Shambhu Border: ਪੁਲਿਸ ਨੇ ਚਾਰੇ ਪਾਸੇ ਲਾਏ ਨਾਕੇ, ਕਿਸਾਨਾਂ ਦਾ ਪੁਆਧ ਸਮਾਗਮ ਨਾ ਹੋਣ ਦਿੱਤਾ

Shambhu Border
ਪਟਿਆਲਾ : ਪੁਲਿਸ ਵੱਲੋਂ ਕਿਸਾਨਾਂ ਨੂੰ ਰੋਕਣ ਲਈ ਲਗਾਏ ਗਏ ਨਾਕਿਆਂ ਦਾ ਦ੍ਰਿਸ਼।

Shambhu Border: (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਸ਼ੰਭੂ ਬਾਰਡਰ ’ਤੇ ਕਿਸਾਨਾਂ ਦੀਆਂ ਟਰਾਲੀਆਂ ਚੋਰੀ ਦੇ ਮਾਮਲੇ ਨੂੰ ਲੈ ਕੇ ਅੱਜ ਘਨੌਰ ਦੇ ਪਿੰਡ ਜੰਡਮਘੋਲੀ ਦੇ ਗੁਰਦੁਆਰਾ ਨਥਾਣਾ ਸਾਹਿਬ ਵਿਖੇ ਰੱਖੇ ਇਕੱਠ ਨੂੰ ਪੁਲਿਸ ਵੱਲੋਂ ਨਹੀਂ ਹੋਣ ਦਿੱਤਾ ਗਿਆ ਅਤੇ ਇਸ ਰਸਤੇ ਨੂੰ ਆਉਂਦੇ ਚਾਰੇ ਪਾਸੇ ਨਾਕਾ ਬੰਦੀ ਕਰ ਦਿੱਤੀ ਗਈ। ਕਿਸਾਨਾਂ ਵੱਲੋਂ ਇਹ ਇਕੱਠ ਪੁਆਧ ਭਾਈਚਾਰਕ ਸਾਂਝ ਤਹਿਤ ਰੱਖਿਆ ਗਿਆ ਸੀ। ਦੱਸਣਯੋਗ ਹੈ ਕਿ ਸ਼ੰਭੂ ਬਾਰਡਰ ’ਤੇ ਕਿਸਾਨਾਂ ਦੀਆਂ ਟਰਾਲੀਆਂ ਸਮੇਤ ਹੋਰ ਕਾਫ਼ੀ ਸਮਾਨ ਚੋਰੀ ਹੋ ਗਿਆ। ਇਸ ਦੌਰਾਨ ਕਿਸਾਨਾਂ ਵੱਲੋਂ ਜਦੋਂ ਹਲਕਾ ਘਨੌਰ ਦੇ ਪੈਂਦੇ ਪਿੰਡਾਂ ਵਿੱਚ ਭਾਲ ਕੀਤੀ ਤਾਂ ਕੁਝ ਟਰਾਲੀਆਂ ਲੋਕਾਂ ਦੇ ਘਰਾਂ ’ਚ ਖੜ੍ਹੀਆਂ ਪਾਈਆਂ ਗਈਆਂ। ਉਕਤ ਲੋਕ ਕਥਿਤ ਤੌਰ ’ਤੇ ਹਲਕਾ ਘਨੌਰ ਦੇ ਆਪ ਵਿਧਾਇਕ ਗੁਰਲਾਲ ਘਨੌਰ ਦੇ ਨੇੜਲੇ ਅਤੇ ਆਪ ਨਾਲ ਜੁੜੇ ਹੋਏ ਹਨ। ਇਸਦੇ ਨਾਲ ਹੀ ਕੁਝ ਸਰਪੰਚਾਂ ਦੇ ਨਾਅ ਵੀ ਸਾਹਮਣੇ ਆਏ। Shambhu Border

ਇਹ ਵੀ ਪੜ੍ਹੋ:Illegal Drug Center: ‘ਗੈਰ ਕਾਨੂੰਨੀ’ ਚਲਦੇ ਨਸ਼ਾ ਛੁੜਾਊ ਕੇਂਦਰ ਦਾ ਪਰਦਾਫਾਸ਼

ਕਿਸਾਨਾਂ ਨੇ ਦੋਸ਼ ਲਗਾਇਆ ਕਿ ਇਹ ਸਮਾਨ ਆਪ ਵਿਧਾਇਕ ਦੀ ਸਹਿ ’ਤੇ ਹੀ ਚੋਰੀ ਹੋਇਆ ਹੈ। ਇਸ ਮਾਮਲੇ ਨੂੰ ਲੈ ਕੇ ਹੀ ਅੱਜ ਘਨੌਰ ਦੇ ਪਿੰਡ ਜੰਡਮਘੋਲੀ ਦੇ ਗੁਰਦੁਆਰਾ ਸਾਹਿਬ ਵਿਖੇ ਪੁਆਧ ਭਾਈਚਾਰਕ ਸਾਂਝ ਦੇ ਨਾਂਅ ’ਤੇ ਇਕੱਠ ਰੱਖਿਆ ਹੋਇਆ ਸੀ ਅਤੇ ਇੱਥੇ ਆਲੇ ਦੁਆਲੇ ਪਿੰਡਾਂ ਦੇ ਲੋਕਾਂ ਵੱਲੋਂ ਪੁੱਜਣਾ ਸੀ। ਪੁਲਿਸ ਵੱਲੋਂ ਅੱਜ ਸਵੇਰ ਤੋਂ ਹੀ ਇਸ ਪਿੰਡ ਨੂੰ ਆਉਂਦੇ ਰਸਤਿਆਂ ’ਤੇ ਨਾਕਾਬੰਦੀ ਕਰ ਦਿੱਤੀ ਗਈ ਅਤੇ ਕਿਸੇ ਵੀ ਕਿਸਾਨ ਨੂੰ ਇੱਥੇ ਪੁੱਜਣ ਨਹੀਂ ਦਿੱਤਾ ਗਿਆ। ਇਸ ਗੁਰਦੁਆਰਾ ਸਾਹਿਬ ਵਿਖੇ ਕੁਝ ਕਿਸਾਨ ਹੀ ਪੁਲਿਸ ਤੋਂ ਬਚਕੇ ਪੁੱਜ ਸਕੇ। ਕਿਸਾਨ ਆਗੂ ਤੇਜ਼ਵੀਰ ਸਿੰਘ ਪੰਜੋਖਰਾ, ਸਤਨਾਮ ਸਿੰਘ ਪੰਨੂ ਅਤੇ ਮਨਜੀਤ ਸਿੰਘ ਨਿਆਲ ਨੇ ਆਖਿਆ ਕਿ ਪੁਲਿਸ ਕਿਸਾਨਾਂ ਤੋਂ ਲਗਾਤਾਰ ਡਰੀ ਹੋਈ ਹੈ ਅਤੇ ਕਿਸਾਨਾਂ ਨੂੰ ਕਿੱਧਰੇ ਵੀ ਇਕੱਠੇ ਨਹੀਂ ਹੋਣ ਦਿੱਤਾ ਜਾ ਰਿਹਾ। ਉਨ੍ਹਾਂ ਆਖਿਆ ਕਿ ਜੇ ਪੁਲਿਸ ਐਨੀ ਸਖਤੀ ਕਿਸਾਨਾਂ ਦੇ ਸਾਜ਼ੋਂ ਸਮਾਨ ਚੋਰੀ ਕਰਨ ਵਾਲਿਆਂ ’ਤੇ ਕਰਦੀ ਤਾਂ ਕਿਸਾਨਾਂ ਦਾ ਲੱਖਾਂ ਦਾ ਸਮਾਨ ਚੋਰੀ ਨਹੀਂ ਹੋਣਾ ਸੀ।

ਐੱਸਕੇਐੱਮ ਦੇ ਅੱਜ ਵਾਲੇ ਧਰਨਿਆਂ ’ਚ ਸ਼ੰਭੂ ਅਤੇ ਖਨੌਰੀ ਬਾਰਡਰ ਵਾਲੇ ਵੀ ਹੋਣਗੇ ਸ਼ਾਮਲ

ਇੱਧਰ ਸੰਯੁਕਤ ਕਿਸਾਨ ਮੋਰਚੇ ਵੱਲੋਂ 28 ਮਾਰਚ ਨੂੰ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਅੱਗੇ ਧਰਨੇ ਪ੍ਰਦਰਸ਼ਨ ਦਾ ਐਲਾਨ ਕੀਤਾ ਹੋਇਆ ਹੈ ਅਤੇ ਇਨ੍ਹਾਂ ਪ੍ਰਦਰਸ਼ਨਾਂ ਵਿੱਚ ਕਿਸਾਨ ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਵੀ ਸਾਥ ਦੇਣ ਦਾ ਐਲਾਨ ਕੀਤਾ ਗਿਆ ਹੈ। ਕਿਸਾਨ ਮਜ਼ਦੂਰ ਮੋਰਚਾ ਅਤੇ ਗੈਰ ਰਾਜਨੀਤਿਕ ਦੇ ਫੋਰਮਾਂ ਦੇ ਆਗੂਆਂ ਦਾ ਕਹਿਣਾ ਹੈ ਕਿ ਇਨ੍ਹਾਂ ਧਰਨਿਆਂ ਵਿੱਚ ਦੋਹਾਂ ਮੋਰਚਿਆਂ ਦੇ ਕਿਸਾਨ ਵੱਡੀ ਗਿਣਤੀ ਵਿੱਚ ਸ਼ਾਮਲ ਹੋਣਗੇ। Shambhu Border

ਕਿਸਾਨ ਮਜ਼ਦੂਰ ਮੋਰਚਾ ਦੇ ਆਗੂ ਸਤਨਾਮ ਸਿੰਘ ਪੰਨੂ ਨੇ ਆਖਿਆ ਕਿ ਕੱਲ੍ਹ ਨੂੰ ਦੋਹਾਂ ਫਰਮਾਂ ਦੇ ਕਿਸਾਨਾਂ ਵੱਲੋਂ ਧਰਨਿਆਂ ਵਿੱਚ ਪੁੱਜਣ ਦੀਆਂ ਤਿਆਰੀਆਂ ਕੀਤੀਆਂ ਹੋਈਆਂ ਹਨ। ਇਸ ਦੇ ਨਾਲ ਹੀ 31 ਮਾਰਚ ਨੂੰ ਆਪ ਸਰਕਾਰ ਦੇ ਮੰਤਰੀਆਂ ਅਤੇ ਮੁੱਖ ਵਿਧਾਇਕਾਂ ਦੇ ਘਰਾਂ ਅੱਗੇ ਵੀ ਧਰਨੇ ਲਗਾਉਣ ਦੀਆਂ ਤਿਆਰੀਆਂ ਵਿੱਢੀਆਂ ਹੋਈਆਂ ਹਨ।