ਸ਼ਹਿਰ ਵਾਸੀਆਂ ਵੱਲੋਂ ਅੰਤਿਮ ਸਸਕਾਰ ਤੱਕ ਸ਼ਹਿਰ ਬੰਦ ਰੱਖਣ ਦਾ ਐਲਾਨ
Maur Mandi News: ਮੌੜ ਮੰਡੀ (ਰਾਕੇਸ਼ ਗਰਗ)। ਬੀਤੇ ਦਿਨੀਂ ਮੌੜ ਮੰਡੀ ਦੀ ਲਾਪਤਾ ਹੋਈ ਲੜਕੀ ਦੀ ਲਾਸ਼ ਅੱਜ ਸਥਾਨਕ ਮੰਡੀ ਵਿੱਚੋਂ ਨਹਿਰ ਵਿੱਚੋਂ ਮਿਲ ਗਈ ਹੈ। ਬੀਤੇ ਦਿਨੀਂ ਸਥਾਨਕ ਮੰਡੀ ਦੀ ਵਸਨੀਕ 17 ਸਾਲਾ ਲੜਕੀ ਭੇਤਭਰੇ ਹਾਲਾਤਾਂ ਵਿੱਚ ਲਾਪਤਾ ਹੋ ਗਈ ਸੀ। ਲੜਕੀ ਦੇ ਪਰਿਵਾਰ ਵੱਲੋਂ ਉਸ ਦੇ ਕਤਲ ਦਾ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ। ਐੱਨਡੀਆਰਐੱਫ ਦੀ ਟੀਮ ਵੱਲੋਂ ਉਕਤ ਲੜਕੀ ਦੀ ਭਾਲ ਨਹਿਰ ’ਚੋਂ ਕੀਤੀ ਜਾ ਰਹੀ ਸੀ, ਜਿਸ ਦੀ ਅੱਜ ਨਹਿਰ ਵਿੱਚੋਂ ਲਾਸ਼ ਮਿਲੀ ਹੈ। ਸਥਾਨਕ ਵਾਸੀਆਂ ਵੱਲੋਂ ਪੁਲਿਸ ਵੱਲੋਂ ਕੀਤੀ ਜਾ ਰਹੀ ਢਿੱਲੀ ਕਾਰਵਾਈ ਦੇ ਵਿਰੋਧ ਵਿੱਚ ਬਠਿੰਡਾ-ਮਾਨਸਾ ਹਾਈਵੇ ’ਤੇ ਸਥਿਤ ਚੌਂਕ ਵਿਖੇ ਅਣਮਿੱਥੇ ਸਮੇਂ ਧਰਨਾ ਲਾਇਆ ਗਿਆ, ਜੋ ਅੱਜ ਵੀ ਜਾਰੀ ਰਿਹਾ। Maur Mandi News
ਇਹ ਖਬਰ ਵੀ ਪੜ੍ਹੋ : ਮੋਗਾ ਕਤਲ ਕਾਂਡ, ਪੰਜਾਬ ਪੁਲਿਸ ਨੇ ਮੋਗਾ ’ਚ ਗੈਂਗਸਟਰ ਮਲਕੀਤ ਮਨੂੰ ਨੂੰ ਸੰਖੇਪ ਗੋਲੀਬਾਰੀ ਉਪਰੰਤ ਕੀਤਾ ਗ੍ਰਿਫ਼ਤਾਰ
ਐੱਸਐੱਸਪੀ ਬਠਿੰਡਾ ਅਮਨੀਤ ਕੌਂਡਲ ਵੱਲੋਂ ਧਰਨੇ ਸਥਾਨ ’ਤੇ ਪਹੁੰਚ ਕੇ ਸ਼ਹਿਰ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਲੜਕੀ ਦੇ ਕਥਿਤ ਤੌਰ ’ਤੇ ਕਤਲ ਦੇ ਮੁਲਜ਼ਮਾਂ ਮੁਕਲ ਮਿੱਤਲ ਅਤੇ ਉਸ ਦੇ ਦੋਸਤ ਕਰਨ ਬਾਂਸਲ, ਉਸ ਦੇ ਪਿਤਾ ਰਵੀ ਕੁਮਾਰ, ਚਾਚਾ ਰਾਜ ਕੁਮਾਰ ਅਤੇ ਮਾਤਾ ਡਿੰਪਲ ਰਾਣੀ ਵਾਸੀ ਮੌੜ ਮੰਡੀ ਸਮੇਤ 5 ਵਿਅਕਤੀਆਂ ਖਿਲਾਫ ਅਧੀਨ ਧਾਰਾ 140(3),137(2),61(2) ਬੀਐੱਨਅੱੈਸ ਤਹਿਤ ਪਰਚਾ ਦਰਜ ਕੀਤਾ ਗਿਆ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਥਾਣਾ ਮੌੜ ਦੇ ਮੁਖੀ ਨੂੰ ਢਿੱਲੀ ਕਾਰਗੁਜ਼ਾਰੀ ਦੇ ਦੋਸ਼ ਹੇਠ ਸਸਪੈਂਡ ਕਰ ਦਿੱਤਾ ਗਿਆ ਹੈ।
ਉਨ੍ਹਾਂ ਮ੍ਰਿਤਕ ਲੜਕੀ ਦੇ ਪਰਿਵਾਰਿਕ ਮੈਂਬਰਾਂ ਨੂੰ ਯਕੀਨ ਦਿਵਾਇਆ ਕਿ ਇਸ ਦੁੱਖ ਦੀ ਘੜੀ ਵਿੱਚ ਪ੍ਰਸ਼ਾਸਨ ਪਰਿਵਾਰ ਨਾਲ ਖੜ੍ਹਾ ਹੈ ਅਤੇ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ। ਲੜਕੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਏਮਜ ਹਸਪਤਾਲ ਵਿਖੇ ਪਹੁੰਚਾ ਦਿੱਤਾ ਗਿਆ। ਇਸ ਮੌਕੇ ਆੜ੍ਹਤੀਆ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਰਾਜੇਸ਼ ਕੁਮਾਰ ਜੈਨ ਨੇ ਇਸ ਘਟਨਾ ਦੀ ਸਖਤ ਸ਼ਬਦਾਂ ’ਚ ਨਿਖੇਧੀ ਕਰਦਿਆ ਕਿਹਾ ਕਿ ਜਦੋਂ ਤੱਕ ਲੜਕੀ ਦੀ ਲਾਸ਼ ਦਾ ਪੋਸਟਮਾਰਟਮ ਕਰਕੇ ਅੰਤਿਮ ਸਸਕਾਰ ਨਹੀਂ ਹੋ ਜਾਂਦਾ, ਉਦੋਂ ਤੱਕ ਮੌੜ ਮੰਡੀ ਨੂੰ ਬੰਦ ਰੱਖਿਆ ਜਾਵੇਗਾ। Maur Mandi News