ਹੁਣ ਸਕੂਲ ‘ਚ ਨਹੀਂ ਹੋਵੇਗੀ ਵਿਦਾਇਗੀ ਪਾਰਟੀ
ਅਸ਼ਵਨੀ ਚਾਵਲਾ, ਚੰਡੀਗੜ: ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਹੁਣ ਤੋਂ ਵਿਦਾਇਗੀ ਪਾਰਟੀ ਨਹੀਂ ਹੋਵੇਗੀ, ਕਿਉਂਕਿ ਨਾ ਸਿਰਫ਼ ਵਿਦਾਇਗੀ ਪਾਰਟੀ ਦੇਣ ‘ਤੇ ਸਿੱਖਿਆ ਵਿਭਾਗ ਨੇ ਪਾਬੰਦੀ ਲਗਾ ਦਿੱਤੀ ਹੈ, ਸਗੋਂ ਵਿਦਾਇਗੀ ਪਾਰਟੀ ਅਤੇ ਗਿਫ਼ਟ ਦੇਣ ਲਈ ਕੀਤੀ ਜਾਣ ਵਾਲੀ ਜਬਰੀ ਪੈਸੇ ਦੀ ਵਸੂਲੀ ‘ਤੇ ਵੀ ਰੋਕ ਲਗਾਈ ਗਈ ਹੈ। ਜੇਕਰ ਸਕੂਲ ਸਮੇਂ ਹੁਣ ਤੋਂ ਬਾਅਦ ਕੋਈ ਵਿਦਾਇਗੀ ਪਾਰਟੀ ਕੀਤੀ ਜਾਂ ਫਿਰ ਗਿਫ਼ਟ ਦੇਣ ਲਈ ਕੋਈ ਵਸੂਲੀ ਹੋਈ ਤਾਂ ਸਿੱਧੇ ਹੀ ਉਨਾਂ ਵਿਧਾਇਕਾਂ ਖ਼ਿਲਾਫ਼ ਕਾਰਵਾਈ ਸਿੱਖਿਆ ਵਿਭਾਗ ਵਲੋਂ ਕਰ ਦਿੱਤੀ ਜਾਵੇਗੀ।
ਤੋਹਫ਼ੇ ਲਈ ਜ਼ਬਰੀ ਵਸੂਲੀ ‘ਤੇ ਲਗਾਈ ਪਾਬੰਦੀ
ਸਿੱਖਿਆ ਵਿਭਾਗ ਵਲੋਂ ਜਾਰੀ ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਸਕੂਲ ਵਿੱਚੋਂ ਰਿਟਾਇਰ ਹੋਣ ਵਾਲਾ ਅਧਿਆਪਕ ਜਾਂ ਫਿਰ ਕਰਮਚਾਰੀ ਪਹਿਲਾਂ ਖ਼ੁਦ ਸਟਾਫ਼ ਨੂੰ ਪਾਰਟੀ ਕਰਦਾ ਹੈ ਅਤੇ ਅਗਲੇ ਦਿਨ ਸਮੂਹ ਸਟਾਫ਼ ਵਲੋਂ ਰਿਟਾਇਰ ਹੋਣ ਵਾਲੇ ਅਧਿਆਪਕ ਜਾਂ ਫਿਰ ਕਰਮਚਾਰੀ ਨੂੰ ਵਿਦਾਇਗੀ ਪਾਰਟੀ ਦਿੱਤੀ ਜਾਂਦੀ ਹੈ। ਇਸ ਵਿਦਾਇਗੀ ਪਾਰਟੀ ਲਈ ਸਟਾਫ਼ ਤੋਂ ਪੈਸੇ ਇਕੱਠੇ ਕਰਕੇ ਮਹਿੰਗੇ ਤੋਹਫ਼ੇ ਵੀ ਦਿੱਤੇ ਜਾਂਦੇ ਹਨ।
ਇਨਾਂ ਤੋਹਫ਼ਿਆਂ ਨੂੰ ਖਰੀਦਣ ਲਈ ਕਈ ਅਧਿਆਪਕਾ ਅਤੇ ਮੁਲਾਜਮਾ ਨੂੰ ਪੈਸੇ ਦੇਣ ਲਈ ਮਜਬੂਰ ਹੋਣਾ ਪੈਂਦਾ ਹੈ। ਇਥੇ ਹੀ ਵਿਦਾਇਗੀ ਪਾਰਟੀਆਂ ਦੇ ਨਾਲ ਵਿਦਿਆਰਥੀ ਦੀ ਪੜਾਈ ਦਾ ਵੱਖਰੇ ਤੌਰ ‘ਤੇ ਨੁਕਸਾਨ ਹੁੰਦਾ ਰਹਿੰਦਾ ਹੈ।
ਇਨਾਂ ਕਾਰਨਾਂ ਨੂੰ ਦੇਖਦੇ ਹੋਏ ਸਿੱਖਿਆ ਵਿਭਾਗ ਨੇ ਬੀਤੇ ਦਿਨੀਂ ਆਦੇਸ਼ ਚਾੜਦੇ ਹੋਏ ਸਕੂਲ ਮੁਖੀਆ ਨੂੰ ਕਹਿ ਦਿੱਤਾ ਹੈ ਕਿ ਅੱਜ ਤੋਂ ਬਾਅਦ ਨਾ ਹੀ ਸਕੂਲ ਦੇ ਸਮੇਂ ਕੋਈ ਵਿਦਾਇਗੀ ਪਾਰਟੀ ਹੋਵੇਗੀ ਅਤੇ ਨਾ ਹੀ ਕਿਸੇ ਵੀ ਅਧਿਆਪਕ ਜਾਂ ਫਿਰ ਕਰਮਚਾਰੀ ਨੂੰ ਪੈਸੇ ਦੇਣ ਲਈ ਮਜਬੂਰ ਕੀਤਾ ਜਾਵੇ। ਜੇਕਰ ਇਸ ਸਬੰਧੀ ਕੋਈ ਕੁਤਾਹੀ ਹੋਈ ਤਾਂ ਕਾਰਵਾਈ ਸਿੱਧਾ ਸਕੂਲ ਮੁੱਖੀ ਦੇ ਖ਼ਿਲਾਫ਼ ਹੀ ਹੋਵੇਗੀ।
ਹਾਲਾਂਕਿ ਇਥੇ ਹੀ ਸਿੱਖਿਆ ਵਿਭਾਗ ਨੇ ਸਾਫ਼ ਕੀਤਾ ਹੈ ਕਿ ਸਕੂਲ ਸਮੇਂ ਤੋਂ ਬਾਅਦ ਕਿਸੇ ਵੀ ਤਰਾਂ ਦੀ ਪਾਰਟੀ ਕਰਨ ਜਾਂ ਫਿਰ ਦੇਣ ‘ਤੇ ਕੋਈ ਪਾਬੰਦੀ ਨਹੀਂ ਹੋਵੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।