Gunfire In Zira: (ਜਗਦੀਪ ਸਿੰਘ) ਫਿਰੋਜ਼ਪੁਰ/ਜ਼ੀਰਾ। ਗਣਤੰਤਰਾ ਦਿਵਸ ਮੌਕੇ ਡੀਜੀਪੀ ਪੰਜਾਬ ਦੇ ਫਿਰੋਜ਼ਪੁਰ ਦੌਰੇ ਮਗਰੋਂ ਫਿਰੋਜ਼ਪੁਰ ਦੀ ਕਾਨੂੰਨੀ ਵਿਵਸਥਾ ਡਾਵਾਂਡੋਲ ਹੁੰਦੀ ਨਜ਼ਰ ਆ ਰਹੀ ਹੈ, ਕਿਉਂਕਿ ਇੱਕ ਦਿਨ ਪਹਿਲਾਂ ਹੀ ਅਜੇ ਫਿਰੋਜ਼ਪੁਰ ਸ਼ਹਿਰ ਵਿੱਚ ਗੋਲੀਆਂ ਮਾਰ ਕੇ ਇੱਕ ਵਿਅਕਤੀ ਦਾ ਕਤਲ ਹੋਣ ਦਾ ਮਾਮਲਾ ਸਾਹਮਣੇ ਆਉਣ ਮਗਰੋਂ ਹੁਣ ਕਸਬਾ ਜ਼ੀਰਾ ਵਿੱਚ ਵੀ ਗੋਲੀਆਂ ਚਲਾਉਣ ਦੀ ਵਾਰਦਾਤ ਹੋਈ, ਜਿਸ ਦੌਰਾਨ ਇੱਕ ਨੌਜਵਾਨ ਦੀ ਮੌਤ ਅਤੇ ਇੱਕ ਨੌਜਵਾਨ ਦੇ ਜ਼ਖਮੀ ਹੋਣ ਦਾ ਸਮਾਚਾਰ ਹੈ।
ਇਹ ਵੀ ਪੜ੍ਹੋ: Ludhiana News: ਰਾਜ ਪੱਧਰੀ ਸਮਾਗਮ ’ਚ ਚਾਰ ਜ਼ਿਲ੍ਹਿਆਂ ਦੇ ਡੀਸੀ ਸਨਮਾਨਿਤ
ਦੱਸਿਆ ਜਾ ਰਿਹਾ ਹੈ ਕਿ ਕਾਰ ਦਾ ਪਿੱਛਾ ਕਰਦੇ ਕਾਰ ਸਵਾਰ ਹਮਲਾਵਰ ਕਸਬੇ ਦੇ ਵੱਖ-ਵੱਖ ਥਾਵਾਂ ’ਤੇ ਗੋਲੀਆਂ ਚਲਾਉਂਦੇ ਗਏ ਅਤੇ ਬਸਤੀ ਮਾਛੀਆਂ ਵਾਲੀ ਕੋਲ ਜਾ ਕੇ ਹਮਲਾਵਰਾਂ ਦਾ ਨਿਸ਼ਾਨਾ ਬਣੀ ਸਵਿੱਫਟ ਕਾਰ ਪਲਟ ਵੀ ਗਈ, ਜਿਸ ਵਿੱਚ 2 ਨੌਜਵਾਨਾਂ ਵਿੱਚੋਂ 1 ਦੀ ਮੌਤ ਹੋ ਗਈ ਅਤੇ ਦੂਸਰਾ ਜ਼ਖਮੀ ਹੋ ਗਿਆ, ਜਿਹਨਾਂ ਨੂੰ ਸਿਵਲ ਹਸਪਤਾਲ ਜ਼ੀਰਾ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ।
ਵਾਰਦਾਤ ’ਚ ਜ਼ਖਮੀ ਹੋਏ ਨੌਜਵਾਨ ਗੌਰਵ ਪੁੱਤਰ ਅਸ਼ੋਕ ਕੁਮਾਰ ਵਾਸੀ ਸਮਾਧੀ ਮੁਹੱਲਾ ਸਨੇਰ ਰੋਡ ਜ਼ੀਰਾ ਨੇ ਦੱਸਿਆ ਕਿ ਉਹ ਅਤੇ ਉਸ ਦਾ ਇੱਕ ਹੋਰ ਸਾਥੀ ਕੁਲਵਿੰਦਰ ਸਿੰਘ ਪੁੱਤਰ ਲਸ਼ਮਣ ਸਿੰਘ ਵਾਸੀ ਬਸਤੀ ਮਾਛੀਆਂ ਜ਼ੀਰਾ ਸਵਿੱਫਟ ਗੱਡੀ ’ਤੇ ਕੁਝ ਖਾਣ ਲਈ ਬਾਜ਼ਾਰ ਜਾ ਰਹੇ ਸੀ ਕਿ ਨਵਾਂ ਜ਼ੀਰਾ ਰੋਡ ਤੋਂ ਕੁਝ ਗੱਡੀਆਂ ਉਹਨਾਂ ਦੀ ਗੱਡੀ ਦਾ ਪਿੱਛਾ ਕਰਨ ਲੱਗੀਆਂ ਤਾਂ ਉਹਨਾਂ ਆਪਣੇ ਬਚਾਅ ਲਈ ਆਪਣੀ ਗੱਡੀ ਭਜਾ ਲਈ ਤਾਂ ਪਿੱਛਾ ਕਰਦਿਆਂ ਗੱਡੀਆਂ ਵਿੱਚ ਸਵਾਰ ਲੜਕਿਆਂ ਨੇ ਸਾਡੀਆਂ ਗੱਡੀਆਂ ’ਤੇ ਗੋਲੀਬਾਰੀ ਕੀਤੀ ਜਿਸ ਦੌਰਾਨ ਕੁਲਵਿੰਦਰ ਸਿੰਘ ਦੇ ਗੋਲੀ ਲੱਗੀ ਅਤੇ ਗੱਡੀ ਬੇਕਾਬੂ ਹੋ ਕੇ ਪਲਟ ਗਈ। ਸਿਵਲ ਹਸਪਤਾਲ ਜ਼ੀਰਾ ਦੇ ਡਾਕਟਰ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਕੁਲਵਿੰਦਰ ਸਿੰਘ ਦੀ ਮੌਤ ਹੋ ਗਈ ਹੈ ਅਤੇ ਗੌਰਵ ਕੁਮਾਰ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਇਲਾਜ ਲਈ ਫਰੀਦਕੋਟ ਰੈਫਰ ਕਰ ਦਿੱਤਾ। ਇਸ ਮਾਮਲੇ ਸਬੰਧੀ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। Gunfire In Zira