Punjab Weather: ਕਦੋਂ ਮਿਲੇਗੀ ਗਰਮੀ ਤੋਂ ਰਾਹਤ, ਪੜ੍ਹੋ ਪੂਰੀ ਰਿਪੋਰਟ

Punjab Weather
Punjab Weather: ਕਦੋਂ ਮਿਲੇਗੀ ਗਰਮੀ ਤੋਂ ਰਾਹਤ, ਪੜ੍ਹੋ ਪੂਰੀ ਰਿਪੋਰਟ

ਬਠਿੰਡਾ ਰਿਹਾ ਸੂਬੇ ’ਚ ਸਭ ਤੋਂ ਵੱਧ ਗਰਮ, ਪਾਰਾ 41.2 ਡਿਗਰੀ ’ਤੇ ਪੁੱਜਾ

  • ਸੂਬੇ ਅੰਦਰ ਅੱਜ ਤੋਂ ਬਦਲ ਸਕਦੈ ਮੌਸਮ ਦਾ ਮਿਜਾਜ਼, ਗਰਮੀ ਤੋਂ ਮਿਲ ਸਕਦੀ ਐ ਰਾਹਤ
  • ਮੌਸਮ ਵਿਭਾਗ ਵੱਲੋਂ ਲਗਭਗ ਇੱਕ ਹਫਤਾ ਮੌਸਮ ਇਸੇ ਤਰ੍ਹਾਂ ਰਹਿਣ ਦੀ ਪੇਸ਼ੀਨਗੋਈ

Punjab Weather: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੰਜਾਬ ਦੇ ਵਾਸੀਆਂ ਨੂੰ ਜਲਦ ਹੀ ਗਰਮੀ ਤੋਂ ਰਾਹਤ ਮਿਲਣ ਜਾ ਰਹੀ ਹੈ ਅਤੇ ਚੜ੍ਹਦੇ ਮਈ ਮਹੀਨੇ ਤੋਂ ਮੌਸਮ ਬਦਲਣ ਜਾ ਰਿਹਾ ਹੈ। ਉਂਜ ਪਿਛਲੇ ਦੋ ਦਿਨਾਂ ਤੋਂ ਪੰਜਾਬ ਅੰਦਰ ਪੁਰੇ ਦੀ ਹਵਾ ਵਗ ਰਹੀ ਹੈ ਅਤੇ 43 ਡਿਗਰੀ ਤੋਂ ਪਾਰ ਪੁੱਜੇ ਤਾਪਮਾਨ ਵਿੱਚ ਕਮੀ ਦਰਜ ਕੀਤੀ ਗਈ ਹੈ। ਮੌਸਮ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸੂਬੇ ਅੰਦਰ 1 ਮਈ ਤੋਂ ਮੌਸਮ ਦਾ ਮਿਜਾਜ਼ ਬਦਲ ਰਿਹਾ ਹੈ ਅਤੇ ਪੰਜਾਬ ਅੰਦਰ ਤੇਜ਼ ਹਵਾਵਾਂ ਅਤੇ ਗਰਜ ਚਮਕ ਨਾਲ ਮੀਂਹ ਪੈਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਮੌਸਮ ਵਿਭਾਗ ਵੱਲੋਂ 1 ਮਈ ਨੂੰ ਓਰੇਂਜ ਅਲਰਟ ਜਾਰੀ ਕੀਤਾ ਗਿਆ ਹੈ ਅਤੇ ਇਸ ਦਿਨ ਗਰਜ ਚਮਕ ਦੇ ਨਾਲ 50-60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ ਹਵਾਵਾਂ ਚੱਲਣਗੀਆਂ।

ਇਹ ਵੀ ਪੜ੍ਹੋ : ’ਕਿਹਾ ਤਾਂ ਬਹੁਤਿਆਂ ਨੇ ਸੀ ਪਰ ਮੇਰਾ ਘਰ ਬਣਾਇਆ ਡੇਰਾ ਸ਼ਰਧਾਲੂਆਂ ਨੇ ਹੀ’

ਇਸ ਤੋਂ ਬਾਅਦ ਅਗਲਾ ਇੱਕ ਹਫਤਾ ਮੌਸਮ ਇਸੇ ਤਰ੍ਹਾਂ ਰਹੇਗਾ ਅਤੇ ਪੰਜਾਬ ਦੇ ਕਈ ਥਾਵਾਂ ’ਤੇ ਗਰਜ ਚਮਕ ਦੇ ਨਾਲ ਛਿੱਟੇ ਅਤੇ ਤੇਜ ਹਵਾਵਾਂ ਚੱਲਣ ਦੀ ਚਿਤਾਵਨੀ ਜਾਰੀ ਕੀਤੀ ਗਈ। ਇਸ ਦੇ ਨਾਲ ਹੀ ਜੇਕਰ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਅੱਜ ਪੰਜਾਬ ਅੰਦਰ ਵੱਧ ਤੋਂ ਵੱਧ ਤਾਪਮਾਨ ਬਠਿੰਡਾ ਏਅਰਪੋਰਟ ਦਾ ਦਰਜ ਕੀਤਾ ਗਿਆ ਹੈ। ਇੱਥੇ ਤਾਪਮਾਨ 41.2 ਡਿਗਰੀ ਸੈਲਸੀਅਸ ਰਿਹਾ ਹੈ ਜਦੋਂ ਕਿ ਕੁਝ ਦਿਨ ਪਹਿਲਾਂ ਬਠਿੰਡਾ ਏਅਰਪੋਰਟ ਦਾ ਤਾਪਮਾਨ 43 ਡਿਗਰੀ ਨੂੰ ਪਾਰ ਕਰ ਗਿਆ ਸੀ। ਪਿਛਲੇ ਦੋ ਦਿਨਾਂ ਤੋਂ ਪੁਰੇ ਦੀ ਹਵਾ ਵਗਣ ਕਾਰਨ ਤਾਪਮਾਨ ਵਿੱਚ ਕੁਝ ਕਮੀ ਦਰਜ ਕੀਤੀ ਗਈ ਹੈ। ਬਠਿੰਡਾ ਤੋਂ ਬਾਅਦ ਫਾਜ਼ਿਲਕਾ ਦਾ ਤਾਪਮਾਨ ਅੱਜ 40.9 ਡਿਗਰੀ ਰਿਹਾ ਹੈ । ਇਧਰ ਜੇਕਰ ਹਰਿਆਣਾ ਸੂਬੇ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਅੱਜ ਵੱਧ ਤੋਂ ਵੱਧ ਤਾਪਮਾਨ ਸਰਸਾ ਦਾ ਦਰਜ ਕੀਤਾ ਗਿਆ ਹੈ।

ਅੱਜ ਸਰਸਾ ਅੰਦਰ ਤਾਪਮਾਨ 40.4 ਡਿਗਰੀ ਸੈਲਸੀਅਸ ਰਿਹਾ ਹੈ। ਇਸ ਤੋਂ ਬਾਅਦ ਫਰੀਦਾਬਾਦ ਦਾ ਤਾਪਮਾਨ 39.8 ਡਿਗਰੀ ਦਰਜ ਕੀਤਾ ਗਿਆ ਹੈ। ਪੰਜਾਬ ਅੰਦਰ ਕੱਲ੍ਹ ਤੋਂ ਮੌਸਮ ਬਦਲਣ ਦੇ ਨਾਲ ਹੀ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਜਾਵੇਗੀ। ਤੇਜ਼ ਹਵਾਵਾਂ ਦਾ ਅਲਰਟ ਜਾਰੀ ਹੋਣ ਕਾਰਨ ਪੰਜਾਬ ਦੇ ਲੋਕਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਕਿ ਕਿਤੇ ਪਿਛਲੇ ਦਿਨਾਂ ਵਾਂਗ ਤੇਜ਼ ਝੱਖੜ ਦਾ ਸਾਹਮਣਾ ਨਾ ਕਰਨਾ ਪਵੇ। ਦੱਸਣਯੋਗ ਹੈ ਕਿ ਪਿਛਲੇ ਦਿਨੀਂ ਆਏ ਝੱਖੜ ਕਾਰਨ ਪਾਵਰਕੌਮ ਸਮੇਤ ਆਮ ਲੋਕਾਂ ਨੂੰ ਭਾਰੀ ਨੁਕਸਾਨ ਝੱਲਣਾ ਪਿਆ ਸੀ। ਤੇਜ਼ ਝੱਖੜ ਦਾ ਆਲਮ ਇਹ ਸੀ ਕਿ ਪਾਵਰਕੌਮ ਵੱਲੋਂ ਆਪਣੇ ਡਿੱਗੇ ਖੰਭੇ ਅਤੇ ਟਰਾਂਸਫਾਰਮਰ ਅਜੇ ਤੱਕ ਸਹੀ ਨਹੀਂ ਕੀਤੇ ਗਏ। ਕਈ ਥਾਈਂ ਬਿਜਲੀ ਮੁਲਾਜ਼ਮਾਂ ਵੱਲੋਂ ਮੋਟਰ ਵਾਲੀਆਂ ਲਾਈਨਾਂ ਨੂੰ ਚਾਲੂ ਕਰਨ ਲਈ ਅਜੇ ਤੱਕ ਜਦੋ-ਜਹਿਦ ਕੀਤੀ ਜਾ ਰਹੀ ਹੈ। Punjab Weather

ਬਿਜਲੀ ਦੀ ਮੰਗ 10800 ਮੈਗਾਵਾਟ ਨੂੰ ਪਾਰ | Punjab Weather

ਇਧਰ ਜੇਕਰ ਬਿਜਲੀ ਦੀ ਮੰਗ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਅੰਦਰ ਅੱਜ ਬਿਜਲੀ ਦੀ ਮੰਗ 10 ਹਜ਼ਾਰ 800 ਮੈਗਾਵਾਟ ਦੇ ਨੇੜੇ ਤੇੜੇ ਰਹੀ। ਗਰਮੀ ਵਧਣ ਦੇ ਨਾਲ ਹੀ ਬਿਜਲੀ ਦੀ ਮੰਗ ਵਿੱਚ ਵੱਡਾ ਵਾਧਾ ਦਰਜ ਕੀਤਾ ਗਿਆ ਹੈ। ਪਾਵਰਕੌਮ ਵੱਲੋਂ ਬਿਜਲੀ ਦੀ ਮੰਗ ਦੀ ਪੂਰਤੀ ਲਈ ਆਪਣੇ ਸਰਕਾਰੀ ਥਰਮਲਾਂ ਸਮੇਤ ਪ੍ਰਾਈਵੇਟ ਥਰਮਲਾਂ ਦੇ ਲਗਭਗ ਸਾਰੇ ਯੂਨਿਟ ਭਖਾਏ ਹੋਏ ਹਨ। ਅਗਲੇ ਦਿਨਾਂ ਦੌਰਾਨ ਮੌਸਮ ਵਿੱਚ ਬਦਲਾਅ ਆਉਣ ਕਾਰਨ ਬਿਜਲੀ ਦੀ ਮੰਗ ਵਿੱਚ ਕੁਝ ਗਿਰਾਵਟ ਦਰਜ ਕੀਤੀ ਜਾ ਸਕਦੀ ਹੈ। ਪਾਵਰਕੌਮ ਦੀ ਇੱਕ ਅਧਿਕਾਰੀ ਦਾ ਕਹਿਣਾ ਸੀ ਕਿ ਗਰਮੀਆਂ ਅਤੇ ਆਉਣ ਵਾਲੇ ਝੋਨੇ ਦੇ ਸੀਜਨ ਲਈ ਪੂਰੇ ਪ੍ਰਬੰਧ ਕੀਤੇ ਹੋਏ ਹਨ ਅਤੇ ਇਸ ਵਾਰ ਬਿਜਲੀ ਦੀ ਮੰਗ 17 ਹਜ਼ਾਰ ਮੈਗਾਵਾਟ ਨੂੰ ਪਾਰ ਕਰਨ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ।