Law and Order: ਪੰਜਾਬ ’ਚ ਅਮਨ-ਅਮਾਨ ਭੰਗ ਕਰਨ ਦੀਆਂ ਘਟਨਾਵਾਂ ਦਾ ਸਿਲਸਿਲਾ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਿਹਾ ਹੈ। ਪਹਿਲਾਂ ਬੰਦ ਪਈਆਂ ਪੁਲਿਸ ਚੌਂਕੀਆਂ ’ਤੇ ਗਰਨੇਡ ਹਮਲੇ ਕੀਤੇ ਗਏ। ਇਹਨਾਂ ਹਮਲਿਆਂ ਦੀ ਜਿੰਮੇਵਾਰੀ ਵਿਦੇਸ਼ ਬੈਠੇ ਅੱਤਵਾਦੀਆਂ ਨੇ ਲਈ, ਹੁਣ ਅੰਮ੍ਰਿਤਸਰ ’ਚ ਇੱਕ ਮੰਦਰ ’ਤੇ ਹਮਲਾ ਕੀਤਾ ਗਿਆ। ਇਸੇ ਤਰ੍ਹਾਂ ਮੋਗਾ ’ਚ ਇੱਕ ਧਾਰਮਿਕ ਸੰਗਠਨ ਦੇ ਆਗੂ ਦਾ ਕਤਲ ਕਰਨ ਦੀ ਘਟਨਾ ਵੀ ਸਾਹਮਣੇ ਆ ਗਈ ਹੈ।
Read Also : Punjab News: ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਲਈ ਵਿੱਤ ਮੰਤਰੀ ਵੱਲੋਂ ਕਰੋੜਾਂ ਰੁਪਏ ਦੇ ਪ੍ਰੋਜੈਕਟ ਦਾ ਐਲਾਨ
ਇਹ ਸਾਰੀਆਂ ਘਟਨਾਵਾਂ ਇਸ ਗੱਲ ਵੱਲ ਸੰਕੇਤ ਕਰਦੀਆਂ ਹਨ ਕਿ ਅਮਨ-ਅਮਾਨ ਨੂੰ ਭੰਗ ਕਰਨ ਲਈ ਹਰ ਹਥਕੰਡਾ ਵਰਤਿਆ ਜਾ ਰਿਹਾ ਹੈ ਜਿਸ ਵਿੱਚ ਪੁਲਿਸ ਬਲ ਨੂੰ ਚੁਣੌਤੀ ਦੇਣ ਦੇ ਨਾਲ-ਨਾਲ ਵੱਖ-ਵੱਖ ਧਾਰਮਿਕ ਭਾਈਚਾਰਿਆਂ ਅੰਦਰ ਨਫ਼ਰਤ ਦੀ ਕੰਧ ਖੜ੍ਹੀ ਕਰਨ ਦੀ ਵੀ ਸਾਜਿਸ਼ ਹੈ। ਵਿਦੇਸ਼ੀ ਤਾਕਤਾਂ ਇਸ ਮਨਸੂਬੇ ਨੂੰ ਲੈ ਕੇ ਅੱਗੇ ਵਧ ਰਹੀਆਂ ਹਨ ਕਿ ਭਾਰਤ ’ਚ ਧਰਮ ਦੇ ਨਾਂਅ ’ਤੇ ਦੰਗੇ-ਫਸਾਦ ਕਰਵਾਏ ਜਾ ਸਕਦੇ ਹਨ। ਇਸੇ ਕਰਕੇ ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। Law and Order
ਅਸਲ ’ਚ ਪੰਜਾਬ ਨੇ ਅੱਤਵਾਦ ਦਾ ਕਾਲਾ ਦੌਰ ਵੇਖਿਆ ਹੈ। ਅੱਤਵਾਦ ’ਚ ਸੂਬੇ ਦਾ ਭਾਰੀ ਨੁਕਸਾਨ ਹੋਇਆ ਸੀ। ਪੰਜਾਬ ਦੀ ਜਨਤਾ ਦੀ ਏਕਤਾ, ਆਪਸੀ ਪਿਆਰ ਤੇ ਭਾਈਚਾਰੇ ਦੀ ਹੀ ਤਾਕਤ ਸੀ ਕਿ ਅਮਨ-ਅਮਾਨ ਪਰਤ ਆਇਆ। ਸਰਕਾਰਾਂ ਨੂੰ ਜਿੱਥੇ ਅਮਨ-ਅਮਾਨ ਕਾਇਮ ਰੱਖਣ ਲਈ ਚੌਕਸੀ ਵਰਤਣੀ ਪਵੇਗੀ, ਉੱਥੇ ਜਨਤਾ ਨੂੰ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ ਲਈ ਡਟਣਾ ਪਵੇਗਾ। ਪਿਆਰ ਤੇ ਭਾਈਚਾਰਾ ਹੀ ਪੰਜਾਬ ਦੀ ਪਛਾਣ ਤੇ ਤਾਕਤ ਹੈ।