
Wheat Procurement: (ਸੁਸ਼ੀਲ ਕੁਮਾਰ) ਭਾਦਸੋਂ। ਪੰਜਾਬ ਸਰਕਾਰ ਵੱਲੋਂ ਕਣਕ ਦੀ ਖਰੀਦ ਲਈ ਮੰਡੀਆਂ ਵਿੱਚ ਪੁਖਤਾ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਕਿਸਾਨਾਂ ਨੂੰ ਫਸਲ ਵੇਚਣ ਮੌਕੇ ਕੋਈ ਪ੍ਰੇਸ਼ਾਨੀ ਨਾ ਆਵੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਅਨਾਜ ਮੰਡੀ ਭਾਦਸੋਂ ਵਿਖੇ ਕਣਕ ਦੀ ਖਰੀਦ ਸ਼ੁਰੂ ਕਰਵਾਉਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਮੰਡੀਆਂ ਵਿੱਚ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫਸਲ ਦਾ ਦਾਣਾ ਦਾਣਾ ਖਰੀਦਿਆ ਜਾਵੇਗਾ ਅਤੇ ਕਿਸਾਨਾਂ ਨੂੰ ਵੇਚੀ ਗਈ ਫਸਲ ਦੀ ਤੈਅ ਸਮੇਂ ਅੰਦਰ ਅਦਾਇਗੀ ਯਕੀਨੀ ਬਣਾਈ ਜਾਵੇਗੀ ।
ਉਨ੍ਹਾਂ ਕਿਹਾ ਕਿ ਮੰਡੀ ਅੰਦਰ ਫਸਲ ਦੀ ਖਰੀਦ, ਢੋਆ-ਢੁਆਈ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਹਨ। ਮੰਡੀਆਂ ਵਿੱਚ ਕਿਸਾਨਾਂ, ਮਜ਼ਦੂਰਾਂ ਲਈ ਪੀਣ ਵਾਲੇ ਸਾਫ ਸੁਥਰੇ ਪਾਣੀ, ਲਾਈਟਾਂ ਤੇ ਬੈਠਣ ਲਈ ਛਾਂਦਾਰ ਜਗ੍ਹਾ ਦੇ ਨਾਲ-ਨਾਲ ਹੋਰ ਜ਼ਰੂਰੀ ਪ੍ਰਬੰਧ ਵੀ ਕੀਤੇ ਗਏ ਹਨ। ਵਿਧਾਇਕ ਦੇਵ ਮਾਨ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਰਕਾਰ ਨੇ ਹਮੇਸ਼ਾ ਕਿਸਾਨੀ ਦੇ ਹਿੱਤਾਂ ਦੀ ਰਾਖੀ ਕੀਤੀ ਹੈ, ਸਰਕਾਰ ਹਮੇਸ਼ਾਂ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ।
ਇਹ ਵੀ ਪੜ੍ਹੋ: Amritsar News: ਵਾਇਸ ਆਫ਼ ਅੰਮ੍ਰਿਤਸਰ ਨੇ ਕੰਬੋ ਸਕੂਲ ਦੇ ਵਿਦਿਆਰਥੀਆਂ ਨੂੰ ਬੈਗ ਤੇ ਸਟੇਸ਼ਨਰੀ ਵੰਡੀ
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਸਖਤ ਹਦਾਇਤ ਕੀਤੀ ਗਈ ਹੈ ਕਿ ਮੰਡੀਆਂ ਵਿੱਚ ਕਿਸਾਨਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨ ਦਿੱਤਾ ਜਾਵੇ। ਵਿਧਾਇਕ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਮੰਡੀਆਂ ਵਿੱਚ ਫਸਲ ਪੂਰੀ ਤਰ੍ਹਾਂ ਸੁੱਕਾ ਕੇ ਹੀ ਲਿਆਂਦੀ ਜਾਵੇ ਤਾਂ ਜੋ ਉਨ੍ਹਾਂ ਨੂੰ ਫਸਲ ਵੇਚਣ ਲਈ ਮੰਡੀਆਂ ਵਿੱਚ ਨਾ ਬੇਠਣਾ ਪਵੇ। ਇਸ ਮੌਕੇ ਮਾਰਕੀਟ ਕਮੇਟੀ ਭਾਦਸੋਂ ਚੇਅਰਮੈਨ ਗੁਰਦੀਪ ਸਿੰਘ ਦੀਪਾ ਰਾਮਗੜ੍ਹ, ਸੈਕਟਰੀ ਸੁਰਜੀਤ ਸਿੰਘ ਚੀਮਾ, ਸ਼ੈਂਕੀ ਸਿੰਗਲਾ ਪ੍ਰਧਾਨ ਆੜ੍ਹਤੀਆਂ ਐਸੋਸੀਏਸ਼ਨ, ਸੁਖਜਿੰਦਰ ਸਿੰਘ ਟੌਹੜਾ ਪ੍ਰਧਾਨ ਟਰੱਕ ਯੂਨੀਅਨ, ਸ਼ਿਵ ਕੁਮਾਰ ਸੁਪਰਵਾਈਜ਼ਰ, ਅਮਨਦੀਪ ਤਿਵਾੜੀ ਮੰਡੀ ਸੁਪਰਵਾਈਜ਼ਰ, ਬਲਵੀਰ ਖੱਟੜਾ ਚਾਸਵਾਲ, ਪਰਮਿੰਦਰ ਸਿੰਘ ਘਮਰੋਦਾ, ਗੁਰਜੋਗਾ ਸਿੰਘ ਕੋਸਲਰ, ਆੜਤੀ ਆਸ਼ੂ ਸਿੰਗਲਾ, ਭਲਿੰਦਰ ਸਿੰਘ ਭੋਲਾ ਮਾਨ ਆਦਿ ਵੀ ਹਾਜ਼ਰ ਸਨ। Wheat Procurement