Sand Mining: ਲੁਧਿਆਣਾ (ਜਸਵੀਰ ਸਿੰਘ ਗਹਿਲ)। ਮਹਾਨਗਰ ਲੁਧਿਆਣਾ ’ਚ ਬੀਤੇ ਦਿਨੀਂ ਰੇਤ ਮਾਇਨਿੰਗ ਨੂੰ ਲੈ ਕੇ ਹੋਇਆ ਹੰਗਾਮਾ ਸਿਆਸੀ ਤੂਲ ਫੜਨ ਲੱਗਾ ਹੈ। ਇਸ ’ਤੇ ਜਿੱਥੇ ਸਬੰਧਿਤ ਹਲਕਾ ਸਾਹਨੇਵਾਲ ਤੋਂ ‘ਆਪ’ ਦੇ ਵਿਧਾਇਕ ਤੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਲੋਕਾਂ ਨੂੰ ਕਾਨੂੰਨ ਦਾ ਪਾਠ ਪੜ੍ਹਾਇਆ ਹੈ। ਉੱਥੇ ਹੀ ਭਾਜਪਾ ਆਗੂ ਜੈਇੰਦਰ ਕੌਰ ਸਬੰਧਿਤ ਮਹਿਲਾ ਵਕੀਲ ਦੇ ਸਮਰੱਥਨ ’ਚ ਉਤਰ ਆਈ ਹੈ। ਦੂਜੇ ਪਾਸੇ ਪਿੰਡ ਵਾਸੀਆਂ ਨੇ ਵੀ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ।
ਆਪਣਾ ਨਾਂਅ ਨਾ ਛਾਪਣ ਦੀ ਸ਼ਰਤ ’ਤੇ ਕੁਝ ਪਿੰਡ ਵਾਸੀਆਂ ਦੇ ਦੱਸਣ ਮੁਤਾਬਕ ਮਹਿਲਾ ਵਕੀਲ ਤੇ ਟਿੱਪਰ ਚਾਲਕਾਂ ਵਿਚਾਲੇ ਝਗੜਾ ਪਿੰਡ ਸਸਰਾਲੀ ਕਲੋਨੀ ਨਜ਼ਦੀਕ ਹੋਇਆ ਸੀ। ਜਦਕਿ ਮਹਿਲਾ ਵਕੀਲ ਪਿੰਡ ਗੌਂਸਗੜ੍ਹ ਦੀ ਰਹਿਣ ਵਾਲੀ ਹੈ। ਜਿੱਥੋਂ ਦੀ ਪਹਿਲਾਂ ਟਿੱਪਰ ਤੇ ਟਰਾਲੀਆਂ ਚੱਲਦੀਆਂ ਸਨ। ਵਕੀਲ ਨੇ ਖੁਦ ਸਸਰਾਲੀ ਕਲੋਨੀ ਲਾਗੇ ਆ ਕੇ ਹੰਗਾਮਾ ਕੀਤਾ। ਪਿੰਡ ਦੇ ਲੋਕਾਂ ਨੇ ਇਹ ਵੀ ਦੱਸਿਆ ਕਿ ਇਸ ਦੀ ਬਕਾਇਦਾ ਪਿੰਡਾਂ ’ਚ ਪਰਚੀ ਕੱਟੀ ਜਾਂਦੀ ਹੈ। Sand Mining
Read Also : Voter ID Card and Aadhaar: ਵੋਟਰ ਆਈਡੀ ਕਾਰਡ ਤੇ ਆਧਾਰ ਨਾਲ ਜੁੜਿਆ ਤਾਜ਼ਾ ਫ਼ੈਸਲਾ, ਹੁਣ ਕਰਨਾ ਪਵੇਗਾ ਇਹ ਕੰਮ
ਪਿੰਡ ਵਾਸੀਆਂ ਮੁਤਾਬਿਕ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੁਆਰਾ ਜੋ 5 ਰੁਪਏ ਫੁੱਟ ਰੇਤੇ ਦੀ ਸਕੀਮ ਚਲਾਈ ਗਈ, ਉਹ ਹੀ ਹੁਣ ਚੱਲ ਰਹੀ ਹੈ। ਪਿੰਡ ਵਾਸੀਆਂ ਦਾ ਇਹ ਵੀ ਕਹਿਣਾ ਹੈ ਕਿ ਜਿਹੜੇ ਟਿੱਪਰਾਂ ਨੂੰ ਰੋਕਿਆ ਗਿਆ ਉਹ ਰਜਿਸਟਰਡ ਹਨ। ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਣੀ ਚਾਹੀਦੀ ਹੈ। ਮਾਮਲਾ ਉਸ ਸਮੇਂ ਸਿਆਸੀ ਤੂਲ ਫ਼ੜ ਗਿਆ ਜਦੋਂ ਭਾਜਪਾ ਆਗੂ ਜੈਇੰਦਰ ਕੌਰ ਨੇ ਰਾਜਪਾਲ ਗੁਲਾਬ ਚੰਦ ਕਟਾਰੀਆ ਤੇ ਲੁਧਿਆਣਾ ਵਿਖੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੂੰ ਮੰਗ ਪੱਤਰ ਦਿੰਦੇ ਹੋਏ ਨਿਰਪੱਖ ਜਾਂਚ ਤੇ ਕਾਰਵਾਈ ਦੀ ਮੰਗ ਕੀਤੀ।
Sand Mining
ਇਸ ਮਾਮਲੇ ’ਚ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆ ਨੇ ਦਿਨ ਵੇਲੇ ਹੋ ਰਹੀ ਮਾਇਨਿੰਗ ਨੂੰ ਕਾਨੂੰਨੀ ਤੇ ਰਾਤ ਦੇ ਹਨੇ੍ਹਰੇ ’ਚ ਹੋਣ ਵਾਲੀ ਮਾਇਨਿੰਗ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਹੈ। ਇਹ ਵੀ ਦੱਸ ਦੇਈਏ ਕਿ ਪੁਲਿਸ ਵੱਲੋਂ ਪਹਿਲਾਂ ਹੀ ਮਹਿਲਾ ਵਕੀਲ ਦੇ ਬਿਆਨਾਂ ’ਤੇ ਬੀਤੇ ਦਿਨ 7 ਜਣਿਆਂ ਖਿਲਾਫ਼ ਕੁੱਟਮਾਰ ਦਾ ਮਾਮਲਾ ਦਰਜ਼ ਕੀਤਾ ਜਾ ਚੁੱਕਾ ਹੈ।
‘ਪੁਲਿਸ ਜਾਂ ਡੀਸੀ ਨੂੰ ਦਿੱਤੀ ਜਾਵੇ ਸ਼ਿਕਾਇਤ’
ਮਾਮਲੇ ਸਬੰਧੀ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦੇ ਕਾਨੂੰਨੀ ਕੰਮ ’ਚ ਵਿਘਨ ਨਹੀਂ ਪਾਉਣਾ ਚਾਹੀਦਾ। ਜੇਕਰ ਕੋਈ ਵੀ ਗੈਰ-ਕਾਨੂੰਨੀ ਕੰਮ ਹੁੰਦਾ ਹੈ ਤਾਂ ਇਸ ਸਬੰਧੀ ਪੁਲਿਸ ਪ੍ਰਸ਼ਾਸਨ ਜਾਂ ਡਿਪਟੀ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ ਜਾਵੇ, ਨਾ ਕਿ ਖੁਦ ਕਾਨੂੰਨ ਦੇ ਵਿਰੁੱਧ ਚੱਲਣ ਵਾਲਿਆਂ ਨੂੰ ਰੋਕਿਆ ਜਾਵੇ। ਉਨ੍ਹਾਂ ਕਿਹਾ ਕਿ ਉਹ ਖੁਦ ਵੀ ਅਜਿਹਾ ਹੀ ਕਰਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਜਿਹੜੀ ਖੱਡ ਦੀ ਗੱਲ ਕੀਤੀ ਜਾ ਰਹੀ ਹੈ, ਉਹ ਕਾਨੂੰਨੀ ਹੈ ਤੇ ਸਰਕਾਰ ਦੀ ਦੇਖ-ਰੇਖ ਹੇਠ ਚੱਲ ਰਹੀ ਹੈ।
‘ਨਿਰਪੱਖ ਜਾਂਚ ਤੇ ਬਣਦੀ ਕਾਰਵਾਈ ਹੋਵੇ’
ਜੈਇੰਦਰ ਕੌਰ ਨੇ ਕਿਹਾ ਕਿ ਉਹ ਨਜਾਇਜ਼ ਮਾਇਨਿੰਗ ਦੇ ਮਾਮਲੇ ’ਚ ਪੀੜਤਾ ਮਹਿਲਾ ਵਕੀਲ ਸਿਮਰਨਪ੍ਰੀਤ ਕੌਰ ਦੇ ਹੱਕ ’ਚ ਪੁਲਿਸ ਕਮਿਸ਼ਨਰ ਨੂੰ ਮਿਲੇ ਸਨ। ਜਿਨ੍ਹਾਂ ਉਨ੍ਹਾਂ ਨੂੰ ਵਿਸ਼ਵਾਸ਼ ਦਿਵਾਇਆ ਹੈ ਕਿ ਮਾਮਲੇ ’ਚ ਨਿਰਪੱਖ ਜਾਂਚ ਕਰਕੇ ਦੋਸ਼ੀਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਉਨ੍ਹਾਂ ਰਾਜਪਾਲ ਪੰਜਾਬ ਗੁਲਾਬ ਚੰਦ ਕਟਾਰੀਆ ਨੂੰ ਮਿਲਕੇ ਮਾਮਲਾ ਉਨ੍ਹਾਂ ਦੇ ਵੀ ਧਿਆਲ ’ਚ ਲਿਆ ਦਿੱਤਾ ਹੈ।
‘ਉਹ ਲੋਕਾਂ ਨੂੰ ਜਾਗਰੂਕ ਕਰ ਰਹੇ ਨੇ’
ਮਹਿਲਾ ਵਕੀਲ ਸਿਮਰਨਜੀਤ ਕੌਰ ਗਿੱਲ ਨੇ ਕਿਹਾ ਕਿ ਉਹ ਪਿਛਲੇ ਦੋ ਮਹੀਨਿਆਂ ਤੋਂ ਆਪਣੇ ਪਿੰਡ ਗੌਂਸਗੜ੍ਹ ’ਚ ਗੈਰ-ਕਾਨੂੰਨੀ ਮਾਇਨਿੰਗ ਦੇ ਵਿਰੁੱਧ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ। ਕਿਉਂਕਿ ਕਾਨੂੰਨੀ ਮਾਇਨਿੰਗ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਕੀਤਾ ਜਾ ਰਿਹਾ ਹੈ, ਜਿਸ ਦੇ ਵਿਰੁੱਧ ਉਹ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ।