ਸੁਰੇਸ਼ ਅਰੋੜਾ ਨੇ ਕੀਤਾ ਪ੍ਰੈਸ ਕਾਨਫਰੰਸ ਨੂੰ ਸੰਬੋਧਨ
ਰਾਜੀਵ ਸ਼ਰਮਾ, ਹੁਸ਼ਿਆਰਪੁਰ : ਆਉਣ ਵਾਲੇ ਤਿੰਨ ਮਹੀਨਿਆਂ ‘ਚ ਪੰਜਾਬ ਪੁਲਿਸ ਆਧੁਨਿਕ ਹਥਿਆਰਾਂ ਅਤੇ ਸਾਜੋ-ਸਾਮਾਨ ਨਾਲ ਲੈਸ ਹੋ ਜਾਵੇਗੀ ਅਤੇ ਵੱਖ-ਵੱਖ ਪ੍ਰਕਾਰ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਵਿਸ਼ੇਸ਼ ਵਾਹਨ ਅਤੇ ਬੁਲਟ ਪਰੂਫ ਜੈਕਟਾਂ ਵੀ ਪੁਲਿਸ ਨੂੰ ਮੁਹੱਈਆ ਕਰਵਾਈਆਂ ਜਾਣਗੀਆਂ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡੀ.ਜੀ.ਪੀ. ਪੰਜਾਬ ਸੁਰੇਸ਼ ਅਰੋੜਾ ਨੇ ਅੱਜ ਇੱਥੇ ਪੁਲਿਸ ਲਾਇਨ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪਠਾਨਕੋਟ ‘ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਹੀ ਇਹ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਗਈਆਂ ਸਨ।
ਇਸ ਸਬੰਧੀ ਸਾਰੇ ਪੱਖਾਂ ‘ਤੇ ਵਿਚਾਰ ਵਟਾਂਦਰਾ ਕਰਨ ਉਪਰੰਤ ਇੱਕ ਸਾਲ ਬਾਅਦ ਇਸ ਯੋਜਨਾ ਨੂੰ ਲਾਗੂ ਕੀਤਾ ਗਿਆ ਹੈ।ਸੂਬੇ ‘ਚ ਵਧ ਰਹੀਆਂ ਗੈਗਸਟਰਾਂ ਦੀਆਂ ਗਤੀਵਿਧੀਆ ‘ਤੇ ਕਾਬੂ ਪਾਉਣ ਲਈ ਅਲੱਗ ਗੈਂਗਸਟਰ ਐਕਟ ਦੀ ਜ਼ਰੂਰਤ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਇਸ ਸਬੰਧੀ ਰਾਜ ਸਰਕਾਰ ਨੂੰ ਲਿਖਿਆ ਗਿਆ ਸੀ ਜਿਸ ਤੋਂ ਬਾਅਦ ਕੈਬਨਿਟ ਨੇ ਇਸ ਸਬੰਧੀ ਇੱਕ ਕਮੇਟੀ ਦਾ ਗਠਨ ਕੀਤਾ ਸੀ ਜਿਸ ਦੀਆਂ ਕਈ ਮੀਟਿੰਗਾਂ ਹੋ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਗੈਂਗਸਟਰਾਂ ‘ਤੇ ਨਕੇਲ ਕਸਣ ਲਈ ਕਾਨੂੰਨੀ ਖਾਮੀਆਂ ਦੂਰ ਕਰਕੇ ਉਨਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਜ਼ਮਾਨਤ ਲੈ ਕੇ ਬਾਹਰ ਆਉਣ ‘ਤੇ ਰੋਕ ਲਈ ਸਖਤ ਕਾਨੂੰਨ ਦੀ ਜ਼ਰੂਰਤ ਹੈ।
ਡਿਊਟੀ ‘ਚ ਲਿਆਂਦਾ ਜਾਵੇਗਾ ਬਦਲਾਅ
ਪੁਲਿਸ ਕਰਮਚਾਰੀਆਂ ਤੋਂ 8 ਘੰਟੇ ਡਿਊਟੀ ਲਏ ਜਾਣ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ ‘ਚ ਉਨ੍ਹਾਂ ਕਿਹਾ ਕਿ ਜਾਂਚ ਡਿਊਟੀ ‘ਤੇ ਲੱਗੇ ਮੁਲਾਜ਼ਮਾਂ ਨੂੰ ਜ਼ਿਆਦਾ ਡਿਊਟੀ ਕਰਨੀ ਪੈਂਦੀ ਹੈ ਪਰ ਜਲਦ ਹੀ ਇਸ ‘ਚ ਬਦਲਾਅ ਲਿਆਂਦਾ ਜਾਵੇਗਾ ਕਿਉਂਕਿ 7 ਹਜ਼ਾਰ ਪੁਲਿਸ ਮੁਲਾਜ਼ਮ ਟ੍ਰੇਨਿੰਗ ਕਰ ਰਹੇ ਹਨ ਉਨਾਂ ਦੀ ਨਿਯੁਕਤੀ ਤੋਂ ਬਾਅਦ ਇਹ ਸਮੱਸਿਆ ਹੱਲ ਹੋ ਜਾਵੇਗੀ।
ਉਨਾਂ ਕਿਹਾ ਕਿ ਇਹ ਗੱਲ ਸਹੀ ਹੈ ਕਿ ਕੁਝ ਮਾਮਲਿਆਂ ‘ਚ ਪੁਲਿਸ ਨੂੰ ਸਫ਼ਲਤਾ ਨਹੀਂ ਮਿਲੀ ਪਰ ਇਸ ‘ਤੇ ਗੰਭੀਰਤਾ ਨਾਲ ਕੰਮ ਕੀਤਾ ਜਾ ਰਿਹਾ ਹੈ ਅਤੇ ਕੁਝ ਮਾਮਲਿਆਂ ‘ਚ ਸੀ.ਬੀ.ਆਈ. ਜਾਂਚ ਤੋਂ ਬਾਅਦ ਪੁਲਿਸ ਆਪਣੀ ਕਾਰਵਾਈ ਕਰੇਗੀ। ਇਸ ਮੌਕੇ ਆਈ.ਜੀ. ਅਰਪਿਤ ਸ਼ੁਕਲਾ, ਜ਼ਿਲਾ ਪੁਲਿਸ ਮੁਖੀ ਜੇ. ਇਲਨਚੇਲੀਅਨ ਤੇ ਹੋਰ ਅਧਿਕਾਰੀ ਹਾਜ਼ਰ ਸਨ।