
ਕੁਦਰਤੀ ਆਫ਼ਤ ਗੜ੍ਹਿਆਂ ਅਤੇ ਅੱਗ ਨਾਲ ਨੁਕਸਾਨੀ ਕਣਕ ਦੀ ਜਲਦੀ ਗਿਰਦਾਵਰੀ ਕਰਵਾਕੇ ਮੁਆਵਜ਼ੇ ਦਾ ਪ੍ਰਬੰਧ ਕਰੇ ਸਰਕਾਰ : ਡੱਲੇਵਾਲਾ
Punjab Kisan News: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਵੱਡੇ ਆਗੂ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਪੰਜਾਬ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਬੀਤੇ ਕੱਲ੍ਹ ਕਿਸਾਨਾਂ ਦੀਆਂ ਫਸਲਾਂ ਕਣਕ, ਪਿਆਜ਼ ਅਤੇ ਹਰੇ ਚਾਰੇ ’ਤੇ ਬੇਮੌਸਮੀ ਬਰਸਾਤ ਗੜੇਮਾਰੀ ਅਤੇ ਅੱਗ ਲੱਗਣ ਦੇ ਨਾਲ ਹੋਏ ਨੁਕਸਾਨ ’ਤੇ ਚਿੰਤਾ ਪ੍ਰਗਟ ਕਰਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਦੇ ਹੋਏ ਨੁਕਸਾਨ ਦੀ ਤੁਰੰਤ ਗਿਰਦਾਵਰੀ ਕਰਵਾਕੇ ਕਿਸਾਨਾਂ ਨੂੰ ਮੁਆਵਜ਼ਾ ਦੇਣ ਦਾ ਪ੍ਰਬੰਧ ਸਰਕਾਰ ਜਲਦੀ ਕਰੇ।
ਇਹ ਵੀ ਪੜ੍ਹੋ: Sunam News: ਸੁਨਾਮ ’ਚ ਝੱਖੜ ਕਾਰਨ ਅੰਡਰ ਬ੍ਰਿਜ ਦੇ ਸ਼ੈਡ ਦਾ ਹੋਇਆ ਨੁਕਸਾਨ…
ਉਹਨਾਂ ਕਿਹਾ ਕਿ ਦੇਸ਼ ਦਾ ਕਿਸਾਨ ਫਸਲਾਂ ਦੇ ਸਹੀ ਭਾਅ ਮਿਲਣ ਦੇ ਕਾਰਨ ਪਹਿਲਾਂ ਹੀ ਬਹੁਤ ਵੱਡੇ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੋ ਚੁੱਕਿਆ ਹੈ ਅਤੇ ਬੀਤੇ ਕੱਲ੍ਹ ਹੋਈ ਬੇਮੌਸਮੀ ਗੜੇਮਾਰੀ ਅਤੇ ਅੱਗ ਲੱਗਣ ਦੀਆਂ ਘਟਨਾਵਾਂ ਸਰਕਾਰਾਂ ਦੀ ਬੇਰੁੱਖੀ ਕਾਰਨ ਘਾਟੇ ਦਾ ਸੌਦਾ ਬਣਾ ਦਿੱਤੀ ਗਈ ਖੇਤੀ ਨੂੰ ਹੋਰ ਵੀ ਨਿਘਾਰ ਵੱਲ ਲੈ ਕੇ ਜਾਣਗੀਆਂ। ਉਹਨਾਂ ਕਿਹਾ ਕਿ ਪੰਜਾਬ ਦੇ ਕਈ ਜ਼ਿਲਿਆਂ ਵਿੱਚ ਬੇ ਮੌਸਮੀ ਬਰਸਾਤ ਅਤੇ ਗੜੇਮਾਰੀ ਨੇ ਕਿਸਾਨਾਂ ਦਾ 100 ਫੀਸਦੀ ਨੁਕਸਾਨ ਕਰ ਦਿੱਤਾ ਹੈ ਅਤੇ ਬਹੁਤ ਸਾਰੇ ਇਲਾਕਿਆਂ ਵਿੱਚ ਤਾਂ ਕਣਕ ਦੀ ਫ਼ਸਲ ਦੇ ਨਾਲ ਨਾਲ ਪਸ਼ੂ ਧਨ ਅਤੇ ਹਰੇ ਚਾਰੇ ਦਾ ਵੀ ਵੱਡੇ ਪੱਧਰ ’ਤੇ ਨੁਕਸਾਨ ਹੋਣ ਦੀਆਂ ਖਬਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ।
ਇਸ ਮੌਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਪਿੰਡ ਡੱਲੇਵਾਲ ਵਿਖ਼ੇ ਪੰਜਾਬ ਸਰਕਾਰ ਦੀ ਧੋਖਾਧੜੀ ਦੇ ਖਿਲਾਫ਼ ਚੱਲ ਰਹੇ ਰੋਸ ਮੋਰਚੇ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਸਨ ਅਤੇ ਉਨ੍ਹਾਂ ਦੱਸਿਆ ਕਿ ਇਸ ਮੋਰਚੇ ਵਿੱਚ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੀਆਂ ਸਮੁੱਚੀਆਂ ਜਥੇਬੰਦੀਆਂ ਦੇ ਆਗੂਆਂ ਵੱਲੋਂ 24 ਅਪ੍ਰੈਲ ਨੂੰ ਇੱਕ ਅਹਿਮ ਮੀਟਿੰਗ ਕੀਤੀ ਜਾਵੇਗੀ ਅਤੇ ਚੱਲ ਰਹੇ ਇਸ ਮੋਰਚੇ ਦੀ ਅਗਲੀ ਰੂਪ ਰੇਖਾ ਤਿਆਰ ਕੀਤੀ ਜਾਵੇਗੀ। ਇਸ ਮੌਕੇ ਉਹਨਾਂ ਦੇ ਨਾਲ ਬੀਕੇਯੂ ਏਕਤਾ ਸਿੱਧੂਪੁਰ ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਬੋਹੜ ਸਿੰਘ ਰੁਪਈਆਂ ਵਾਲਾ, ਸਾਦਿਕ ਬਲਾਕ ਦੇ ਪ੍ਰਧਾਨ ਨਾਇਬ ਸਿੰਘ ਸ਼ੇਰ ਸਿੰਘ ਵਾਲਾ, ਸੁਖਚਰਨ ਸਿੰਘ ਕਾਲਾ ਪ੍ਰਧਾਨ ਬਲਾਕ ਗੋਲੇਵਾਲਾ, ਗੁਰਾਂਦਿੱਤਾ ਸਿੰਘ ਨੰਬਰਦਾਰ ਜ਼ਿਲ੍ਹਾ ਖਜਾਨਚੀ, ਬਾਬਾ ਵੀਰ ਸਿੰਘ ਬਾਜਾਖਾਨਾ ਆਦਿ ਵੱਡੀ ਗਿਣਤੀ ਵਿੱਚ ਕਿਸਾਨ ਅਤੇ ਬੀਬੀਆਂ ਹਾਜ਼ਰ ਸਨ। Punjab Kisan News