Fazilka News: (ਰਜਨੀਸ਼ ਰਵੀ) ਫਾਜਿਲਕਾ। ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਕਿਲਿਆਂ ਵਾਲੀ ਦੇ ਛੇ ਸਾਲਾਂ ਦੇ ਮੁਹੱਬਤ ਨੂੰ ਅੱਜ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਆਈਏਐਸ ਅਤੇ ਐਸਐਸਪੀ ਵਰਿੰਦਰ ਸਿੰਘ ਬਰਾੜ ਨੇ ਸਨਮਾਨਿਤ ਕੀਤਾ। ਯੂਕੇਜੀ ਜਮਾਤ ਦਾ ਵਿਦਿਆਰਥੀ ਮੁਹੱਬਤ ਆਪਣੇ ਪਿਤਾ ਰਿੰਕੂ ਦੀ ਦੇਖ-ਰੇਖ ਵਿੱਚ ਪਿਛਲੇ ਦਿਨੀ ਅਬੋਹਰ ਤੋਂ ਦੌੜ ਲਗਾ ਕੇ ਅਯੋਧਿਆ ਤੱਕ ਭਗਵਾਨ ਸ੍ਰੀ ਰਾਮ ਚੰਦਰ ਜੀ ਦੇ ਮੰਦਰ ਵਿਖੇ ਨਤਮਸਤਕ ਹੋਣ ਲਈ ਪਹੁੰਚਿਆ ਸੀ।
ਮੁਹੱਬਤ ਨੇ ਇਕ ਦੌੜ ਅਬੋਹਰ ਤੋਂ 14 ਦਸੰਬਰ 2024 ਨੂੰ ਸ਼ੁਰੂ ਕੀਤੀ ਸੀ ਅਤੇ 11 ਜਨਵਰੀ 2025 ਨੂੰ ਉਹ ਭਗਵਾਨ ਸ਼੍ਰੀ ਰਾਮ ਚੰਦਰ ਜੀ ਦੀ ਜਨਮ ਭੂਮੀ ਅਯੋਧਿਆ ਵਿਖੇ ਪਹੁੰਚਿਆ ਸੀ। ਅੱਜ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਨਮਾਨਿਤ ਕਰਦਿਆਂ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਮੁਹੱਬਤ ਅਤੇ ਉਸਦੇ ਮਾਪਿਆਂ ਦੀ ਹੌਸਲਾ ਅਫਜਾਈ ਕੀਤੀ ਅਤੇ ਕਿਹਾ ਕਿ ਫਾਜ਼ਿਲਕਾ ਜ਼ਿਲ੍ਹੇ ਨੂੰ ਆਪਣੇ ਇਸ ਹੋਣਹਾਰ ਬੱਚੇ ’ਤੇ ਮਾਣ ਹੈ । ਉਨਾਂ ਨੇ ਕਿਹਾ ਕਿ ਇਹ ਬੱਚਾ ਹੋਰਨਾਂ ਬੱਚਿਆਂ ਲਈ ਵੀ ਪ੍ਰੇਰਨਾ ਬਣੇਗਾ, ਜੋ ਛੋਟੀ ਉਮਰ ਵਿੱਚ ਕੁਝ ਵੱਡਾ ਕਰਨ ਲਈ ਅੱਗੇ ਆਉਣਗੇ।
ਇਹ ਵੀ ਪੜ੍ਹੋ: Abhishek Sharma: ਅਭਿਸ਼ੇਕ ਨੇ ਰਚਿਆ ਇਤਿਹਾਸ, ਆਈਸੀਸੀ ਟੀ20 ਰੈਂਕਿੰਗ ’ਚ ਲਾਈ ਲੰਬੀ ਛਾਲ, ਜਾਣੋ ਕਿਹੜੇ ਖਿਡਾਰੀਆਂ ਨੂੰ…
ਐਸਐਸਪੀ ਵਰਿੰਦਰ ਸਿੰਘ ਬਰਾੜ ਨੇ ਕਿਹਾ ਕਿ ਇਹ ਬੱਚਾ ਪੂਰੇ ਸਮਾਜ ਲਈ ਪ੍ਰੇਰਨਾ ਸਰੋਤ ਹੈ ਅਤੇ ਸਾਡੇ ਨੌਜਵਾਨਾਂ ਨੂੰ ਵੀ ਇਸ ਤੋਂ ਸੇਧ ਲੈਣੀ ਚਾਹੀਦੀ ਹੈ। ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਬੱਚੇ ਵਿਸ਼ੇਸ਼ ਹੁਨਰ ਰੱਖਦੇ ਹਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਵਿਭਾਗ ਇਸ ਦੇ ਹੁਨਰ ਨੂੰ ਹੋਰ ਨਿਖਾਰਨ ਵਿੱਚ ਮਾਪਿਆਂ ਨੂੰ ਪੂਰਾ ਸਹਿਯੋਗ ਕਰੇਗਾ। ਉਨ੍ਹਾਂ ਨੇ ਕਿਹਾ ਕਿ ਜ਼ਿਲ੍ਹਾ ਪੁਲਿਸ ਵੱਲੋਂ ਮਿਤੀ 10 ਫਰਵਰੀ ਨੂੰ ਫਾਜ਼ਿਲਕਾ ਵਿਖੇ ਕਰਵਾਏ ਜਾ ਰਹੇ ਖੇਡ ਮੁਕਾਬਲਿਆਂ ਵਿਚ ਵੀ ਸੱਦਾ ਦਿੱਤਾ ਗਿਆ ਹੈ ਤਾਂ ਜੋ ਇਸਦੀ ਪ੍ਰੇਰਕ ਕਹਾਣੀ ਹੋਰਨਾਂ ਲਈ ਸਿੱਖਿਆ ਬਣੇ। ਇਸ ਮੌਕੇ ਐਸਪੀ ਪ੍ਰਦੀਪ ਸਿੰਘ ਸੰਧੂ ਵੀ ਹਾਜ਼ਰ ਸਨ। Fazilka News