ਸਿਹਤ ਵਿਭਾਗ ਦੀ ਟੀਮ ਨੇ ਨਸ਼ਾ ਛੁਡਾਊ ਕੇਂਦਰ ਨੂੰ ਕੀਤਾ ਸੀਲ | Illegal Drug Center
(ਮਨਜੀਤ ਨਰੂਆਣਾ) ਸੰਗਤ ਮੰਡੀ। ਬਠਿੰਡਾ-ਸ੍ਰੀ ਮੁਕਤਸਰ ਸਾਹਿਬ ਰੋਡ ’ਤੇ ਪੈਂਦੇ ਪਿੰਡ ਬੁਲਾਡੇਵਾਲਾ ਵਿਖੇ ਚੱਲਦੇ ‘ਗੈਰ ਕਾਨੂੰਨੀ’ ਨਸ਼ਾ ਛੁਡਾਊ ਕੇਂਦਰ ਦਾ ਪਰਦਾਫਾਸ਼ ਕਰਦਿਆਂ ਸਿਹਤ ਵਿਭਾਗ ਦੀ ਟੀਮ ਵੱਲੋਂ ਸ਼ੀਲ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਇਹ ਨਸ਼ਾ ਛੁਡਾਊ ਕੇਂਦਰ ਲਗਭਗ ਤਿੰਨ ਸਾਲ ਪਹਿਲਾਂ ਪਿੰਡ ’ਚ ਬਣਾਇਆ ਗਿਆ ਸੀ ਜਿਸ ਸਮੇਂ ਇਹ ਨਸ਼ਾ ਛੁਡਾਊ ਕੇਂਦਰ ਬਣਾਇਆ ਜਾ ਰਿਹਾ ਸੀ, ਉਸ ਸਮੇਂ ਵੀ ਪਿੰਡ ਵਾਸੀਆਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਸੀ ਪਰ ਵਿਰੋਧ ਦੇ ਬਾਵਜੂਦ ਵੀ ਇਸ ਨੂੰ ਬਣਾ ਦਿੱਤਾ ਗਿਆ।
ਇਹ ਵੀ ਪੜ੍ਹੋ: Punjab News: ਨਹਿਰੀ ਪ੍ਰਦੂਸ਼ਣ ਵਿਰੁੱਧ ਫ਼ੈਸਲਾਕੁਨ ਕਾਰਵਾਈ ਕਰ ਰਿਹੈ ਪੰਜਾਬ: ਬਰਿੰਦਰ ਕੁਮਾਰ ਗੋਇਲ
ਇਸ ਦਾ ਨਿਰਮਾਣ ਕਿਲਾ ਰੂਪੀ ਬਿਲਡਿੰਗ ਦੇ ਤੌਰ ’ਤੇ ਕੀਤਾ ਗਿਆ ਸੀ, ਇਸ ਵਿੱਚੋਂ ਕੋਈ ਵੀ ਨਸ਼ਾ ਛੱਡਣ ਵਾਲਾ ਵਿਅਕਤੀ ਬਾਹਰ ਭੱਜ ਨਹੀਂ ਸਕਦਾ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨਾਇਬ ਤਹਿਸੀਲਦਾਰ ਨੇ ਦੱਸਿਆ ਕਿ ਬਠਿੰਡਾ ਦੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਦੇ ਹੁਕਮਾਂ ਤਹਿਤ ਇੱਕ ਟੀਮ ਬਣਾਈ ਗਈ ਜਿਸ ’ਚ ਸਿਹਤ ਵਿਭਾਗ ਤੇ ਰੈਡ ਕਰਾਸ ਦੇ ਅਧਿਕਾਰੀ ਸ਼ਾਮਲ ਸਨ। ਉਨ੍ਹਾਂ ਪੁਲਿਸ ਪਾਰਟੀ ਨੂੰ ਨਾਲ ਲੈ ਕੇ ਜਦ ਨਸ਼ਾ ਛੁਡਾਊ ਕੇਂਦਰ ’ਤੇ ਛਾਪੇਮਾਰੀ ਕੀਤੀ ਤਾਂ ਉੱਥੇ ਤਿੰਨ ਦਰਜਨ ਦੇ ਲਗਭਗ ਨਸ਼ਾ ਛੱਡਣ ਵਾਲੇ ਮਰੀਜਾਂ ਨੂੰ ਦਾਖਲ ਕੀਤਾ ਹੋਇਆ ਸੀ। ਪੜਤਾਲ ਕਰਨ ’ਤੇ ਪਤਾ ਲੱਗਿਆ ਕੇ ਇਸ ਨਸ਼ਾ ਛੁਡਾਊ ਕੇਂਦਰ ਨੂੰ ਬਿਨ੍ਹਾਂ ਲਾਇਸੰਸ ਦੇ ਗ਼ੈਰ ਕਾਨੂੰਨੀ ਢੰਗ ਨਾਲ ਚਲਾਇਆ ਜਾ ਰਿਹਾ ਸੀ। Illegal Drug Center
ਸਿਹਤ ਵਿਭਾਗ ਦੀ ਟੀਮ ਵੱਲੋਂ ਇਸ ਨਸ਼ਾ ਛੁਡਾਊ ਕੇਂਦਰ ਨੂੰ ਸੀਲ ਕਰਕੇ ਨਸ਼ਾ ਛੱਡਣ ਵਾਲੇ ਵਿਅਕਤੀਆਂ ਨੂੰ ਸਰਕਾਰੀ ਨਸ਼ਾ ਛੁਡਾਊ ਕੇਂਦਰ ਵਿੱਚ ਭਰਤੀ ਕਰਵਾ ਦਿੱਤਾ। ਨਸ਼ਾ ਛੱਡਣ ਵਾਲੇ ਵਿਅਕਤੀਆਂ ਨੇ ਦੱਸਿਆ ਕਿ ਉਹਨਾਂ ਦੀ ਰਾਤ ਨੂੰ ਭਾਰੀ ਕੁੱਟ ਮਾਰ ਕੀਤੀ ਜਾਂਦੀ ਸੀ। ਨਸ਼ਾ ਛੁਡਾਊ ਕੇਂਦਰ ਦੇ ਮਾਲਕ ਨੇ ਦੱਸਿਆ ਕਿ ਉਹਨਾਂ ਨੂੰ ਇੱਕ ਲੈਟਰ ਮਿਲਿਆ ਹੋਇਆ ਸੀ ਤੇ ਲਾਇਸੰਸ ਲਈ ਅਪਲਾਈ ਕੀਤਾ ਗਿਆ ਸੀ ਪ੍ਰੰਤੂ ਹਾਲੇ ਤੱਕ ਲਾਈਸੰਸ ਉਹਨਾਂ ਨੂੰ ਮਿਲਿਆ ਨਹੀਂ ਸੀ। ਦੱਸਣਾ ਬਣਦਾ ਹੈ ਕਿ ਇਸ ਸੈਂਟਰ ਵਿੱਚ ਨਸ਼ਾ ਛੱਡਣ ਆਉਣ ਵਾਲੇ ਵਿਅਕਤੀ ਤੋਂ ਹਰ ਮਹੀਨੇ ਹਜ਼ਾਰਾਂ ਰੁਪਏ ਵਸੂਲੇ ਜਾਂਦੇ ਸਨ।