Punjab Farmers News: ਪਿਛਲੇ ਸਾਲ 1500 ਰੁਪਏ ਵਿਕਣ ਵਾਲਾ ਕਰੇਟ ਇਸ ਵਾਰ ਵਿਕ ਰਿਹੈ 40 ਰੁਪਏ
Punjab Farmers News: ਸਨੌਰ (ਰਾਮ ਸਰੂਪ ਪੰਜੋਲਾ)। ਕਿਸਾਨਾਂ ਲਈ ਇਸ ਸਾਲ ਲਾਲ ਟਮਾਟਰਾਂ ਦੀ ਖੇਤੀ ਘਾਟੇ ਦਾ ਸੌਦਾ ਸਾਬਤ ਹੋ ਰਹੀ ਹੈ। ਪਿਛਲੇ ਸਾਲ ਤਕਰੀਬਨ 1500 ਰੁਪਏ ਕਰੇਟ ਵਿਕਣ ਵਾਲਾ ਟਮਾਟਰ ਇਸ ਵਾਰ 40 ਤੋਂ 50 ਰੁਪਏ ਕਰੇਟ ਵੇਚਣ ਲਈ ਕਿਸਾਨ ਮਜ਼ਬੂਰ ਹਨ।
ਪਟਿਆਲਾ ਜ਼ਿਲ੍ਹੇ ਦੇ ਹਲਕਾ ਸਨੌਰ ਦਾ ਏਰੀਆ ਸਬਜੀਆਂ ਦੀ ਖੇਤੀ ਲਈ ਮਸ਼ਹੂਰ ਹੈ ਇਸ ਕਰਕੇ ਇਸ ਏਰੀਏ ਦੇ ਖੇਤ ਟਮਾਟਰਾਂ ਨਾਲ ਲਾਲ ਹੀ ਲਾਲ ਦਿਖਾਈ ਦੇ ਰਹੇ ਹਨ। ਕਸਬਾ ਸਨੌਰ ਅਤੇ ਹੋਰ ਖੇਤਰਾਂ ਵਿੱਚ ਟਮਾਟਰ ਦੀ ਵਧੇਰੇ ਕਾਸ਼ਤ ਹੋਣ ਤੋਂ ਬਾਅਦ ਹੁਣ ਚੰਗਾ ਭਾਅ ਨਾ ਮਿਲਣ ਕਾਰਨ ਕਿਸਾਨ ਰੋ ਉਠਿਆ ਹੈ।
Read Also : New Traffic Rules Punjab: ਪੰਜਾਬ ’ਚ ਵਾਹਨ ਚਾਲਕ ਹੋ ਜਾਣ ਸਾਵਧਾਨ!, ਕੀਤੀ ਇਹ ਗਲਤੀ ਤਾਂ ਹੋਵੇਗੀ ਜੇਬ੍ਹ ਢਿੱਲੀ
ਮੰਦੇ ਭਾਅ ਨੇ ਕਿਸਾਨਾਂ ਦਾ ਲੱਕ ਤੋੜ ਦਿੱਤਾ ਹੈ, ਦੋ ਮਹੀਨੇ ਪਹਿਲਾਂ ਜਦੋਂ ਟਮਾਟਰ ਬਾਹਰੋਂ ਆ ਰਿਹਾ ਸੀ, ਉਸ ਸਮੇਂ ਟਮਾਟਰ 70 ਤੋਂ 80 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਮਾਰਕੀਟ ਵਿੱਚ ਵਿਕ ਰਿਹਾ ਸੀ ਪਰ ਹੁਣ ਜਦੋਂ ਕਿਸਾਨਾਂ ਦੀ ਟਮਾਟਰ ਦੀ ਖੇਤੀ ਪੱਕ ਕੇ ਮੰਡੀ ’ਚ ਆ ਰਹੀ ਹੈ ਤਾਂ ਹੁਣ ਕਿਸਾਨਾਂ ਨੂੰ ਟਮਾਟਰ ਦਾ ਭਾਅ ਦੋ ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਮਿਲ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਪਿਛਲੇ ਸਾਲ ਦੇ ਭਾਅ ਨੂੰ ਦੇਖਦੇ ਹੋਏ ਇਸ ਵਾਰ ਉਨ੍ਹਾਂ ਨੇ ਬੀਜ ਵੀ ਚੰਗੀ ਕਿਸਮ ਦਾ ਬੀਜਿਆ ਹੈ ਤੇ ਟਮਾਟਰ ਵੀ ਸੇਬ ਦੇ ਬਰਾਬਰ ਉਤਰਿਆ ਹੈ ਪਰ ਚੰਗਾ ਭਾਅ ਨਾ ਮਿਲਣ ਕਾਰਨ ਸਾਡੀਆਂ ਆਸਾਂ ’ਤੇ ਪਾਣੀ ਫਿਰ ਗਿਆ ਹੈ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਭਾਅ ਸਹੀ ਨਾ ਮਿਲਿਆ ਤਾਂ ਅਸੀਂ ਆਪਣੀ ਟਮਾਟਰਾਂ ਦੀ ਫਸਲ ਖੇਤ ਵਿੱਚ ਹੀ ਵਾਹੁਣ ਲਈ ਮਜ਼ਬੂਰ ਹੋ ਜਾਵਾਂਗੇ ।
Punjab Farmers News
ਕਿਸਾਨ ਹਰਮੀਤ ਸਿੰਘ, ਗੁਰਮੀਤ ਸਿੰਘ ਅਤੇ ਪ੍ਰੀਤਮ ਸਿੰਘ ਨੇ ਦੱਸਿਆ ਕਿ ਇੱਕ ਕਿੱਲੇ ਵਿੱਚ ਦੋ ਤੋਂ ਢਾਈ ਲੱਖ ਪਰ ਏਕੜ ਟਮਾਟਰਾਂ ਦੀ ਫਸਲ ਤਿਆਰ ਕਰਨ ’ਤੇ ਆਉਂਦਾ ਹੈ , ਅਸੀਂ ਪੰਜ ਏਕੜ ਟਮਾਟਰ ਬੀਜੇ ਹਨ ਅਤੇ ਨਾਲ ਉਸਦੇ ਭਰਾ ਨੇ 10 ਕਿੱਲੇ ਟਮਾਟਰ ਲਾਏ ਹਨ। ਅਸੀਂ ਅਸਲੀ ਕੁਆਲਿਟੀ ਲਾਈ ਹੈ। ਇੱਥੋਂ ਦੇ ਟਮਾਟਰ ਹਮੇਸ਼ਾ ਪੰਜਾਬ ’ਚ ਹੀ ਨਹੀਂ, ਹਰਿਆਣਾ ਸਮੇਤ ਹੋਰਨਾਂ ਸੂਬਿਆਂ ਵਿੱਚ ਵੀ ਜਾਂਦੇ ਹਨ। ਉਨ੍ਹਾਂ ਕਿਹਾ ਕਿ ਤੁੜਾਈ ਤੋਂ ਜ਼ਿਆਦਾ ਲੇਬਰ ਦਾ ਖਰਚਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਟਮਾਟਰਾਂ ਦੀ ਖੇਤੀ ਕਰਨ ਵਾਲਾ ਕਿਸਾਨ ਲੱਖਾਂ ਰੁਪਏ ਦੇ ਘਾਟੇ ਵਿੱਚ ਜਾ ਰਿਹਾ ਹੈ। ਸਰਕਾਰ ਚਾਹੁੰਦੀ ਹੈ ਕਿ ਫਸਲੀ ਵਿਭਿੰਨਤਾ ਲਿਆਂਦੀ ਜਾਵੇ ਪਰ ਅਜਿਹਾ ਕਰਨ ਵਾਲੇ ਕਿਸਾਨਾਂ ਨੂੰ ਤਾਂ ਫ਼ਸਲ ਦਾ ਪੂਰਾ ਮੁੱਲ ਵੀ ਨਹੀਂ ਮਿਲਦਾ। Punjab Farmers News
ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਟਮਾਟਰ ਦਾ ਘੱਟੋ-ਘੱਟ ਸਮਰਥਨ ਮੁੱਲ ਤੈਅ ਕੀਤਾ ਜਾਣਾ ਚਾਹੀਦਾ ਹੈ, ਨਹੀਂ ਤਾਂ ਕਿਸਾਨ ਪੂਰੀ ਤਰ੍ਹਾਂ ਬਰਬਾਦ ਹੋ ਜਾਣਗੇ। ਕਈ ਕਿਸਾਨਾਂ ਨੇ ਤਾਜ਼ਾ ਫ਼ਸਲ ਦੀ ਤੁੜਾਈ ਵੀ ਰੋਕ ਦਿੱਤੀ ਹੈ। ਸਹੀ ਮੁੱਲ ਨਾ ਮਿਲਣ ਕਰਕੇ ਉਹ ਤੁੜਾਈ ਦੀ ਮਜ਼ਦੂਰੀ ਵੀ ਆਪਣੇ ਪੱਲਿਓਂ ਖ਼ਰਚ ਕਰਨਗੇ। ਕਿਸਾਨ ਦੁਬਿਧਾ ਵਿੱਚ ਹਨ ਕਿ ਉਹ ਆਪਣੀ ਫ਼ਸਲ ਨੂੰ ਇਸੇ ਤਰ੍ਹਾਂ ਹੀ ਸੜਨ ਦੇਣ ਜਾਂ ਪਸ਼ੂ-ਡੰਗਰ ਚਾਰਨ ਵਾਲਿਆਂ ਲਈ ਖੁੱਲ੍ਹੀ ਛੱਡ ਦੇਣ। ਅਜਿਹੇ ਹਾਲਾਤ ਵਿੱਚ ਤਕਰੀਬਨ ਕਈ ਕਿਸਾਨਾਂ ਨੇ ਟਮਾਟਰ ਦੀ ਕਾਸ਼ਤ ਕਰਨ ਤੋਂ ਤੌਬਾ ਕਰ ਲਈ ਹੈ।