Bathinda News: ਸਖਤ ਸੁਰੱਖਿਆ ਪ੍ਰਬੰਧਾਂ ’ਚ ਸਿਵਲ ਹਸਪਤਾਲ ਬਠਿੰਡਾ ਲੈ ਕੇ ਪੁੱਜੀ ਪੁਲਿਸ
Bathinda News: ਬਠਿੰਡਾ (ਸੁਖਜੀਤ ਮਾਨ)। ਬਠਿੰਡਾ ਦੀ ਕੇਂਦਰੀ ਜੇਲ ਵਿੱਚ ਬੰਦ ਗੈਂਗਸਟਰ ਸੁੱਖਾ ਕਾਹਲਵਾਂ ਗਿਰੋਹ ਨਾਲ ਸਬੰਧਿਤ ਦੋ ਗੈਂਗਸਟਰ ਗੌਰਵ ਸ਼ਰਮਾ ਉਰਫ ਗੋਰੂ ਬੱਚਾ ਅਤੇ ਗੁਰਪ੍ਰੀਤ ਸਿੰਘ ਨੇ ਭੁੱਖ ਹੜਤਾਲ ਜਾਰੀ ਰੱਖੀ ਹੋਈ ਹੈ। ਦੋਵਾਂ ਗੈਂਗਸਟਰਾਂ ਨੂੰ ਅੱਜ ਸਖਤ ਸੁਰੱਖਿਆ ਪ੍ਰਬੰਧਾਂ ਤਹਿਤ ਜ਼ੇਲ੍ਹ ’ਚੋਂ ਸਿਵਲ ਹਸਪਤਾਲ ਬਠਿੰਡਾ ਲਿਆ ਕੇ ਮੈਡੀਕਲ ਕਰਵਾਇਆ ਗਿਆ।
ਵੇਰਵਿਆਂ ਮੁਤਾਬਿਕ ਬਠਿੰਡਾ ਦੀ ਕੇਂਦਰੀ ਜ਼ੇਲ੍ਹ ’ਚ ਬੰਦ ਦੋ ਕੈਦੀਆਂ ਗੌਰਵ ਸ਼ਰਮਾ ਉਰਫ ਗੋਰੂ ਬੱਚਾ ਅਤੇ ਗੁਰਪ੍ਰੀਤ ਸਿੰਘ, ਜਿੰਨ੍ਹਾਂ ਨੂੰ ਸੁੱਖਾ ਕਾਹਲਵਾਂ ਗਰੁੱਪ ਨਾਲ ਸਬੰਧਿਤ ਗੈਂਗਸਟਰ ਦੱਸਿਆ ਜਾ ਰਿਹਾ ਹੈ, ਵੱਲੋਂ 22 ਜਨਵਰੀ ਤੋਂ ਜ਼ੇਲ੍ਹ ’ਚ ਭੁੱਖ ਹੜਤਾਲ ਕੀਤੀ ਹੋਈ ਹੈ। ਭੁੱਖ ਹੜਤਾਲ ਕਾਰਨ ਸਿਹਤ ਵਿਗੜਨ ਕਾਰਨ ਪੁਲਿਸ ਅੱਜ ਸਖਤ ਸੁਰੱਖਿਆ ਪ੍ਰਬੰਧਾਂ ਤਹਿਤ ਦੋਵਾਂ ਨੂੰ ਸਿਵਲ ਹਸਪਤਾਲ ਬਠਿੰਡਾ ’ਚ ਮੈਡੀਕਲ ਕਰਵਾਉਣ ਲਈ ਲਿਆਈ। Bathinda News
Read Also : Road Accident: ਭਿਆਨਕ ਸੜਕ ਹਾਦਸੇ ਦੋ ਨੌਜਵਾਨਾਂ ਦੀ ਮੌਤ, ਇੱਕ ਗੰਭੀਰ ਜ਼ਖਮੀ
ਕੈਦੀ ਗੌਰਵ ਸ਼ਰਮਾ ਅਤੇ ਗੁਰਪ੍ਰੀਤ ਸਿੰਘ ਵੱਲੋਂ ਜ਼ੇਲ੍ਹ ਪ੍ਰਸ਼ਾਸ਼ਨ ’ਤੇ ਪਰਿਵਾਰਿਕ ਮੈਂਬਰਾਂ ਨੂੰ ਨਾ ਮਿਲਣ ਦੇਣ ਦੇ ਦੋਸ਼ ਲਗਾਏ ਜਾ ਰਹੇ ਹਨ। ਇਨ੍ਹਾਂ ਦੋਸ਼ਾਂ ਸਬੰਧੀ ਜ਼ੇਲ੍ਹ ਅਧਿਕਾਰੀਆਂ ਦਾ ਕੋਈ ਸਪੱਸ਼ਟੀਕਰਨ ਹਾਲੇ ਤੱਕ ਸਾਹਮਣੇ ਨਹੀਂ ਆਇਆ। ਪਿਛਲੇ ਕੁੱਝ ਦਿਨਾਂ ਤੋਂ ਪੁਲਿਸ ਪ੍ਰਸ਼ਾਸ਼ਨ ਦੇ ਨਾਲ-ਨਾਲ ਸਿਵਲ ਪ੍ਰਸ਼ਾਸ਼ਨ ਵੀ ਇਹ ਭੁੱਖ ਹੜਤਾਲ ਖਤਮ ਕਰਵਾਉਣ ਲਈ ਯਤਨਸ਼ੀਲ ਹੈ। ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰ੍ਹੇ ਵੱਲੋਂ ਐਸਡੀਐਮ ਬਠਿੰਡਾ ਨੂੰ ਵੀ ਪੁਲਿਸ ਦੇ ਨਾਲ ਇਸ ਮਾਮਲੇ ’ਚ ਲਗਾਇਆ ਹੈ।
ਪ੍ਰਸ਼ਾਸ਼ਨਿਕ ਅਮਲਾ ਭੁੱਖ ਹੜਤਾਲ ਨੂੰ ਇਸ ਕਰਕੇ ਛੇਤੀ ਖਤਮ ਕਰਵਾਉਣਾ ਚਾਹੁੰਦਾ ਹੈ ਕਿਉਂਕਿ ਬਠਿੰਡਾ ਦੀ ਕੇਂਦਰੀ ਜ਼ੇਲ੍ਹ ’ਚ ਕਈ ਨਾਮੀ ਏ ਅਤੇ ਬੀ ਕੈਟਾਗਿਰੀ ਦੇ ਗੈਂਗਸਟਰ ਬੰਦ ਹਨ। ਜੇਕਰ ਭੁੱਖ ਹੜਤਾਲ ਵਾਲੀ ਚੰਗਿਆੜੀ ਜ਼ੇਲ੍ਹ ’ਚ ਭਖ ਗਈ ਤਾਂ ਜ਼ੇਲ੍ਹ ਪ੍ਰਸ਼ਾਸ਼ਨ ਲਈ ਸਥਿਤੀ ਸੰਭਾਲਣੀ ਔਖੀ ਹੋ ਜਾਵੇਗੀ।
ਈਸੀਜੀ ਤੇ ਬਲੱਡ ਟੈਸਟ ਹੋਏ : ਡੀਐਸਪੀ
ਕੈਦੀ ਗੌਰਵ ਸ਼ਰਮਾ ਅਤੇ ਗੁਰਪ੍ਰੀਤ ਸਿੰਘ ਨੂੰ ਹਸਪਤਾਲ ਲਿਆਉਣ ਵਾਲੀ ਪੁਲਿਸ ਟੀਮ ’ਚ ਸ਼ਾਮਿਲ ਡੀਐਸਪੀ ਹਰਵਿੰਦਰ ਸਿੰਘ ਸਰਾਂ ਨੇ ਦੱਸਿਆ ਕਿ ਦੋਵਾਂ ਨੂੰ ਰੁਟੀਨ ਚੈੱਕਅੱਪ ਲਈ ਲਿਆਂਦਾ ਗਿਆ ਹੈ। ਜਦੋਂ ਪੱਤਰਕਾਰਾਂ ਨੇ ਉਨ੍ਹਾਂ ਨੂੰ ਪੁੱਛਿਆ ਕਿ ਦੋਵਾਂ ਕੈਦੀਆਂ ਨੇ ਜ਼ੇਲ੍ਹ ’ਚ ਭੁੱਖ ਹੜਤਾਲ ਕੀਤੀ ਹੋਈ ਹੈ, ਤਾਂ ਉਨ੍ਹਾਂ ਕਿਹਾ ਕਿ ਇਸ ਬਾਰੇ ਉਨ੍ਹਾਂ ਨੂੰ ਕੁੱਝ ਵੀ ਨਹੀਂ ਪਤਾ। ਉਹਨਾਂ ਦੱਸਿਆ ਕਿ ਅੱਜ ਮੈਡੀਕਲ ਦੌਰਾਨ ਦੋਵਾਂ ਦੀ ਈਸੀਜੀ ਅਤੇ ਬਲੱਡ ਟੈਸਟ ਹੋਏ ਹਨ।