ਅੱਜ ਭਾਰੀ ਮੀਂਹ ਦੀ ਚਿਤਾਵਨੀ | Chamoli News
Chamoli News: ਨਵੀਂ ਦਿੱਲੀ (ਏਜੰਸੀ)। ਉਤਰਾਖੰਡ ਦੇ ਚਮੋਲੀ ’ਚ ਸ਼ੁੱਕਰਵਾਰ ਸਵੇਰੇ 8 ਵਜੇ ਬਰਫ਼ ਦੇ ਤੋਦੇ ਡਿੱਗਣ ਕਾਰਨ 57 ਮਜ਼ਦੂਰ ਬਰਫ਼ ਹੇਠ ਦੱਬ ਗਏ। ਇਹ ਘਟਨਾ ਚਮੋਲੀ ਦੇ ਮਾਨਾ ਪਿੰਡ ’ਚ ਵਾਪਰੀ। ਬਾਰਡਰ ਰੋਡ ਆਰਗੇਨਾਈਜ਼ੇਸ਼ਨ (ਬੀਆਰਓ) ਦੀ ਟੀਮ ਚਮੋਲੀ-ਬਦਰੀਨਾਥ ਹਾਈਵੇਅ ’ਤੇ ਬਰਫ਼ ਹਟਾਉਣ ਦਾ ਕੰਮ ਕਰ ਰਹੀ ਸੀ। ਉਸ ਸਮੇਂ ਦੌਰਾਨ ਬਰਫ਼ ਦਾ ਪਹਾੜ ਟੁੱਟ ਗਿਆ ਤੇ ਮਜ਼ਦੂਰ ਬਰਫ਼ ਹੇਠ ਦੱਬ ਗਏ। ਹੁਣ ਤੱਕ 16 ਕਾਮਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ।
ਇਹ ਖਬਰ ਵੀ ਪੜ੍ਹੋ : Gurugram Dahej: ਦਾਜ ਮੰਗਣ ਵਾਲਿਆਂ ਲਈ ਸਬਕ, 73 ਲੱਖ ਰੁਪਏ ’ਚ ਛੁਡਵਾਇਆ ਖਹਿੜਾ
ਐਨਡੀਆਰਐਫ, ਐਸਡੀਆਰਐਫ, ਆਈਟੀਬੀਪੀ ਤੇ ਬੀਆਰਓ ਦੀਆਂ ਟੀਮਾਂ ਮੌਕੇ ’ਤੇ ਮੌਜੂਦ ਹਨ। ਮੌਸਮ ਵਿਭਾਗ ਨੇ 28 ਫਰਵਰੀ ਦੀ ਦੇਰ ਰਾਤ ਤੱਕ ਉੱਤਰਾਖੰਡ ’ਚ ਭਾਰੀ ਬਾਰਿਸ਼ (20 ਸੈਂਟੀਮੀਟਰ ਤੱਕ) ਦੀ ਚੇਤਾਵਨੀ ਜਾਰੀ ਕੀਤੀ ਹੈ। ਚਮੋਲੀ ਦੇ ਡੀਐਮ ਸੰਦੀਪ ਤਿਵਾੜੀ ਨੇ ਕਿਹਾ ਕਿ ਘਟਨਾ ਵਾਲੀ ਥਾਂ ’ਤੇ ਲਗਾਤਾਰ ਮੀਂਹ ਤੇ ਬਰਫ਼ਬਾਰੀ ਹੋ ਰਹੀ ਹੈ, ਇਸ ਲਈ ਅਸੀਂ ਹੈਲੀਕਾਪਟਰ ਨਹੀਂ ਭੇਜ ਸਕਦੇ। ਸੈਟੇਲਾਈਟ ਫੋਨ ਉਪਲਬਧ ਨਹੀਂ ਹਨ, ਇਸ ਲਈ ਅਸੀਂ ਉਨ੍ਹਾਂ ਨਾਲ ਗੱਲ ਵੀ ਨਹੀਂ ਕਰ ਸਕਦੇ। ਕਿਸੇ ਵੀ ਜਾਨੀ ਨੁਕਸਾਨ ਬਾਰੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਹੈ।
ਜੰਮੂ-ਕਸ਼ਮੀਰ ’ਚ 3 ਦਿਨਾਂ ਤੋਂ ਲਗਾਤਾਰ ਮੀਂਹ ਜਾਰੀ
ਜੰਮੂ-ਕਸ਼ਮੀਰ ’ਚ ਵੀ ਪਿਛਲੇ 3 ਦਿਨਾਂ ਤੋਂ ਮੀਂਹ ਤੇ ਬਰਫ਼ਬਾਰੀ ਹੋ ਰਹੀ ਹੈ। ਊਧਮਪੁਰ ਜ਼ਿਲ੍ਹੇ ਦੇ ਮੌਨਗਰੀ ਨੇੜੇ ਸ਼ੁੱਕਰਵਾਰ ਤੜਕੇ ਇੱਕ ਪਹਾੜੀ ਤੋਂ ਇੱਕ ਪੱਥਰ ਡਿੱਗਣ ਕਾਰਨ ਇੱਕ ਮਾਂ ਤੇ ਪੁੱਤਰ ਦੀ ਮੌਤ ਹੋ ਗਈ। ਕਠੂਆ ਜ਼ਿਲ੍ਹੇ ਦੇ ਰਾਜਬਾਗ ਇਲਾਕੇ ’ਚ ਉਝ ਨਦੀ ਤੋਂ 11 ਲੋਕਾਂ ਨੂੰ ਬਚਾਇਆ ਗਿਆ ਤੇ ਨਿੱਕੀ ਤਵੀ ਇਲਾਕੇ ਤੋਂ 1 ਵਿਅਕਤੀ ਨੂੰ ਬਚਾਇਆ ਗਿਆ। ਬਰਫ਼ਬਾਰੀ ਤੇ ਜ਼ਮੀਨ ਖਿਸਕਣ ਕਾਰਨ ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ ਸਮੇਤ ਕਈ ਸੜਕਾਂ ਬੰਦ ਹੋ ਗਈਆਂ ਹਨ। ਘਾਟੀ ਦੇ ਉੱਚੇ ਇਲਾਕਿਆਂ ’ਚ ਦਰਮਿਆਨੀ ਤੋਂ ਭਾਰੀ ਬਰਫ਼ਬਾਰੀ ਹੋਈ, ਜਿਸ ’ਚ ਗੁਲਮਰਗ, ਸੋਨਮਰਗ ਤੇ ਪਹਿਲਗਾਮ ਵਰਗੇ ਸੈਲਾਨੀ ਸਥਾਨ ਸ਼ਾਮਲ ਹਨ। ਖਰਾਬ ਮੌਸਮ ਕਾਰਨ ਰੇਲਗੱਡੀਆਂ ਤੇ ਉਡਾਣਾਂ ਵੀ ਪ੍ਰਭਾਵਿਤ ਹੋਈਆਂ ਹਨ। ਉੱਤਰਾਖੰਡ ਦੇ ਗੰਗੋਤਰੀ ’ਚ 4 ਫੁੱਟ ਤੱਕ ਬਰਫ਼ਬਾਰੀ ਹੋਈ ਹੈ।