Bathinda News: 4 ਮਾਰਚ ਨੂੰ ਪੇਸ਼ ਹੋਵੇਗਾ ਬਠਿੰਡਾ ਨਗਰ ਨਿਗਮ ਦਾ ਬਜਟ
Bathinda News: ਬਠਿੰਡਾ (ਸੁਖਜੀਤ ਮਾਨ)। ਬਠਿੰਡਾ ਦੇ ਚੌਂਕਾਂ ਦੀ ਹੁਣ ਹਾਲਤ ਸੁਧਰਨ ਦੀ ਆਸ ਬੱਝੀ ਹੈ। ਚੌਂਕਾਂ ’ਚ ਕਈ ਥਾਈਂ ਤਾਂ ਵੱਡੇ-ਵੱਡੇ ਅੱਕ ਉੱਗੇ ਹੋਏ ਹਨ। ਘਾਹ-ਫੂਸ ਤੋਂ ਇਲਾਵਾ ਸਫ਼ਾਈ ਪ੍ਰਬੰਧ ਵੀ ਦਰੁਸਤ ਨਹੀਂ ਹੈ। 4 ਮਾਰਚ ਨੂੰ ਪੇਸ਼ ਹੋਣ ਵਾਲੇ ਬਠਿੰਡਾ ਨਗਰ ਨਿਗਮ ਦੇ ਬਜਟ ’ਚ ਜੋ ਮੁੱਖ ਏਜੰਡੇ ਰੱਖੇ ਜਾਣੇ ਹਨ, ਉਨ੍ਹਾਂ ’ਚ ਸ਼ਹਿਰ ਦੇ ਚੌਂਕਾਂ ਦਾ ਵਿਸ਼ੇਸ਼ ਜ਼ਿਕਰ ਕੀਤਾ ਗਿਆ ਹੈ। ਵੇਰਵਿਆਂ ਮੁਤਾਬਿਕ 4 ਮਾਰਚ ਨੂੰ ਬਾਅਦ ਦੁਪਹਿਰ ਨਗਰ ਨਿਗਮ ਬਠਿੰਡਾ ਦੇ ਨਵੇਂ ਮੇਅਰ ਪਦਮਜੀਤ ਸਿੰਘ ਮਹਿਤਾ ਦੀ ਅਗਵਾਈ ਵਿੱਚ ਪਹਿਲਾ ਬਜਟ ਪੇਸ਼ ਕੀਤਾ ਜਾਵੇਗਾ। ਇਸ ਬਜਟ ਵਿੱਚ ਬਠਿੰਡਾ ਦੇ ਚੌਂਕਾਂ ਦੀ ਦਸ਼ਾ ਸੁਧਾਰਨ ਦਾ ਵਿਸ਼ੇਸ਼ ਜ਼ਿਕਰ ਕੀਤਾ ਗਿਆ ਹੈ।
Read Also : Haryana Government News: ਨਾਇਬ ਸਰਕਾਰ ਨੇ ਹਰਿਆਣਾ ’ਚ ਬਣਾਈ ਕਮੇਟੀ, ਹੋਣ ਜਾ ਰਿਹੈ ਵੱਡਾ ਬਦਲਾਅ
ਨਿਗਮ ਦੇ ਜਨਰਲ ਹਾਊਸ ਦੀ ਮੀਟਿੰਗ ’ਚ ਜੋ ਏਜੰਡੇ ਵਿਚਾਰੇ ਜਾਣੇ ਹਨ, ਉਹਨਾਂ ਵਿੱਚੋਂ 17 ਨੰਬਰ ਏਜੰਡੇ ’ਚ ਲਿਖਿਆ ਗਿਆ ਹੈ ਕਿ ਨਗਰ ਨਿਗਮ ਬਠਿੰਡਾ ਅਧੀਨ ਪੈਂਦੇ ਚੌਂਕਾਂ, ਗਰੀਨ ਬੈਲਟਾਂ ਦੀ ਸਾਫ ਸਫਾਈ ਤੇ ਰਿਪੇਅਰ ਆਦਿ ਲਈ ਚੰਡੀਗੜ੍ਹ ਨਗਰ ਨਿਗਮ ਦੀ ਤਰਜ਼ ’ਤੇ ਪਬਲਿਕ ਪ੍ਰਾਈਵੇਟ ਭਾਈਵਾਲੀ ਰਾਹੀਂ ਏਜੰਸੀਆਂ/ ਫਰਮਾਂ/ ਕੰਪਨੀਆਂ/ ਐਨਜੀਓ ਆਦਿ ਨੂੰ ਦਿੱਤਾ ਜਾ ਸਕਦਾ ਹੈ। ਅਜਿਹਾ ਕਰਨ ਨਾਲ ਨਿਗਮ ਅਧੀਨ ਪੈਂਦੇ ਚੌਂਕਾਂ, ਗਰੀਨ ਬੈਲਟਾਂ ਦੀ ਸਮਾਂ ਬੱਧ ਸਹੀ ਸਾਂਭ ਸੰਭਾਲ ਹੋ ਸਕਦੀ ਹੈ ਅਤੇ ਨਿਗਮ ਨੂੰ ਵੀ ਇਸ ਸਕੀਮ ਰਾਹੀਂ ਆਮਦਨੀ ਹੋ ਸਕਦੀ ਹੈ।
Bathinda News
ਸ਼ਹਿਰ ਦੇ ਚੌਂਕਾਂ ਤੋਂ ਇਲਾਵਾ ਲਾਈਨੋਂ ਪਾਰ ਖੇਤਰ ਵਿੱਚ ਕਮਿਊਨਿਟੀ ਹਾਲ ਅਤੇ ਬੱਚਿਆਂ ਦੇ ਖੇਡਣ ਲਈ ਗਰਾਊਂਡ ਦਾ ਐਲਾਨ ਵੀ ਮੇਅਰ ਵੱਲੋਂ ਬਜਟ ਵਿੱਚ ਕੀਤੇ ਜਾਣ ਦੀ ਸੰਭਾਵਨਾ ਹੈ ਕਿਉਂਕਿ ਚੋਣ ਤੋਂ ਪਹਿਲਾਂ ਮੇਅਰ ਵੱਲੋਂ ਪ੍ਰਚਾਰ ਦੌਰਾਨ ਇਸ ਦਾ ਖਾਸ ਜ਼ਿਕਰ ਕੀਤਾ ਗਿਆ ਸੀ।ਨਗਰ ਨਿਗਮ ਦਾ ਬਿਜਲੀ ਬਿੱਲ ਬਹੁਤ ਜ਼ਿਆਦਾ ਆਉਂਦਾ ਹੈ, ਜਿਸ ਨੂੰ ਘੱਟ ਕਰਨ ਲਈ ਸੋਲਰ ਪਲਾਂਟ ਪ੍ਰੋਜੈਕਟ ਲਗਾਉਣ ਦੀ ਪੇਸ਼ਕਸ਼ ਵੀ ਬਜਟ ਵਿੱਚ ਰੱਖੀ ਜਾਵੇਗੀ, ਜਿਸ ਦੇ ਲਈ ਅੱਠ ਏਕੜ ਜਗਾ ਖਰੀਦਣ ਦਾ ਮਤਾ ਵੀ ਹਾਊਸ ਵਿੱਚ ਪਾਸ ਕੀਤਾ ਜਾ ਸਕਦਾ ਹੈ।
ਮੇਅਰ ਪਦਮਜੀਤ ਸਿੰਘ ਮਹਿਤਾ ਵੱਲੋਂ ਬਠਿੰਡਾ ਨੂੰ ਕ੍ਰਾਈਮ ਤੇ ਨਸ਼ਾ ਮੁਕਤ ਕਰਨ ਦੇ ਮਕਸਦ ਤਹਿਤ ਬਠਿੰਡਾ ਦੇ ਹਰੇਕ ਵਾਰਡ ਵਿੱਚ ਸੀਸੀਟੀਵੀ ਕੈਮਰੇ ਲਾਏ ਜਾਣ ਦਾ ਐਲਾਨ ਪਹਿਲਾਂ ਹੀ ਕੀਤਾ ਜਾ ਚੁੱਕਿਆ ਹੈ ਅਤੇ ਬਜ਼ਟ ਤੋਂ ਬਾਅਦ ਇਸ ਮੁਹਿੰਮ ਨੂੰ ਪੂਰਾ ਕਰਨ ’ਤੇ ਜ਼ੋਰ ਦਿੱਤਾ ਜਾਵੇਗਾ, ਤਾਂ ਜੋ ਨਸ਼ਾ ਤਸਕਰੀ ਕਰਨ ਵਾਲਿਆਂ ਅਤੇ ਅਪਰਾਧਿਕ ਗਤੀਵਿਧੀਆਂ ’ਚ ਸ਼ਾਮਲ ਲੋਕਾਂ ਦੀ ਪਹਿਚਾਣ ਕਰਕੇ ਉਨ੍ਹਾਂ ਖਿਲਾਫ ਸਖ਼ਤ ਕਾਰਵਾਈ ਕਰਵਾਈ ਜਾ ਸਕੇ।
ਇੰਡਸਟਰੀਅਲ ਏਰੀਆ ਆਈਟੀਆਈ ਚੌਂਕ, ਗ੍ਰੋਥ ਸੈਂਟਰ, ਫੋਕਲ ਪੁਆਇੰਟ ਸਮੇਤ ਜਰੂਰਤ ਦੇ ਅਨੁਸਾਰ ਸ਼ਹਿਰ ਵਿੱਚ ਸਟਰੀਟ ਲਾਈਟਾਂ ਲਾਈਆਂ ਜਾਣਗੀਆਂ। ਸ਼ਹਿਰ ਦੇ ਸਾਰੇ ਅੰਡਰਬ੍ਰਿਜਾਂ ਵਿੱਚ ਲਾਈਟਾਂ ਦਾ ਪ੍ਰਬੰਧ ਹੋਵੇਗਾ। ਮੇਅਰ ਪਦਮਜੀਤ ਸਿੰਘ ਮਹਿਤਾ ਨੇ ਕਿਹਾ ਕਿ ਬਠਿੰਡਾ ਸ਼ਹਿਰ ਨੂੰ ਕਚਰਾ ਮੁਕਤ ਕਰਨ ਲਈ ਵੱਡੇ ਪੱਧਰ ’ਤੇ ਪ੍ਰਬੰਧ ਸ਼ੁਰੂ ਕੀਤੇ ਗਏ ਹਨ, ਜਿਸ ਦੇ ਤਹਿਤ ਪਹਿਲਾਂ ਹੀ ਟਰੈਕਟਰ ਟਰਾਲੀਆਂ ਖਰੀਦੀਆਂ ਗਈਆਂ ਹਨ ਅਤੇ ਜਰੂਰਤ ਪੈਣ ’ਤੇ ਹੋਰ ਟਰੈਕਟਰ ਟਰਾਲੀਆਂ ਖਰੀਦਣ ਸਬੰਧੀ ਹਾਊਸ ਵਿੱਚ ਮਤਾ ਰੱਖਿਆ ਜਾਵੇਗਾ, ਤਾਂ ਜੋ ਬਠਿੰਡਾ ਵਾਸੀਆਂ ਨੂੰ ਕੂੜੇ ਦੀ ਸਮੱਸਿਆ ਤੋਂ ਨਿਜਾਤ ਦਿਵਾਈ ਜਾ ਸਕੇ ਤੇ ਸਫਾਈ ਦੇ ਮਾਮਲੇ ਵਿੱਚ ਬਠਿੰਡਾ ਨੂੰ ਦੇਸ਼ ਦਾ ਆਦਰਸ਼ ਸ਼ਹਿਰ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਟਰੈਫਿਕ ਸਮੱਸਿਆ ਦੇ ਸੁਧਾਰ ਲਈ ਸ਼ਹਿਰ ਵਿੱਚ ਲਗਾਈਆਂ ਜਾਣ ਵਾਲੀਆਂ ਰੇਹੜੀਆਂ, ਫੜ੍ਹੀਆਂ ਤੇ ਆਟੋ ਰਿਕਸ਼ਾ ਲਈ ਵੀ ਵਿਸ਼ੇਸ਼ ਯੋਜਨਾ ਤਿਆਰ ਕੀਤੀ ਜਾ ਰਹੀ ਹੈ।
ਚੌਂਕਾਂ ਦੀ ਸੰਭਾਲ ਦਾ ਦੋ ਸਾਲ ਲਈ ਦਿੱਤਾ ਜਾਵੇਗਾ ਕੰਮ
ਚੌਂਕਾਂ ਦੀ ਸੰਭਾਲ ਦੀ ਸਕੀਮ ਰਾਹੀਂ ਏਜੰਸੀਆਂ/ਫਰਮਾਂ/ਕੰਪਨੀਆਂ/ਐੱਨਜੀਓ ਆਦਿ ਨੂੰ ਚੌਂਕਾਂ, ਗਰੀਨ ਬੈਲਟਾਂ ਆਦਿ ਦੀ ਸਾਂਭ ਸੰਭਾਲ ਬਦਲੇ ਇਸ਼ਤਿਹਾਰੀ ਬੋਰਡ ਲਾਉਣ ਦੇ ਅਧਿਕਾਰ ਹੋਣਗੇ। ਇਸ ਕੰਮ ਲਈ ਨਿਗਮ ਤੋਂ ਪ੍ਰਵਾਨਿਤ ਹੋਣ ਵਾਲੀਆਂ ਫਰਮਾਂ ਨੂੰ ਦੋ ਸਾਲਾਂ ਲਈ ਕੰਮ ਅਲਾਟ ਕੀਤਾ ਜਾਵੇਗਾ। ਵਧੀਆ ਕੰਮ ਕਰਨ ਵਾਲੀ ਫਰਮ ਨੂੰ ਅਗਲੇ ਇੱਕ ਸਾਲ ਦੇ ਵਾਧੇ ਲਈ ਵਿਚਾਰਿਆ ਜਾ ਸਕਦਾ ਹੈ।