Punjab Government: ਕਣਕ ਦੇ ਨਾੜ ਨੂੰ ਅੱਗ ਲੱਗਣ ਕਾਰਨ ਝੁਲਸੇ ਵਿਅਕਤੀਆਂ ਦਾ ਇਲਾਜ ਪੰਜਾਬ ਸਰਕਾਰ ਕਰਵਾਏਗੀ : ਡਾ. ਬਲਬੀਰ ਸਿੰਘ

Punjab Government
ਨਾਭਾ : ਪਿੰਡ ਕੈਦੂਪੁਰ ਵਿਖੇ ਕਣਕ ਦੇ ਨਾੜ ਨੂੰ ਅੱਗ ਲੱਗਣ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲੈਂਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ, ਨਾਲ ਐਸ.ਡੀ.ਐਮ ਨਾਭਾ ਡਾ. ਇਸਮਤ ਵਿਜੇ ਸਿੰਘ।

ਸਿਹਤ ਮੰਤਰੀ ਨੇ ਪੀ.ਜੀ.ਆਈ. ਵਿਖੇ ਮਜ਼ਦੂਰ ਦਿਆਲ ਸਿੰਘ ਸਮੇਤ ਮੌੜ ਮੰਡੀ ਤੇ ਫ਼ਰੀਦਕੋਟ ਦੇ ਕਿਸਾਨਾਂ ਦਾ ਹਸਪਤਾਲ ਜਾ ਕੇ ਜਾਣਿਆ ਹਾਲ

Punjab Government: (ਤਰੁਣ ਕੁਮਾਰ ਸ਼ਰਮਾ/ ਸੁਸ਼ੀਲ ਕੁਮਾਰ) ਨਾਭਾ/ ਭਾਦਸੋਂ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਕਣਕ ਦੇ ਨਾੜ ਨੂੰ ਅੱਗ ਲੱਗਣ ਕਾਰਨ ਪਿੰਡ ਅਜਨੌਦਾ ਖ਼ੁਰਦ ਦੇ ਮਜ਼ਦੂਰ ਦਿਆਲ ਸਿੰਘ ਸਮੇਤ ਅੱਗ ਨਾਲ ਝੁਲਸਣ ਕਾਰਨ ਪੀ.ਜੀ.ਆਈ. ਵਿੱਚ ਜੇਰੇ ਇਲਾਜ ਮੌੜ ਮੰਡੀ ਤੇ ਫ਼ਰੀਦਕੋਟ ਦੇ ਦੋ ਕਿਸਾਨਾਂ ਦੇ ਇਲਾਜ ਦਾ ਸਾਰਾ ਖਰਚਾ ਪੰਜਾਬ ਸਰਕਾਰ ਵੱਲੋਂ ਕੀਤਾ ਜਾਵੇਗਾ। ਸਿਹਤ ਮੰਤਰੀ ਅੱਜ ਪਟਿਆਲਾ ਦਿਹਾਤੀ ਹਲਕੇ ਦੇ ਪਿੰਡ ਕੈਦੂਪੁਰ ਵਿਖੇ ਬੀਤੀ 26 ਅਪਰੈਲ ਨੂੰ ਕਰੀਬ 16 ਏਕੜ ਕਣਕ ਦੇ ਨਾੜ ਨੂੰ ਅੱਗ ਲੱਗਣ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਪੁੱਜੇ ਹੋਏ ਸਨ। ਇਸ ਮੌਕੇ ਉਨ੍ਹਾਂ ਦੇ ਨਾਲ ਐੱਸਡੀਐੱਮ ਨਾਭਾ ਡਾ. ਇਸਮਤ ਵਿਜੇ ਸਿੰਘ ਵੀ ਮੌਜੂਦ ਸਨ।

ਇਸ ਮੌਕੇ ਡਾ. ਬਲਬੀਰ ਸਿੰਘ ਨੇ ਕਿਹਾ ਕਿ ਪਿੰਡ ਕੈਦੂਪੁਰ ਦੇ ਜਿਨ੍ਹਾਂ ਕਿਸਾਨਾਂ ਦੇ ਨਾੜ ਨੂੰ ਅੱਗ ਲੱਗਣ ਨਾਲ ਤੂੜੀ ਦਾ ਨੁਕਸਾਨ ਹੋਇਆ ਹੈ, ਉਸ ਨੁਕਸਾਨ ਦੀ ਭਰਪਾਈ ਉਹ ਆਪਣੀ ਤਨਖ਼ਾਹ ਵਿਚੋਂ ਕਰਨਗੇ। ਉਨ੍ਹਾਂ ਕਿਸਾਨਾਂ ਨੂੰ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪ੍ਰਭਾਵਿਤ ਕਿਸਾਨਾਂ ਤੇ ਮਜ਼ਦੂਰਾਂ ਦੀ ਹਰ ਸੰਭਵ ਮੱਦਦ ਕੀਤੀ ਜਾਵੇਗੀ। ਡਾ. ਬਲਬੀਰ ਸਿੰਘ ਨੇ ਕਿਹਾ ਕਿ ਅੱਗ ਲੱਗਣ ਕਾਰਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤੁਰੰਤ ਆਉਣ ਕਰਕੇ ਅਤੇ ਲੋਕਾਂ ਵੱਲੋਂ ਕੀਤੇ ਯਤਨਾਂ ਸਦਕਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ ਹੈ ਪਰ ਪਿੰਡ ਅਜਨੌਦਾ ਖ਼ੁਰਦ ਦੇ ਮਜ਼ਦੂਰ ਦਿਆਲ ਸਿੰਘ ਅੱਗ ਬੁਝਾਉਂਦੇ ਹੋਏ ਝੁਲਸ ਗਏ ਸਨ, ਜਿਨ੍ਹਾਂ ਦਾ ਇਲਾਜ ਪੀ.ਜੀ.ਆਈ. ਵਿਖੇ ਚੱਲ ਰਿਹਾ ਹੈ ਤੇ ਉਨ੍ਹਾਂ ਖੁਦ ਪੀ.ਜੀ.ਆਈ. ਵਿਖੇ ਦਿਆਲ ਸਿੰਘ ਅਤੇ ਉਸਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ ਹੈ ਤੇ ਪੰਜਾਬ ਸਰਕਾਰ ਵੱਲੋਂ ਇਲਾਜ ਸਮੇਤ ਹਰੇਕ ਸੰਭਵ ਮਦਦ ਦੇਣ ਲਈ ਕਿਹਾ ਗਿਆ ਹੈ।

ਇਹ ਵੀ ਪੜ੍ਹੋ: Crime News: ਪੁਲਿਸ ਵੱਲੋਂ ਪੇਸ਼ੇਵਰ ਮੁਜ਼ਰਮ 2 ਨਜਾਇਜ਼ ਪਿਸਟਲਾਂ ਅਤੇ ਕਾਰਤੂਸਾਂ ਸਮੇਤ ਗ੍ਰਿਫਤਾਰ

ਸਿਹਤ ਮੰਤਰੀ ਨੇ ਕਿਹਾ ਕਿ ਪੀ.ਜੀ.ਆਈ. ਵਿਖੇ ਅੱਗ ਨਾਲ ਝੁਲਸਣ ਕਾਰਨ ਪੰਜਾਬ ਦੇ ਤਿੰਨ ਵਿਅਕਤੀ ਜੇਰੇ ਇਲਾਜ ਹਨ ਤੇ ਇਨ੍ਹਾਂ ਦੇ ਇਲਾਜ ਦਾ ਖਰਚ ਪੰਜਾਬ ਸਰਕਾਰ ਵੱਲੋਂਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਣਕ ਦੇ ਸੀਜ਼ਨ ਦੌਰਾਨ ਮੌਸਮ ਖੁਸ਼ਕ ਹੋਣ ਕਾਰਨ ਅੱਗ ਲੱਗਣ ਦੀਆਂ ਘਟਨਾਵਾਂ ਵਾਪਰਦੀਆਂ ਹਨ, ਪਰ ਜੇਕਰ ਕਿਸਾਨ ਸਾਂਝੀਆਂ ਵੱਟਾਂ ’ਤੇ ਸਰ੍ਹੋਂ ਜਾਂ ਫੇਰ ਹੋਰ ਹਰਿਆਵਲ ਵਾਲੀ ਫ਼ਸਲ ਲਗਾ ਲੈਣ ਤਾਂ ਇਸ ਨਾਲ ਅੱਗ ਨੂੰ ਅੱਗੇ ਵਧਣ ਤੋਂ ਰੋਕਿਆ ਜਾ ਸਕਦਾ ਹੈ। ਇਸ ਦੌਰਾਨ ਡਾ. ਬਲਬੀਰ ਸਿੰਘ ਨੇ ਕਿਸਾਨ ਮਨਜੀਤ ਸਿੰਘ, ਜਿਸਦੇ 14 ਏਕੜ ਰਕਬੇ ਤੇ ਕੁਲਵਿੰਦਰ ਸਿੰਘ, ਜਿਸਦੇ 4 ਏਕੜ ਰਕਬੇ ਵਿੱਚ ਨਾੜ ਸੜਿਆ ਹੈ, ਨੂੰ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਨਾਲ ਖੜ੍ਹੀ ਹੈ ਅਤੇ ਉਨ੍ਹਾਂ ਦੇ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾਵੇਗੀ। Punjab Government