Bathinda Central Jail: (ਸੁਖਜੀਤ ਮਾਨ) ਬਠਿੰਡਾ। ਬਠਿੰਡਾ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਗੈਂਗਸਟਰ ਸੁੱਖਾ ਕਾਹਲਵਾਂ ਗਰੋਹ ਨਾਲ ਸਬੰਧਿਤ ਦੋ ਗੈਂਗਸਟਰਾਂ ਵੱਲੋਂ ਜੇਲ ਵਿੱਚ ਭੁੱਖ ਹੜਤਾਲ ਸ਼ੁਰੂ ਕੀਤੀ ਗਈ ਹੈ । ਇਸ ਭੁੱਖ ਹੜਤਾਲ ਨੂੰ ਖਤਮ ਕਰਵਾਉਣ ਲਈ ਪੁਲਿਸ ਦੇ ਨਾਲ ਸਿਵਲ ਪ੍ਰਸ਼ਾਸਨ ਵੱਲੋਂ ਵੀ ਯਤਨ ਆਰੰਭ ਦਿੱਤੇ ਗਏ ਹਨ। ਭੁੱਖ ਹੜਤਾਲ ’ਤੇ ਬੈਠੇ ਗੈਂਗਸਟਰਾਂ ਨੇ ਜੇਲ੍ਹ ਪ੍ਰਸ਼ਾਸਨ ’ਤੇ ਪਰਿਵਾਰਿਕ ਮੈਂਬਰਾਂ ਨੂੰ ਨਾ ਮਿਲਣ ਦੇਣ ਅਤੇ ਗੱਲ ਨਾ ਕਰਵਾਉਣ ਦੇ ਦੋਸ਼ ਲਗਾਏ ਹਨ। ਜ਼ੇਲ੍ਹ ਅਧਿਕਾਰੀਆਂ ਵੱਲੋਂ ਇਸ ਸਬੰਧੀ ਹਾਲੇ ਕੋਈ ਵੀ ਟਿੱਪਣੀ ਸਾਹਮਣੇ ਨਹੀਂ ਆਈ ਹੈ।
ਵੇਰਵਿਆਂ ਮੁਤਾਬਿਕ ਗੈਂਗਸਟਰ ਗੌਰਵ ਸ਼ਰਮਾ ਉਰਫ ਗੋਰੂ ਬੱਚਾ ਅਤੇ ਗੁਰਪ੍ਰੀਤ ਸਿੰਘ ਨੇ ਜੇਲ੍ਹ ਪ੍ਰਸ਼ਾਸਨ ’ਤੇ ਦੋਸ਼ ਲਗਾਏ ਹਨ ਕਿ ਉਹਨਾਂ ਨੂੰ ਪਰਿਵਾਰਿਕ ਮੈਂਬਰਾਂ ਦੇ ਨਾਲ ਫੋਨ ’ਤੇ ਗੱਲਬਾਤ ਨਹੀਂ ਕਰਨ ਦਿੱਤੀ ਜਾਂਦੀ ਅਤੇ ਨਾ ਹੀ ਮਿਲਣ ਦਿੱਤਾ ਜਾਂਦਾ ਹੈ। ਇਸ ਰੋਸ ਦੇ ਚੱਲਦਿਆਂ ਹੀ ਉਹਨਾਂ ਵੱਲੋਂ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਇਸ ਭੁੱਖ ਹੜਤਾਲ ਦਾ ਪਤਾ ਲੱਗਦਿਆਂ ਹੀ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਪੱਬਾਂ ਭਾਰ ਹੋ ਗਿਆ ਹੈ ਤੇ ਭੁੱਖ ਹੜਤਾਲ ਖਤਮ ਕਰਵਾਉਣ ਦੀਆਂ ਕੋਸ਼ਿਸ਼ਾਂ ਆਰੰਭ ਦਿੱਤੀਆਂ ਹਨ। ਪਤਾ ਲੱਗਿਆ ਹੈ ਕਿ ਉਕਤ ਦੋਨੋਂ ਗੈਂਗਸਟਰਾਂ ਨੇ ਪਿਛਲੇ ਕਈ ਦਿਨਾਂ ਤੋਂ ਭੁੱਖ ਹੜਤਾਲ ਸ਼ੁਰੂ ਕੀਤੀ ਹੋਈ ਹੈ।
ਇਹ ਵੀ ਪੜ੍ਹੋ: ਪੁਲਿਸ ਨੇ ਲੁੱਟਾਂ-ਖੋਹਾਂ ਕਰਨ ਵਾਲੇ ਦੋ ਵਿਅਕਤੀਆਂ ਨੂੰ ਕੀਤਾ ਕਾਬੂ
ਜੇਲ੍ਹ ਪ੍ਰਸ਼ਾਸਨ ਨੇ ਗੈਂਗਸਟਰਾਂ ਦੀ ਇਸ ਭੁੱਖ ਹੜਤਾਲ ਸਬੰਧੀ ਸਿਵਲ ਪ੍ਰਸ਼ਾਸਨ ਨੂੰ ਜਾਣੂੰ ਕਰਵਾਇਆ ਹੈ। ਭੁੱਖ ਹੜਤਾਲ ਖਤਮ ਕਰਵਾਉਣ ਲਈ ਸਿਵਲ ਤੇ ਪੁਲਿਸ ਪ੍ਰਸ਼ਾਸਨ ਨੇ ਕਾਰਵਾਈ ਵਿੱਢ ਦਿੱਤੀ ਹੈ। ਇਹਨਾਂ ਦੋਵਾਂ ਗੈਂਗਸਟਰਾਂ ਗੌਰਵ ਸ਼ਰਮਾ ਅਤੇ ਗੁਰਪ੍ਰੀਤ ਸਿੰਘ ਦੇ ਖਿਲਾਫ ਲੁੱਟਖੋਹ ਸਮੇਤ ਹੋਰ ਗੰਭੀਰ ਅਪਰਾਧਾਂ ਦੇ ਪਰਚੇ ਦਰਜ ਹਨ। ਜੇਲ੍ਹ ਪ੍ਰਸ਼ਾਸਨ ਵੱਲੋਂ ਜੇਲ੍ਹ ਵਿੱਚ ਇਸ ਭੁੱਖ ਹੜਤਾਲ ਦੇ ਚੱਲਦਿਆਂ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਸਖਤ ਕਰ ਦਿੱਤਾ ਗਿਆ ਹੈ। Bathinda Central Jail
ਗੈਂਗਸਟਰਾਂ ਦੀ ਇਸ ਭੁੱਖ ਹੜਤਾਲ ਸਬੰਧੀ ਐਸਪੀ ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਗੈਂਗਸਟਰਾਂ ਦੀ ਭੁੱਖ ਹੜਤਾਲ ਖਤਮ ਕਰਵਾਉਣ ਦੇ ਯਤਨ ਕੀਤੇ ਜਾ ਰਹੇ ਹਨ। ਉਹਨਾਂ ਦੱਸਿਆ ਕਿ ਇਸ ਮਾਮਲੇ ਵਿੱਚ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਵੱਲੋਂ ਐਸਡੀਐਮ ਬਠਿੰਡਾ ਅਤੇ ਉਹਨਾਂ ਨਾਲ ਡੀਐਸਪੀ ਸਰਬਜੀਤ ਸਿੰਘ ਬਰਾੜ ਦੀ ਡਿਊਟੀ ਲਗਾਈ ਗਈ ਹੈ । ਇਨਾ ਦੋਵੇਂ ਅਧਿਕਾਰੀਆਂ ਵੱਲੋਂ ਕੱਲ ਵੀ ਬਠਿੰਡਾ ਜੇਲ੍ਹ ਦਾ ਦੌਰਾ ਕੀਤਾ ਗਿਆ ਸੀ। ਉਨਾਂ ਦੱਸਿਆ ਕਿ ਗੈਂਗਸਟਰਾਂ ਨੂੰ ਜੇਲ੍ਹ ਅਧਿਕਾਰੀਆਂ ਦੇ ਸਹਿਯੋਗ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਭੁੱਖ ਹੜਤਾਲ ਦੇ ਕਾਰਨ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਐਸਪੀ ਸਿਟੀ ਨੇ ਕਿਹਾ ਕਿ ਇਸ ਬਾਰੇ ਵਿੱਚ ਤਾਂ ਜੇਲ੍ਹ ਅਧਿਕਾਰੀ ਹੀ ਜਾਣਕਾਰੀ ਦੇ ਸਕਦੇ ਹਨ। ਪਤਾ ਲੱਗਿਆ ਹੈ ਕਿ ਗੈਂਗਸਟਰਾਂ ਵੱਲੋਂ ਇਹ ਭੁੱਖ ਹੜਤਾਲ 22 ਜਨਵਰੀ ਤੋਂ ਸ਼ੁਰੂ ਕੀਤੀ ਗਈ ਹੈ ਜਦੋਂਕਿ ਐਸਪੀ ਸਿਟੀ ਨੇ ਦੱਸਿਆ ਕਿ ਗੈਂਗਸਟਰਾਂ ਵੱਲੋਂ ਭੁੱਖ ਹੜਤਾਲ ਕਰੀਬ ਤਿੰਨ-ਚਾਰ ਦਿਨ ਪਹਿਲਾਂ ਹੀ ਸ਼ੁਰੂ ਕੀਤੀ ਗਈ ਹੈ।
ਬਠਿੰਡਾ ਜੇਲ੍ਹ ‘ਚ ਬੰਦ ਹਨ ਕਈ ਗੈਂਗਸਟਰ | Bathinda Central Jail
ਪੰਜਾਬ ਦੀਆਂ ਜੇਲ੍ਹਾਂ ਵਿੱਚੋਂ ਸੁਰੱਖਿਆ ਦੀ ਲਿਹਾਜ਼ ਪੱਖੋਂ ਬਿਹਤਰ ਮੰਨੀ ਜਾਂਦੀ ਬਠਿੰਡਾ ਦੀ ਕੇਂਦਰੀ ਜੇਲ੍ਹ ਵਿੱਚ ਵੱਡੀ ਗਿਣਤੀ ਨਾਮੀ ਏ ਅਤੇ ਬੀ ਕੈਟਾਗਰੀ ਦੇ ਗੈਂਗਸਟਰ ਬੰਦ ਹਨ। ਗੈਂਗਸਟਰਾਂ ਨੂੰ ਆਮ ਕੈਦੀਆਂ ਨਾਲੋਂ ਵੱਖਰੀਆਂ ਬੈਰਕਾਂ ਵਿੱਚ ਰੱਖਿਆ ਗਿਆ ਹੈ। ਜੇਲ੍ਹ ਦੀ ਸੁਰੱਖਿਆ ਦੀ ਜਿੰਮੇਵਾਰੀ ਜੇਲ੍ਹ ਦੀ ਸੁਰੱਖਿਆ ਗਾਰਦ ਤੋਂ ਇਲਾਵਾ ਸੀਆਰਪੀਐਫ ਦੇ ਹਵਾਲੇ ਹੈ ।