Old Age Pension Punjab: ਪਿਛਲੇ ਦੋ-ਤਿੰਨ ਹਫ਼ਤਿਆਂ ਤੋਂ ਬੈਂਕਾਂ ਦੇ ਚੱਕਰ ਕੱਟ ਰਹੇ ਨੇ ਬਜ਼ੁਰਗ ਤੇ ਅੰਗਹੀਣ
- ਫਰਵਰੀ ਦੀ ਪੈਨਸ਼ਨ ਵੀ 25 ਮਾਰਚ ਤੋਂ ਬਾਅਦ ਆਈ ਸੀ ਬਜ਼ੁਰਗਾਂ ਦੇ ਖਾਤਿਆਂ ’ਚ ਪੈਨਸ਼ਨ | Old Age Pension Punjab
Old Age Pension Punjab: ਪਟਿਆਲਾ (ਨਰਿੰਦਰ ਸਿੰਘ ਬਠੋਈ)। ਮਾਰਚ ਮਹੀਨੇ ਦੀ ਬੁਢਾਪਾ ਤੇ ਅੰਗਹੀਣ ਪੈਨਸ਼ਨ ਅੱਜ 22 ਅਪਰੈਲ ਤੱਕ ਬਜ਼ੁਰਗਾਂ ਅਤੇ ਅੰਗਹੀਣਾਂ ਨੂੰ ਨਸੀਬ ਨਹੀਂ ਹੋਈ। ਜਿਸ ਕਾਰਨ ਬਜੁਰਗਾਂ ਅਤੇ ਅੰਗਹੀਣਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਜ਼ੁਰਗ ਤੇ ਅੰਗਹੀਣ ਪਿਛਲੇ ਦੋ-ਤਿੰਨ ਹਫਤਿਆਂ ਤੋਂ ਬੈਂਕਾਂ ਦੇ ਚੱਕਰ ਲਗਾ ਰਹੇ ਹਨ ਪਰ ਇਨ੍ਹਾਂ ਨੂੰ ਨਾ ਤਾਂ ਪੈਨਸ਼ਨ ਮਿਲੀ ਹੈ ਅਤੇ ਨਾ ਹੀ ਕਿਸੇ ਬੈਂਕ ਅਧਿਕਾਰੀ ਵੱਲੋਂ ਕੋਈ ਪੱਕੀ ਡੇਟ ਦਿੱਤੀ ਜਾ ਰਹੀ ਹੈ ਕਿ ਇਸ ਤਾਰੀਕ ਤੱਕ ਪੈਨਸ਼ਨ ਮਿਲ ਜਾਵੇਗੀ। ਇੱਥੇ ਇਹ ਵੀ ਜਿਕਰਯੋਗ ਹੈ ਕਿ ਇਹ ਲਗਾਤਾਰ ਦੂਜਾ ਮਹੀਨਾ ਹੈ, ਜਦੋਂ ਬਜ਼ੁਰਗਾਂ ਦੀ ਪੈਨਸ਼ਨ ਲੇਟ ਹੋਈ ਹੈ। ਫਰਵਰੀ 2025 ਦੀ ਪੈਨਸ਼ਨ ਵੀ 25 ਮਾਰਚ ਤੋਂ ਬਾਅਦ ਬਜ਼ੁਰਗਾਂ ਦੇ ਖਾਤਿਆਂ ’ਚ ਆਈ ਸੀ ਤੇ ਹੁਣ ਅਪਰੈਲ ਮਹੀਨੇ ਦੌਰਾਨ ਵੀ ਬਜ਼ੁਰਗਾਂ ਨੂੰ ਹੁਣ ਤੱਕ ਪੈਨਸ਼ਨ ਨਸੀਬ ਨਹੀਂ ਹੋਈ।
Read Also : Punjab: ਪੰਜਾਬ ਦੇ ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਨੂੰ ਆਦੇਸ਼, ਸਖ਼ਤ ਕਾਰਵਾਈ ਦੀ ਦਿੱਤੀ ਚਿਤਾਵਨੀ
ਪਟਿਆਲਾ ਜ਼ਿਲ੍ਹੇ ਦੇ ਪਿੰਡ ਬਰਸਟ ਦੇ ਬਜ਼ੁਰਗ ਰਾਮਨਾਥ ਸਿੰਘ, ਕਰਨੈਲ ਸਿੰਘ, ਪਾਖਰ ਸਿੰਘ ਤੇ ਅੰਗਹੀਣ ਗੁਰਵਿੰਦਰ ਸਿੰਘ, ਬਲਬੀਰ ਸਿੰਘ ਅਤੇ ਪਿੰਡ ਬਠੋਈ ਕਲਾਂ ਦੇ ਅਮਰ ਸਿੰਘ, ਦੀਪੋ, ਚਰਨੋ, ਮਿੱਤੋ, ਰਾਮ ਕ੍ਰਿਸ਼ਨ ਤੇ ਪਿੰਡ ਡਕਾਲਾ ਦੇ ਬਜ਼ੁਰਗ ਲਾਭ ਸਿੰਘ, ਮਲਕੀਤ ਸਿੰਘ, ਪਿਆਰਾ ਸਿੰਘ, ਭੋਲਾ ਸਿੰਘ ਆਦਿ ਕਿਹਾ ਕਿ ਉਹ ਪਿਛਲੇ ਕਈ ਦਿਨਾਂ ਤੋਂ ਬੁਢਾਪਾ ਪੈਨਸ਼ਨ ਦੀ ਉਡੀਕ ਕਰ ਰਹੇ ਹਨ ਪਰ ਅਪਰੈਲ ਮਹੀਨੇ ਦੀ 22 ਤਰੀਕ ਹੋਣ ਦੇ ਬਾਵਜੂਦ ਉਨ੍ਹਾਂ ਦੇ ਖਾਤਿਆਂ ’ਚ ਬੁਢਾਪਾ ਪੈਨਸ਼ਨ ਨਹੀਂ ਆਈ।
Old Age Pension Punjab
ਉਨ੍ਹਾਂ ਕਿਹਾ ਕਿ ਉਂਜ ਮਹੀਨੇ ਦੀ 10 ਜਾਂ 11 ਤਾਰੀਖ ਤੱਕ ਬੁਢਾਪਾ ਪੈਨਸ਼ਨ ਉਨ੍ਹਾਂ ਨੂੰ ਮਿਲ ਜਾਂਦੀ ਸੀ, ਪਰ ਇਸ ਮਹੀਨੇ ਤਾਂ ਹੱਦ ਹੀ ਹੋ ਗਈ ਹੈ। ਉਨ੍ਹ੍ਹਾਂ ਕਿਹਾ ਕਿ ਇਸ ਮਹੀਨੇ ਦੇ ਸਿਰਫ 8 ਦਿਨ ਬਾਕੀ ਰਹਿ ਗਏ ਹਨ। ਉਨ੍ਹਾਂ ਕਿਹਾ ਕਿ ਪਿਛਲੇ ਵਾਰੀ ਮਾਰਚ ਮਹੀਨੇ ਦੌਰਾਨ ਵੀ ਉਨ੍ਹਾਂ ਨੂੰ ਪੈਨਸ਼ਨ ਲੇਟ ਹੀ ਨਸੀਬ ਹੋਈ ਸੀ।
ਕਈ ਬਜ਼ੁਰਗਾਂ ਨੇ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਆਸ ਸੀ ਕਿ ਸ਼ਾਇਦ ਮਾਰਚ ਮਹੀਨੇ ਦੌਰਾਨ ਨਵੀਂ ਬਣੀ ਆਪ ਸਰਕਾਰ ਉਨ੍ਹਾਂ ਦੀ ਪੈਨਸ਼ਨ ’ਚ ਵਾਧਾ ਕਰੇਗੀ, ਪਰ ਇਹ ਸਰਕਾਰ ਤਾਂ ਉਲਟਾ ਉਨ੍ਹਾਂ ਦੀ ਪਹਿਲਾਂ ਤੋਂ ਚੱਲੀ ਆ ਰਹੀ ਪੈਨਸ਼ਨ ਵੀ ਨਹੀਂ ਪਾ ਰਹੀ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜਲਦ ਹੀ ਉਨ੍ਹਾਂ ਦੀ ਬੁਢਾਪਾ ਪੈਨਸ਼ਨ ਉਨ੍ਹਾਂ ਦੇ ਖਾਤਿਆਂ ’ਚ ਪਾਈ ਜਾਵੇ ਤਾਂ ਉਹ ਆਪਣਾ ਜੀਵਨ ਸੁੱਖੀ-ਸਾਂਦੀ ਬਤੀਤ ਕਰ ਸਕਣ।
25 ਅਪਰੈਲ ਤੋਂ ਬਾਅਦ ਸਭ ਨੂੰ ਮਿਲ ਜਾਵੇਗੀ ਪੈਨਸ਼ਨ : ਚਰਨਜੀਤ ਸਿੰਘ ਮਾਨ
ਇਸ ਸਬੰਧੀ ਜਦੋਂ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਵਧੀਕ ਡਾਇਰੈਕਟਰ ਚਰਨਜੀਤ ਸਿੰਘ ਮਾਨ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਬੁਢਾਪਾ ਤੇ ਅੰੰਗਰੀਣ ਪੈਨਸ਼ਨ ਵਾਲਿਆਂ ਦੇ ਅੱਜ ਬਿੱਲ ਪਾਸ ਹੋ ਚੁੱਕੇ ਹਨ ਅਤੇ 25 ਤਰੀਖ ਤੋਂ ਬਾਅਦ ਸਭ ਨੂੰ ਪੈਨਸ਼ਨ ਮਿਲ ਜਾਵੇਗੀ। ਉਨ੍ਹਾਂ ਕਿਹਾ ਕਿ ਬਜਟ ਆਉਣ ਕਾਰਨ ਸਾਲ ’ਚ ਦੋ ਮਹੀਨੇ ਲੇਟ ਪੈਨਸ਼ਨ ਆਉਦੀ ਹੈ, ਨਹੀਂ ਤਾਂ ਹਰ ਮਹੀਨੇ 10 ਤਰੀਖ ਤੱਕ ਸਭ ਨੂੰ ਪੈਨਸ਼ਨ ਮਿਲ ਜਾਂਦੀ ਹੈ।