ਅਗਸਤ ਨੂੰ ਹੀ ਪਹਿਲੀ ਵਾਰ ਡੀਐੱਮ ਵਜੋਂ ਪੋਸਟਿੰਗ ਹੋਈ ਸੀ। ਉਸ ਦੀ ਲਾਸ਼ ਗਾਜ਼ੀਆਬਾਦ ਰੇਲਵੇ ਸਟੇਸ਼ਨ ਦੇ ਨੇੜੇ ਟਰੈਕ ‘ਤੇ ਮਿਲੀ। ਉਨ੍ਹਾਂ ਦੀ ਜੇਬ੍ਹ ਵਿੱਚੋਂ ਪਰਸ ਅਤੇ ਸੁਸਾਈਡ ਨੋਟ ਬਰਾਮਦ ਹੋਇਆ। ਸ਼ੁੱਕਰਵਾਰ ਨੂੰ ਪੋਸਟਮਾਰਟਮ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਦਾ ਖੁਲਾਸਾ ਹੋ ਸਕੇਗਾ।
ਮੌਤ ਲਈ ਕੋਈ ਜ਼ਿੰਮੇਵਾਰ ਨਹੀਂ
ਸੁਸਾਈਡ ਨੋਟ ਵਿੱਚ ਉਨ੍ਹਾਂ ਨੇ ਆਪਣੀ ਮੌਤ ਲਈ ਕਿਸੇ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ। ਉਸ ਵਿੱਚ ਤਿੰਨ ਮੋਬਾਇਲ ਨੰਬਰ ਦਰਜ਼ ਹਨ। ਹੇਠਾਂ ਲਿਖਿਆ ਹੈ ਕਿ ਮੇਰੀ ਮੌਤ ਤੋਂ ਬਾਅਦ ਇਨ੍ਹਾਂ ਨੰਬਰਾਂ ‘ਤੇ ਜਾਣਕਾਰੀ ਦਿੱਤੀ ਜਾਵੇ। ਪੁਲਿਸ ਫਿਲਹਾਲ ਉਨ੍ਹਾਂ ਦੀ ਮੌਤ ਨੂੰ ਖੁਦਕਸ਼ੀ ਮੰਨ ਰਹੀ ਹੈ। ਘਟਨਾ ਦੀ ਪੁਸ਼ਟੀ ਬਿਹਾਰ ਦੇ ਡੀਆਈਜੀ ਪੀ.ਕੇ ਠਾਕੁਰ ਨੇ ਵੀ ਕੀਤੀ।
ਤਿੰਨ ਅਗਸਤ ਨੂੰ ਸੰਭਾਲਿਆ ਸੀ ਡੀਐੱਮ ਦਾ ਕਾਰਜਭਾਰ
ਮੁਕੇਸ਼ ਪਹਿਲੀ ਵਾਰ ਬਕਸਰ ਦੇ ਡੀਐੱਮ ਬਣੇ ਹਨ। 2012 ਬੈਚ ਦੇ ਆਈਏਐਸ ਅਫ਼ਸਰ ਮੁਕੇਸ਼ ਇਸ ਤੋਂ ਪਹਿਲਾਂ ਕਟਿਹਾਰ ਦੇ ਡੀਡੀਸੀ ਦੇ ਅਹੁਦੇ ‘ਤੇ ਤਾਇਨਾਤ ਸਨ। ਤਿੰਨ ਅਗਸਤ ਨੂੰ ਹੀ ਉਨ੍ਹਾਂ ਨੇ ਬਕਸਰ ਦੇ ਡੀਐੱਮ ਦਾ ਅਹੁਦਾ ਸੰਭਾਲਿਆ ਸੀ। ਵੀਰਵਾਰ ਦੀ ਸ਼ਾਮ ਮਾਮਾ ਦੀ ਤਬੀਅਤ ਖਰਾਬ ਹੋਣ ਦੀ ਗੱਲ ਆਖ ਕੇ ਉਹ ਦਿੱਲੀ ਆਏ ਸਨ।
ਜ਼ਿਕਰਯੋਗ ਹੈ ਕਿ ਉਹ ਦਿੱਲੀ ਦੇ ਇੱਕ ਹੋਟਲ ਵਿੱਚ ਰੁਕੇ ਸਨ। ਉੱਥੇ ਉਨ੍ਹਾਂ ਦੀ ਕਿਸੇ ਗੱਲ ਨੂੰ ਲੈ ਕੇ ਪਤਨੀ ਤੇ ਸਹੁਰੇ ਨਾਲ ਝਗੜਾ ਹੋ ਗਿਆ ਸੀ। ਡੀਐੱਮ ਤੇ ਐਸਐਸਪੀ ਗਾਜ਼ੀਆਬਾਦ ਸਮੇਤ ਅਧਿਕਾਰੀ ਮੌਕੇ ‘ਤੇ ਪਹੁੰਚੇ। ਖੁਦਕੁਸ਼ੀ ਨੋਟ ਵਿੱਚ ਦਰਜ਼ ਸੈਲ ਫੋਨ ਨੰਬਰ ਉਨ੍ਹਾਂ ਦੇ ਸੱਸ-ਸਹੁਰੇ ਦੇ ਹਨ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਇੱਕ ਦਿਨ ਪਹਿਲਾਂ ਹੀ ਮੰਡਲ ਕਮਿਸ਼ਨਰ ਤੋਂ ਛੁੱਟੀ ਲੈ ਲਈ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।