ਨਵੀਂ ਦਿੱਲੀ: ਸੰਸਦ ਵਿੱਚ ਬੁੱਧਵਾਰ ਨੂੰ ਵੀ ਹੰਗਾਮੇ ਦੇ ਆਸਾਰ ਹਨ। ਰਾਜ ਸਭਾ ਵਿੱਚ ਭੀੜ ਵੱਲੋਂ ਕੁੱਟ ਕੇ ਮਾਰਨ ਅਤੇ ਦਲਿੱਤਾਂ ‘ਤੇ ਹਮਲੇ ‘ਤੇ ਚਰਚਾ ਹੋਵੇਗੀ। ਉੱਥੇ, ਲੋਕ ਸਭਾ ਵਿੱਚ ਕਿਸਾਨਾਂ ਦੇ ਮੁੱਦੇ ‘ਤੇ ਚਰਚਾ ਹੋ ਸਕਦੀ ਹੈ। ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਵਿਰੋਧੀ ਧਿਰ ਨੇ ਦੋਵੇਂ ਸਦਨਾਂ ਵਿੱਚ ਜੰਮ ਕੇ ਹੰਗਾਮਾ ਕੀਤਾ ਸੀ। ਨਰਾਜ਼ ਹੋ ਕੇ ਮਾਇਆਵਤੀ ਰਾਜ ਸਭਾ ‘ਚੋਂ ਬਾਹਰ ਚਲੀ ਗਈ ਸੀ। ਉਨ੍ਹਾਂ ਦੀ ਹਮਾਇਤ ਵਿੱਚ ਕਾਂਗਰਸ ਅਤੇ ਤ੍ਰਿਣਮੂਲ ਸਾਂਸਦਾਂ ਨੇ ਵੀ ਵਾਕਆਊਟ ਕੀਤਾ ਸੀ। ਮਾਇਆਵਤੀ ਨੇ ਰਾਜ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਸੀ।
ਲਾਲੂ ਨੇ ਕਿਹਾ, ਅਸੀਂ ਮਾਇਆਵਤੀ ਨੂੰ ਰਾਜ ਸਭਾ ਭੇਜਾਂਗੇ
ਇਸ ਦਰਮਿਆਨ ਲਾਲੂ ਪ੍ਰਸਾਦ ਯਾਦਵ ਨੇ ਕਿਹਾ ਕਿ ਅਸੀਂ ਮਾਇਆਵਤੀ ਦੀ ਹਮਾਇਤ ਕਰਦੇ ਹਾਂ। ਜੇਕਰ ਉਹ ਚਾਹੁੰਦੀ ਹੈ ਕਿ ਉਹ ਮੁੜ ਰਾਜ ਸਭਾ ਜਾਵੇ, ਤਾਂ ਅਸੀਂ ਉਸ ਨੂੰ ਭੇਜ ਸਕਦੇ ਹਾਂ। ਮਾਇਆਵਤੀ ਖਿਲਾਫ਼ ਭਾਜਪਾ ਮੰਤਰੀਆਂ ਦਾ ਵਿਹਾਰ ਦੱਸਦਾ ਹੈ ਕਿ ਭਾਜਪਾ ਐਂਟੀ ਦਲਿਤ ਪਾਰਟੀ ਹੈ।
ਸਹਾਰਨਪੁਰ ਦਾ ਮੁੱਦਾ ਉਠਾਉਂਦੇ ਹੀ ਹੋਇਆ ਹੰਗਾਮਾ
ਮਾਇਆਵਤੀ ਨੇ ਕਿਹਾ ਕਿ ਸਹਾਰਨਪੁਰ ਵਿੱਚ ਹਿੰਸਾ ਨੂੰ ਜਾਤੀ ਹਿੰਸਾ ਦਾ ਨਾਂਅ ਦਿੱਤਾ ਗਿਆ ਹੈ, ਜਦੋਂਕਿ ਇਹ ਦਲਿੱਤਾਂ ਨੂੰ ਡਰਾਉਣ-ਧਮਕਾਉਣ ਦੀ ਕਾਰਵਾਈ ਸੀ। ਇਸ ‘ਤੇ ਸੱਤਾਧਾਰੀ ਧਿਰ ਦੇ ਮੈਂਬਰਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਸੰਸਦੀ ਕਾਰਜ ਰਾਜ ਮੰਤਰੀ ਮੁਖਤਾਰ ਅਬਾਸ ਨਕਵੀ ਨੇ ਕਿਹਾ ਕਿ ਸਹਾਰਨਪੁਰ ਮਾਮਲੇ ਦੀ ਜਾਂਚ ਚੱਲ ਰਹੀ ਹੈ ਪਰ ਮਾਇਆਵਤੀ ਦਲਿੱਤਾਂ ਦੇ ਨਾਂਅ ‘ਤੇ ਸਿਆਸਤ ਖੇਡ ਰਹੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।