ਵਿਸ਼ਵ ‘ਚ ਸਰਵੋਤਮ ਹੈ ਭਾਰਤੀ ਸੱਭਿਆਚਾਰ: ਪੂਜਨੀਕ ਗੁਰੂ ਜੀ

22,780 ਨਵੇਂ ਵਿਅਕਤੀਆਂ ਨੇ ਪ੍ਰਾਪਤ ਕੀਤਾ ਨਾਮ ਸ਼ਬਦ

ਸਰਸਾ: ਸਤਿਸੰਗ ਵਿਚ ਆਉਣਾ ਆਪਣੇ-ਆਪ ‘ਚ ਬਹੁਤ ਵੱਡੀ ਗੱਲ ਹੈ ਭਾਗਾਂ ਵਾਲੇ ਹੁੰਦੇ ਹਨ ਉਹ ਜੀਵ, ਜੋ ਸਤਿਸੰਗ ‘ਚ ਚੱਲ ਕੇ ਆਉਂਦੇ ਹਨ, ਪਰ ਉਹ ਹੋਰ ਵੱਧ ਕਿਸਮਤ ਬਣਾ ਲੈਂਦੇ ਹਨ ਜਦੋਂ ਉਹ ਸੁਣ ਕੇ ਅਮਲ ਕਰਦੇ ਹਨ ਤੁਸੀਂ ਭਾਗਸ਼ਾਲੀ ਬਣੋ ਉਸ ਲਈ ਜ਼ਰੂਰੀ ਹੈ, ਸਤਿਸੰਗ ਸੁਣਨਾ ।

ਉਕਤ ਅਨਮੋਲ ਬਚਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਐਤਵਾਰ ਨੂੰ ਸ਼ਾਹ ਸਤਿਨਾਮ ਜੀ ਧਾਮ ‘ਚ ਹੋਏ ਰੂਹਾਨੀ ਸਤਿਸੰਗ ਦੌਰਾਨ ਫ਼ਰਮਾਏ ।ਸਤਿਸੰਗ ਦੌਰਾਨ ਲੱਖਾਂ ਦੀ ਗਿਣਤੀ ‘ਚ ਸ਼ਰਧਾਲੂਆਂ ਨੇ ਸ਼ਿਰਕਤ ਕੀਤੀ ਅਤੇ ਪੂਜਨੀਕ ਗੁਰੂ ਜੀ ਦੇ ਬਚਨਾਂ ਨੂੰ ਸਰਵਣ ਕੀਤਾ। ਸਤਿਸੰਗ ਦੌਰਾਨ ਪੂਜਨੀਕ ਗੁਰੂ ਜੀ ਤੋਂ 22,780 ਵਿਅਕਤੀਆਂ ਨੇ ਨਾਮ-ਸ਼ਬਦ ਦੀ ਅਨਮੋਲ ਦਾਤ ਹਾਸਲ ਕੀਤੀ ਹਜ਼ਾਰਾਂ ਵਿਅਕਤੀਆਂ ਨੇ ਜਾਮ-ਏ-ਇੰਸਾਂ ਗ੍ਰਹਿਣ ਕਰਕੇ ਬੁਰਾਈਆਂ ਛੱਡਣ ਦਾ ਸੰਕਲਪ ਲਿਆ ।

ਸ਼ਰਧਾਲੂਆਂ ਨੂੰ ਪਵਿੱਤਰ ਬਚਨਾਂ ਨਾਲ ਨਿਹਾਲ ਕਰਦਿਆਂ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਅੱਜ ਦਾ ਦੌਰ ਕਲਿਯੁਗ ਦਾ ਦੌਰ ਹੈ, ਇਸ ਦੌਰ ‘ਚ ਇਨਸਾਨ ਮਨਮਤੇ ਜ਼ਿਆਦਾ ਚਲਦਾ ਹੈ ਕਾਮ-ਵਾਸਨਾ, ਕ੍ਰੋਧ, ਲੋਭ, ਮੋਹ, ਹੰਕਾਰ, ਮਨ ਅਤੇ ਮਾਇਆ ਇਨ੍ਹਾਂ ਸਭ ਨੇ ਇਨਸਾਨ ਨੂੰ ਆਪਣਾ ਗੁਲਾਮ ਬਣਾ ਰੱਖਿਆ ਹੈ। ਅੱਜ ਇਨਸਾਨ ਵਿਸ਼ੇ-ਵਿਕਾਰਾਂ ‘ਚ ਸਮਾਂ ਲਾਉਂਦਾ ਹੈ, ਠੱਗੀ, ਬੇਈਮਾਨੀ, ਭ੍ਰਿਸ਼ਟਾਚਾਰ ‘ਚ ਸਮਾਂ ਲਾਉਂਦਾ ਹੈ, ਝੂਠ ਬੋਲਣਾ ਉਸ ‘ਚ ਸਮਾਂ ਲਾਉਂਦਾ ਹੈ, ਚੁਗਲੀਆਂ ਕਰਨਾ, ਨਿੰਦਾ ਕਰਨਾ, ਗੱਪ ਮਾਰਨਾ ਇਹ ਅੱਜ-ਕੱਲ੍ਹ ਆਮ ਗੱਲ ਹੋ ਗਈ ਹੈ।

ਰੂਹਾਨੀ ਸਤਿਸੰਗ: ਹੁੰਮਸ ਭਰੀ ਗਰਮੀ ਦੇ ਬਾਵਜ਼ੂਦ ਸਤਿਸੰਗ ‘ਚ ਪਹੁੰਚੀ ਲੱਖਾਂ ਦੀ ਗਿਣਤੀ ‘ਚ ਸਾਧ-ਸੰਗਤ

ਇਸ ਕਲਿਯੁਗ ‘ਚ ਸਭ ਤੋਂ ਮੁਸ਼ਕਲ ਹੈ ਰਾਮ ਦੇ ਨਾਮ ‘ਚ ਬੈਠਣਾ ਰਾਮ ਦੇ ਨਾਮ ਦਾ ਜਾਪ ਕਰਨਾ ਆਪ ਜੀ ਨੇ ਫ਼ਰਮਾਇਆ ਕਿ ਦਸ ਮਿੰਟ ਵੀ ਜੇਕਰ ਪ੍ਰਭੂ ਦਾ ਨਾਮ ਲੈਣਾ ਪੈ ਜਾਵੇ ਤਾਂ ਇੰਜ ਲੱਗਦਾ ਹੈ ਕਿ ਜਿਵੇਂ ਬਹੁਤ ਸਾਰਾ ਭਾਰ ਚੁੱਕ ਲਿਆ ਹੋਵੇ, ਇੰਜ ਲੱਗਦਾ ਹੈ ਕਿ ਜਿਵੇਂ ਬਹੁਤ ਵੱਡੀ ਕੁਰਬਾਨੀ ਦੇ ਦਿੱਤੀ ਹੋਵੇ ਦੁਨੀਆ ਦੀਆਂ ਤਮਾਮ ਗੱਲਾਂ ਮਸਾਲੇਦਾਰ ਲੱਗਦੀਆਂ ਹਨ ਪਰ ਰਾਮ ਨਾਮ ਦੀ ਗੱਲ ਕੌੜੀ ਮਿਰਚ ਵਾਂਗ ਲੱਗਦੀ ਹੈ ਕਿ ਇਹ ਤਾਂ ਬਕਬਕਾ ਸਮਾਨ ਹੈ। ਪਰ ਤੁਸੀਂ ਨਹੀਂ ਜਾਣਦੇ ਕਈ ਬਕਬਕੀਆਂ ਚੀਜਾਂ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੀਆਂ ਹਨ।

ਨਿੰਮ ਦੀ ਦਾਤਣ ਬਹੁਤ ਕੌੜੀ ਹੁੰਦੀ ਹੈ ਪਰ ਦੰਦਾਂ ਦੇ ਨਾਲ ਮੂੰਹ ਦੀਆਂ ਕਾਫੀ ਬਿਮਾਰੀਆਂ ਤੋਂ ਨਿਜਾਤ ਦਿਵਾ ਦਿੰਦੀ ਹੈ ਕਰੇਲਾ, ਜਾਮਣ, ਮੇਥੀ ਇਹ ਅਜਿਹੀਆਂ ਚੀਜ਼ਾਂ ਹਨ ਜਿਨ੍ਹਾਂ ਨੂੰ ਕੋਈ ਖਾਣਾ ਪਸੰਦ ਨਹੀਂ ਕਰੇਗਾ ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਚੀਜ਼ਾਂ ਸਿਹਤ ਲਈ ਕਿੰਨੀਆਂ ਫਾਇਦੇਮੰਦ ਹਨ ਅਤੇ ਪੁਰਾਤਨ ਸਮੇਂ ‘ਚ ਲੋਕ ਇਨ੍ਹਾਂ ਨੂੰ ਖਾਂਦੇ ਸਨ ਪਿੰਡ ‘ਚ ਬਹੁਤ ਚੰਗਾ ਫਲ ਹੁੰਦਾ ਹੈ ਨਿੰਮ ਦੀ ਨਿਮੋਲੀ ਨਿੰਮ ਦੇ ਬੀਜ ਲੱਗਦੇ ਹਨ । ਪਹਿਲਾਂ ਉਹ ਹਰੇ ਰੰਗ ਦੀਆਂ ਹੁੰਦੀਆਂ ਹਨ ਅਤੇ ਫਿਰ ਬਾਅਦ ‘ਚ ਪੀਲੇ ਰੰਗ ਦੀਆਂ ਹੋ ਜਾਂਦੀਆਂ ਹਨ ।ਫਿਰ ਹਲਕਾ ਜਿਹਾ ਸੰਤਰੀ ਰੰਗ ਹੋ ਜਾਂਦਾ ਹੈ ਤਾਂ ਜਦੋਂ ਨਿਮੋਲੀ ਦਾ ਰੰਗ ਪੀਲਾ ਜਾਂ ਸੰਤਰੀ ਹੁੰਦਾ ਹੈ ਉਦੋਂ ਉਹ ਖਾ ਲਈ ਜਾਂ ਚੂਸ ਲਈ ਜਾਵੇ ਤਾਂ ਉਹ ਬਹੁਤ ਹੀ ਮਿੱਠੀਆਂ ਅਤੇ ਬਹੁਤ ਹੀ ਗੁਣਕਾਰੀ ਹੁੰਦੀਆਂ ਹਨ ।

ਤਾਂ ਕਹਿਣ ਦਾ ਮਤਲਬ ਹਰ ਚੀਜ਼ ਮਿੱਠੀ ਫਾਇਦੇਮੰਦ ਨਹੀਂ ਹੁੰਦੀ ਅਤੇ ਹਰ ਕੌੜੀ ਚੀਜ਼ ਨੁਕਸਾਨਦਾਇਕ ਨਹੀਂ ਹੁੰਦੀ ਮਿੱਠੇ ‘ਚ ਖੰਡ ਹੈ ਅਤੇ ਹੁਣ ਡਾਕਟਰ ਮੰਨਣ ਲੱਗੇ ਹਨ ਕਿ ਖੰਡ ਸਭ ਤੋਂ ਖਤਰਨਾਕ ਹੈ, ਨਮਕ ਹੈ ਉਹ ਵੀ ਸਭ ਤੋਂ ਖ਼ਤਰਨਾਕ ਹੈ ਅਤੇ ਤੁਸੀਂ ਨਮਕ ਮਿਰਚ ਵਾਲੀਆਂ ਗੱਲਾਂ ਹੀ ਪਸੰਦ ਕਰਦੇ ਹੋ ।ਜਦੋਂ ਖਾਣ ਪੀਣ ‘ਚ ਨਮਕ ਮਿਰਚ ਖਤਰਨਾਕ ਹੈ ਤਾਂ ਜੋ ਗੱਲਾਂ ਵੀ ਨਮਕ ਮਿਰਚ ਵਾਲੀਆਂ ਹੁੰਦੀਆਂ ਹਨ ਉਹ ਵੀ ਓਨੀਆਂ ਹੀ ਖਤਰਨਾਕ ਹਨ ਚੁਗਲੀ ਕਰਦੇ ਹੋ, ਇੱਕ ਤਰ੍ਹਾਂ ਤੁਸੀਂ ਦੂਜਿਆਂ ਦੀ ਮੈਲ ਸਾਫ ਕਰਦੇ ਹੋ, ਇੱਕ ਤਰ੍ਹਾਂ ਤੁਸੀਂ ਦੂਜਿਆਂ ਦੀਆਂ ਬੁਰਾਈਆਂ ਨੂੰ ਆਪਣੇ-ਆਪ ‘ਚ ਦਾਖਲ ਹੋਣ ਦਾ ਮੌਕਾ ਦਿੰਦੇ ਹੋ, ਇਸ ਲਈ ਨਿੰਦਾ ਚੁਗਲੀ ਕਦੇ ਵੀ ਨਹੀਂ ਕਰਨੀ ਚਾਹੀਦੀ।

ਸਮਾਜ ਭਲਾਈ ਅਤੇ ਰਾਮ ਨਾਮ ਦੀਆਂ ਗੱਲਾਂ ਕਰੋ:

ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਲੋਕਾਂ ਦਾ ਇੱਕ ਰੁਤਬਾ ਹੋ ਜਾਂਦਾ ਹੈ, ਲੋਕ ਕਹਿੰਦੇ ਹਨ ਕਿ ਇਹ ਬੰਦਾ ਤਾਂ ਝੂਠ ਹੀ ਝੂਠ ਬੋਲਦਾ ਹੈ, ਸਾਰੀ ਜ਼ਿੰਦਗੀ ਨਿੱਕਲ ਜਾਂਦੀ ਹੈ ਉਨ੍ਹਾਂ ਲੋਕਾਂ ਦੀ ਪਰ ਜਦੋਂ ਤੱਕ ਦਿਨ ‘ਚ ਦਸ-ਪੰਦਰ੍ਹਾਂ ਵਾਰ ਝੂਠ ਨਾ ਬੋਲ ਦੇਣ ਉਨ੍ਹਾਂ ਦੀ ਰੋਟੀ ਹਜ਼ਮ ਨਹੀਂ ਹੁੰਦੀ ਅਤੇ ਕੋਈ ਵੀ ਉਨ੍ਹਾਂ ‘ਤੇ ਯਕੀਨ ਨਹੀਂ ਕਰਦਾ ਪਤਾ ਹੈ ਕਿ ਛੱਡ ਰਿਹਾ ਹੈ, ਝੂਠ ਬੋਲ ਰਿਹਾ ਹੈ ਤਾਂ ਗੱਲ ਉਹ ਕਰੋ ਜਿਸਦੀ ਕੋਈ ਕੀਮਤ ਹੋਵੇ, ਰਾਮ ਨਾਮ ਦੀ ਗੱਲ ਕਰੋ, ਅਸੀਂ ਗਾਰੰਟੀ ਦੇਣ ਲਈ ਤਿਆਰ ਹਾਂ ਰਾਮ ਨਾਮ ਦੀ ਗੱਲ ਦੀ ਕੀਮਤ ਲੱਖਾਂ ਕਰੋੜਾਂ ਤੋਂ ਵਧ ਕੇ ਹੋਵੇਗੀ ।

ਸ੍ਰਿਸ਼ਟੀ ਦੀ ਭਲਾਈ ਦੀਆਂ ਗੱਲਾਂ ਕਰੋ ਅਸੀਂ ਤੁਹਾਨੂੰ ਗਾਰੰਟੀ ਦਿੰਦੇ ਹਾਂ ਸ੍ਰਿਸ਼ਟੀ ਦੀ ਭਲਾਈ ਦੀਆਂ ਗੱਲਾਂ ਕਰਨ ਨਾਲ ਕਿਸੇ ਦਾ ਭਲਾ ਹੋਵੇ ਨਾ ਹੋਵੇ ਤੁਹਾਡਾ ਭਲਾ ਜ਼ਰੂਰ ਹੋਵੇਗਾ ਪੁੰਨ ਦਾਨ ਦੀਆਂ ਗੱਲਾਂ ਕਰੋ ਸੱਚਾ ਪੁੰਨ, ਸੱਚਾ ਦਾਨ ਬਿਮਾਰਾਂ ਦਾ ਇਲਾਜ ਕਰਵਾ ਦਿਓ, ਭੁੱਖਿਆਂ ਨੂੰ ਖਾਣਾ ਖਵਾ ਦਿਓ, ਪਿਆਸੇ ਨੂੰ ਪਾਣੀ ਪਿਆ ਦਿਓ ਇਹ ਕਾਰਜ ਕਰਨ ਦੀਆਂ ਗੱਲਾਂ ਕਰੋਗੇ ਅਤੇ ਤੁਸੀਂ ਇਨ੍ਹਾਂ ਕਾਰਜਾਂ ਨੂੰ ਕਰੋਗੇ ਤਾਂ ਅਸੀਂ ਤੁਹਾਨੂੰ ਗਾਰੰਟੀ ਦਿੰਦੇ ਹਾਂ ਕਿ ਤੁਹਾਡਾ ਹੀ ਨਹੀਂ ਤੁਹਾਡੇ ਪਰਿਵਾਰ ਦਾ ਭਲਾ ਜ਼ਰੂਰ ਹੋ ਜਾਵੇਗਾ ।

ਤਾਂ ਇਹ ਉਹ ਗੱਲਾਂ ਹਨ ਜੋ ਬੇਸ਼ਕੀਮਤੀ ਹੁੰਦੀਆਂ ਹਨ, ਦੇਸ਼ ਦੀ ਤਰੱਕੀ ਦੀ ਗੱਲ, ਇਨਸਾਨੀਅਤ ਅਤੇ ਸਮਾਜ ਦੇ ਭਲੇ ਦੀ ਗੱਲ ਇਹ ਗੱਲਾਂ ਤੁਸੀਂ ਕਰੋ ਇਸਦੇ ਨਾਲ ਰਾਮ ਨਾਮ ਦੀ ਗੱਲ ਜਿਵੇਂ-ਜਿਵੇਂ ਤੁਸੀਂ ਕਰਦੇ ਜਾਓਗੇ ਤਿਵੇਂ-ਤਿਵੇਂ ਆਤਮਿਕ ਸ਼ਾਂਤੀ, ਆਤਮਿਕ ਅਨੰਦ ਆਉਂਦਾ ਜਾਵੇਗਾ, ਪਰ ਅਜਿਹੀਆਂ ਗੱਲਾਂ ਕਰਨ ਵਾਲੇ ਬਹੁਤ ਘੱਟ ਹੁੰਦੇ ਹਨ।

ਧਿਆਨ ਨਾਲ ਸੁਣੋ ਸਤਿਸੰਗ:

ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਤੁਸੀਂ ਸਤਿਸੰਗ ‘ਚ ਆਉਂਦੇ ਹੋ, ਅਸੀਂ ਵੀ ਸਤਿਸੰਗ ‘ਚ ਜਾਇਆ ਕਰਦੇ ਸੀ ਅਤੇ ਵੇਖਦੇ ਸੀ ਕਿ ਸਤਿਸੰਗ ‘ਚ ਕੋਈ ਨਵਾਂ ਸੱਜਣ ਆ ਕੇ ਬੈਠਾ ਹੈ ਦੂਜੇ ਜਾਣ-ਪਛਾਣ ਵਾਲੇ ਨੇ ਉਸ ਨਾਲ ਹੱਥ ਮਿਲਾਇਆ ਉਸ ਤੋਂ ਪੁੱਛਿਆ ਸੁਣਾ ਕੀ ਹਾਲ-ਚਾਲ ਹੈ ।

ਉੱਧਰ ਰਾਮ ਨਾਮ ਦੀ ਚਰਚਾ ਹੋ ਰਹੀ ਹੈ ਅਤੇ ਇੱਧਰ ਕੋਈ ਹੋਰ ਚਰਚਾ ਹੋ ਰਹੀ ਹੈ, ਬਹੁਤ ਦਿਨਾਂ ਬਾਅਦ ਆਇਆ ਹੈਂ ਕੀ ਹੋ ਗਿਆ ਅਤੇ ਉਹ ਸ਼ੁਰੂ ਹੋ ਜਾਂਦਾ ਹੈ, ਕਿ ਮੇਰੇ ਘਰ ਇਹ ਪ੍ਰੇਸ਼ਾਨੀਆਂ ਸਨ, ਮੇਰੇ ਘਰ ‘ਚ ਇਹ ਸੀ ਉਹ ਸੀ ਆਦਿ-ਆਦਿ ਪਰ ਉਹ ਜਿਸ ਨੂੰ ਸੁਣਾ ਰਿਹਾ ਹੈ ਕੀ ਉਹ ਤੇਰੀ ਤਕਲੀਫ ਦੂਰ ਕਰ ਦੇਵੇਗਾ, ਨਹੀਂ ਨਾ ਭਾਈ! ਸਤਿਸੰਗ ‘ਚ ਤਾਂ ਖਾਸ ਕਰ ਕੋਈ ਵੀ ਤਕਲੀਫ ਕੋਈ ਵੀ ਪ੍ਰੇਸ਼ਾਨੀ ਹੈ।

ਜੇਕਰ ਤੁਸੀਂ ਸਤਿਸੰਗ ਧਿਆਨ ਨਾਲ ਸੁਣੋਗੇ ਤਾਂ ਕੀ ਪਤਾ ਉਹ ਮਾਲਿਕ ਤੁਹਾਡੀਆਂ ਪ੍ਰੇਸ਼ਾਨੀਆਂ ਦੁੱਖ ਤਕਲੀਫ ਇੱਕ ਮਿੰਟ ‘ਚ ਦੂਰ ਕਰ ਦੇਵੇ ਅਜਿਹੀਆਂ ਗੱਲਾਂ ਜੇਕਰ ਤੁਸੀਂ ਸੁਣਾਉਣੀਆਂ ਹਨ, ਜੋ ਇਸ ਨੂੰ ਸੁਣਨ ਦੇ ਲਾਇਕ ਹੈ ਤਾਂ ਉਹ ਅੱਲ੍ਹਾ, ਵਾਹਿਗੁਰੂ, ਸਤਿਗੁਰੂ ਰਾਮ ਹੈ ਜੋ ਸੁਣੇਗਾ ਵੀ ਅਤੇ ਪ੍ਰੇਸ਼ਾਨੀਆਂ ਦੂਰ ਵੀ ਕਰੇਗਾ।

ਸੱਚੇ ਦੋਸਤ ਨੂੰ ਦੱਸਣੀ ਚਾਹੀਦੀ ਐ ਪਰੇਸ਼ਾਨੀ

ਇਨਸਾਨ, ਇਨਸਾਨ ਨੂੰ ਕੀ ਦੇ ਸਕਦਾ ਹੈ ਠੀਕ ਹੈ! ਤੁਸੀਂ ਘਰ ਪਰਿਵਾਰ ‘ਚ ਹੋ ਤਾਂ ਆਪਸ ਵਿਚ ਗੱਲਾਂ ਕਰਨ ਨਾਲ ਕੋਈ ਪ੍ਰੇਸ਼ਾਨੀ ਨਹੀਂ ਹੈ ਉਸ ਨਾਲ ਦਿਲ ਹੌਲਾ ਹੁੰਦਾ ਹੈ ਤੁਸੀਂ ਆਪਣੇ ਗਮ ਨੂੰ ਸ਼ੇਅਰ ਕਰੋ ਪਰ ਸੁਣਨ ਵਾਲਾ ਸੱਚਾ ਦੋਸਤ ਹੋਵੇ, ਸੱਚਾ ਇਨਸਾਨੀਅਤ ਦਾ ਪਹਿਰੇਦਾਰ ਹੋਵੇ, ਉਸ ਸਾਹਮਣੇ ਜੇਕਰ ਗੱਲਾਂ ਕਰੋ ਤਾਂ ਹੋ ਸਕਦਾ ਹੈ ਕਿ ਕੁਝ ਨਾ ਕੁਝ ਉਹ ਤੁਹਾਨੂੰ ਰਾਹ ਵਿਖਾ ਦੇਵੇ ਅਤੇ ਅਜਿਹਾ ਕਰਨ ਨਾਲ ਤੁਹਾਡਾ ਗਮ ਵੀ ਥੋੜ੍ਹਾ ਬਹੁਤ ਦੂਰ ਹੋ ਜਾਵੇਗਾ ਪਰ ਆਮ ਤੌਰ ‘ਤੇ ਲੋਕ ਬੇਵਜ੍ਹਾ ਬਿਨਾ ਸਿਰ ਪੈਰ ਦੀਆਂ ਗੱਲਾਂ ਕਰਦੇ ਹਨ।

ਅੱਜ-ਕੱਲ੍ਹ ਦੇ ਨੌਜਵਾਨ ਕਿਤੇ ਵੀ ਬੈਠਦੇ ਹਨ ਤਾਂ ਬੈਠਦੇ ਹੀ ਸ਼ੁਰੂ ਹੋ ਜਾਂਦੇ ਹਨ ਕਿ ਚੱਲੋ ਗੱਪਸ਼ੱਪ ਮਾਰਦੇ ਹਾਂ ਸਾਨੂੰ ਲੱਗਦਾ ਹੈ ਗੱਪ ਦਾ ਮਤਲਬ ਤਾਂ ਜੋ ਤੁਸੀਂ ਝੂਠ ਬੋਲਦੇ ਹੋ, ਅਤੇ ਸ਼ੱਪ ਦਾ ਮਤਲਬ ਸਮੇਂ ਦੀ ਬਰਬਾਦੀ ਹੈ, ਕਿ ਆ ਜਾਓ ਗੱਪਾਂ ਮਾਰ ਕੇ ਸਮੇਂ ਦੀ ਬਰਬਾਦੀ ਕਰਦੇ ਹਾਂ।

ਕਿਉਂ ਭਾਈ! ਅੱਜ ਜੋ ਜ਼ਿੰਦਗੀ ਦਾ ਦਿਨ ਜੀ ਰਹੇ ਹੋ ਉਹ ਅੱਜ ਹੀ ਹੈ, ਕੱਲ੍ਹ ਨਹੀਂ ਆਵੇਗਾ। ਇਹ ਦਿਨ ਤੁਹਾਡੀ ਜ਼ਿੰਦਗੀ ‘ਚੋਂ ਘੱਟ ਹੋ ਗਿਆ ਜੋ ਦਿਨ, ਘੰਟਾ, ਮਿੰਟ, ਸੈਕਿੰਡ ਲੰਘ ਜਾਂਦਾ ਹੈ ਤੁਹਾਡੀ ਕੁੱਲ ਉਮਰ ‘ਚੋਂ ਘੱਟ ਹੋ ਜਾਂਦਾ ਹੈ ਤੁਸੀਂ ਲਗਾਤਾਰ ਆਪਣੇ ਅੰਤਿਮ ਸਮੇਂ (ਮੌਤ) ਵੱਲ ਜਾ ਰਹੇ ਹੋ ਤਾਂ ਫਿਰ ਕਿਉਂ ਨਾ ਹਰ ਦਿਨ ਨੂੰ ਨੇਕੀ ‘ਚ ਗੁਜ਼ਾਰਿਆ ਜਾਵੇ।

ਖੁਸ਼ੀ ‘ਚ ਗੁਜ਼ਾਰਿਆ ਜਾਵੇ ਕੀ ਤੁਹਾਨੂੰ  ਇਹ ਸਰੀਰ ਖਾਣ, ਪੀਣ , ਸੌਣ ਲਈ ਮਿਲਿਆ ਹੈ? ਤੁਹਾਡਾ ਦਿਨ ਲੰਘ ਰਿਹਾ ਹੈ, ਪਰ ਕੁਝ ਅਜਿਹਾ ਕਰੋ ਕਿ ਆਉਣ ਵਾਲੀ ਦੁਨੀਆ ਲਈ ਉਹ ਦਿਨ ਰੌਸ਼ਨੀ ਨਾਲ ਭਰਿਆ ਹੋਵੇ ਅਤੇ ਲੋਕ ਉਸਦੀ ਰੌਸ਼ਨੀ ਨਾਲ ਅੱਗੇ ਵਧਣ ਉਹ ਦਿਨ ਰਾਮ ਨਾਮ ਨਾਲ, ਚੰਗੇ ਕਰਮ ਕਰਨ ਨਾਲ  ਅਤੇ ਲੋਕਾਂ ਦਾ ਭਲਾ ਕਰਨ ਨਾਲ ਲੰਘੇਗਾ।

ਚੰਗੇ ਕੰਮਾਂ ਵਿੱਚ ਸਮਾਂ ਲਾਓ:

ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਅਸੀਂ ਵੇਖਿਆ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਦੀਆਂ ਫੋਟੋਆਂ ਵਿਦੇਸ਼ਾਂ ਦੀਆਂ ਕਿਤਾਬਾਂ ‘ਚ ਆ ਗਈਆਂ ਹਨ, ਅਤੇ ਉਹ ਫੋਟੋ ਇਸ ਲਈ ਨਹੀਂ ਆਈਆਂ ਕਿ ਉਸ ‘ਚ ਕੁਝ ਖਾਸ ਗੱਲ ਹੈ। ਉਹ ਫੋਟੋ ਇਸ ਲਈ ਆਈਆਂ ਕਿ ਉਨ੍ਹਾਂ ਨੇ ਮਾਨਵਤਾ ਭਲਾਈ ਦਾ ਖਾਸ ਕੰਮ ਕੀਤਾ ਸੀ। ਲੋਕ ਯਾਦ ਰੱਖਦੇ ਹਨ ਕਿ ਇਹ ਚੰਗੇ ਕੰਮ ਕਰਨ ਵਾਲੇ ਹਨ, ਇਹ ਭਲੇ ਕੰਮ ਕਰਨ ਵਾਲੇ ਹਨ ਇਸ ਲਈ ਚੰਗੇ ਕੰਮਾਂ ‘ਚ ਸਮਾਂ ਲਾਓ, ਸਮੇਂ ਦੀ ਦੁਰਵਰਤੋਂ ਨਾ ਕਰੋ ਸਮਾਂ ਤਾਂ ਲੰਘੇਗਾ ਪਰ ਲੰਘਦੇ ਸਮੇਂ ਦੇ ਨਾਲ-ਨਾਲ ਸਮਝ ਲੈਣੀ ਚਾਹੀਦੀ ਹੈ, ਨਾਸਮਝ ਨਹੀਂ ਬਣਨਾ ਚਾਹੀਦਾ ।

ਕਈ ਲੋਕ ਚੰਗੀ ਭਲੀ ਜ਼ਿੰਦਗੀ ਬਤੀਤ ਕਰ ਰਹੇ ਹੁੰਦੇ ਹਨ ਪਰ ਜਿਵੇਂ-ਜਿਵੇਂ ਉਮਰ ਵਧਦੀ ਹੈ ਉਂਜ ਹੀ ਉਨ੍ਹਾਂ ਦੇ ਗਲਤ ਕੰਮਾਂ ਦੀ ਲਿਸਟ ਵਧਦੀ ਜਾਂਦੀ ਹੈ ਤੁਸੀਂ ਚੰਗੇ ਕੰਮ ਕਰਨੇ ਹਨ, ਤੁਸੀਂ ਬੁਰਾਈਆਂ ਨੂੰ ਛੱਡਣਾ ਹੈ ਤੁਹਾਨੂੰ ਲੱਗਦਾ ਹੈ ਕਿ ਜ਼ਿੰਦਗੀ ਜਿਉਣ ਦਾ ਤਜ਼ਰਬਾ ਹੀ ਹੁਣ ਆਇਆ ਪਹਿਲਾਂ ਤਾਂ ਪਤਾ ਨਹੀਂ ਸੀ ਕਿ ਜ਼ਿੰਦਗੀ ਕਿਵੇਂ ਜਿਉਣੀ ਹੈ? ਜ਼ਿੰਦਗੀ ‘ਚ ਕੀ ਨਜ਼ਾਰੇ ਮਿਲ ਸਕਦੇ ਹਨ? ਉਮਰ ਹੋ ਜਾਣ ‘ਤੇ ਤੁਸੀਂ ਕਹਿੰਦੇ ਹੋ ਕਿ ਮੈਨੂੰ ਤਜ਼ਰਬਾ ਆ ਗਿਆ ਹੈ ਅਤੇ ਲੋਕ ਗਲਤ ਕਰਮ ਕਰਨ ਲੱਗਦੇ ਹਨ।

ਤੁਹਾਡੀ ਉਮਰ ਲੰਘ ਗਈ, ਇਸਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਗਲਤ ਕੰਮ ਨਹੀਂ ਕੀਤੇ ਤਾਂ ਪਛਤਾਵਾ ਹੋ ਰਿਹਾ ਹੈ ਸਗੋਂ ਚੰਗੇ ਕਰਮ ਨਹੀਂ ਕੀਤੇ  ਉਸਦਾ ਪਛਤਾਵਾ ਹੋਣਾ ਚਾਹੀਦਾ ਹੈ ਅਤੇ ਸਿਰਫ ਪਛਤਾਵਾ ਹੀ ਨਹੀਂ, ਜੋ ਸਮਾਂ ਬਚਿਆ ਹੈ ਉਸਦੀ ਸਹੀ ਵਰਤੋਂ ਕਰਦਿਆਂ ਚੰਗੇ ਕਰਮ ਕਰੋ। ਕਿਉਂਕਿ ਸਮੇਂ ਦੀ ਸਹੀ ਵਰਤੋਂ ਤੁਹਾਨੂੰ ਸਮਾਜ ‘ਚ ਪਰਿਵਾਰ ‘ਚ ਇੱਜਤ ਦਿਵਾਏਗੀ ਉਹ ਤਮਾਮ ਖੁਸ਼ੀਆਂ ਦੇਵੇਗੀ ਜਿਸਦੀ ਤੁਸੀਂ ਕਦੇ ਕਲਪਨਾ ਨਹੀਂ ਕੀਤੀ ਹੁੰਦੀ ਸਮੇਂ ਦੀ ਸਹੀ ਵਰਤੋਂ ਕਰਨਾ ਬਹੁਤ ਜ਼ਰੂਰੀ ਹੈ।

ਦੁਨੀਆ ਨੂੰ ਭਾਰਤ ਨੇ ਸਿਖਾਈ ਪਿਆਰ ਦੀ ਪਰਿਭਾਸ਼ਾ:

ਆਪ ਜੀ ਨੇ ਫ਼ਰਮਾਇਆ ਕਿ ਭਾਰਤੀ ਸੱਭਿਅਤਾ ਬਹੁਤ ਹੀ ਅੱਗੇ ਸੀ ਪਰ ਤੁਸੀਂ ਉਸ ਨੂੰ ਮਾਮੂਲੀ ਬਣਾ ਦਿੱਤਾ ਤੁਹਾਨੂੰ ਲੱਗਦਾ ਹੈ ਕਿ ਜੋ ਵਿਦੇਸ਼ੀ ਲੋਕਾਂ ਦੀ ਸੱਭਿਅਤਾ, ਸੱਭਿਆਚਾਰ ਸਾਡੇ ਤੋਂ ਜ਼ਿਆਦਾ ਹੈ ਇਹ ਤੁਹਾਡਾ ਵਹਿਮ ਹੈ, ਗਲਤ ਸੋਚ ਹੈ।

ਤੁਸੀਂ ਤਾਂ ਇੰਨਾ ਹੀ ਜਾਣਦੇ ਹੋ ਕਿ ਭਾਰਤ ਨੇ ਪੂਰੀ ਦੁਨੀਆ ਨੂੰ ਸਿਫਰ, ਦਸ਼ਮਲਵ ਦਿੱਤਾ, ਪਰ ਤੁਸੀਂ ਇਹ ਨਹੀਂ ਜਾਣਦੇ ਕਿ ਪਿਆਰ ਦੀ ਪਰਿਭਾਸ਼ਾ ਸਿਖਾਈ ਭਾਰਤ ਨੇ ਪੂਰੀ ਦੁਨੀਆ ਨੂੰ ਲੋਕ ਪਸ਼ੂਆਂ ਵਾਂਗ ਰਹਿੰਦੇ ਸਨ ਹਜ਼ਾਰਾਂ ਸਾਲ ਪਹਿਲਾਂ ਪਵਿੱਤਰ ਗ੍ਰੰਥਾਂ ‘ਚ ਪਿਆਰ ਦੀ ਪਰਿਭਾਸ਼ਾ ਸਿਖਾਈ ਗਈ ਅਤੇ ਇੱਥੋਂ ਇਹ ਪਰਿਭਾਸ਼ਾ ਪੂਰੀ ਦੁਨੀਆ ‘ਚ ਫੈਲੀ ਇਸ ਲਈ ਤੁਸੀਂ ਇਹ ਨਾ ਸੋਚੋ ਕਿ ਤੁਸੀਂ ਪੱਛੜੇ ਵਰਗ ਤੋਂ ਹੋ ।

ਸੱਭਿਆਚਾਰ, ਸੱਭਿਅਤਾ ਦਾ ਉਦੈ ਕਿਤਿਓਂ ਹੋਇਆ ਹੈ ਤਾਂ ਉਹ ਹੈ ਭਾਰਤ ਸਾਡੀ ਨਾਲੰਦਾ ਯੂਨੀਵਰਸਿਟੀ ‘ਚ ਯੂਐੱਸਏ, ਕੈਨੇਡਾ, ਯੂਕੇ ਆਦਿ ਦੇ ਲੋਕ ਪੜ੍ਹਨਾ ਪਸੰਦ ਕਰਦੇ ਸਨ ਅਤੇ ਪੂਰੀ ਦੁਨੀਆ ਨੂੰ ਦੱਸਿਆ ਕਰਦੇ ਸਨ ਕਿ ਅਸੀਂ ਨਾਲੰਦਾ ਯੂਨੀਵਰਸਿਟੀ ‘ਚ ਪੜ੍ਹ ਕੇ ਆਏ ਹਾਂ ਅਤੇ ਅੱਜ ਕੋਈ ਅਮਰੀਕਾ ਜਾਂ ਕੈਨੇਡਾ ਪੜ੍ਹਨ ਗਿਆ ਹੁੰਦਾ ਹੈ ਤਾਂ ਹੋਰ ਕੁਝ ਹੋਵੇ ਨਾ ਹੋਵੇ, ਟੁੱਟਿਆ ਜਿਹਾ ਸੈਂਟ ਲਾ ਕੇ 15-20 ਵਿਅਕਤੀਆਂ ਨੂੰ ਗੱਲ ਸੁਣਾ ਕੇ ਪ੍ਰਭਾਵਿਤ ਕਰ ਲੈਂਦੇ ਹਨ ਕਿ ਤੈਨੂੰ ਪਤਾ ਨਹੀਂ ਮੈਂ ਕੈਨੇਡਾ ਗਿਆ ਹਾਂ ।

ਭਾਸ਼ਾ ਦਾ ਕਰ ਦਿੱਤਾ ਐ ਕਚਰਾ

ਦੋ-ਚਾਰ ਸ਼ਬਦ ਬੋਲਣਾ ਸਿੱਖ ਲੈਂਦੇ ਹਨ ਇੰਗਲਿਸ਼ ਨੂੰ ਨੱਕ ‘ਚ ਬੋਲ ਲੈਂਦੇ ਹਨ ਵਿਦੇਸ਼ ਦੀ ਹੋ ਗਈ ਅਤੇ ਜੇਕਰ ਅਸੀਂ ਮੂੰਹ ਨਾਲ ਇੰਗਲਿਸ਼ ਬੋਲਾਂਗੇ ਤਾਂ ਇੰਡੀਅਨ ਇੰਗਲਿਸ਼ ਹੋ ਜਾਂਦੀ ਹੈ। ਲੋਕ ਹੁਣ ਤਾਂ ਫੁੱਫੜ ਨੂੰ ਵੀ ਅੰਕਲ ਅਤੇ ਮਾਮੇ ਨੂੰ ਵੀ ਅੰਕਲ ਕਹਿਣ ਲੱਗੇ ਹਨ। ਅੱਜ ਵਾਲਿਆਂ ਨੂੰ ਤਾਂ ਪਤਾ ਹੀ ਨਹੀਂ ਹੈ ਹਰ ਇੱਕ ਨੂੰ ਅੰਕਲ ਭਾਵੇਂ ਜੋ ਵੀ ਹੋਵੇ ਕੀ ਤੁਹਨੂੰ ਆਪਣੀ ਭਾਸ਼ਾ ਬੋਲਣ ‘ਚ ਸਹਿਜ਼ ਨਹੀਂ ਲੱਗਦੀ ਸਾਡੀ ਭਾਸ਼ਾ ‘ਚ ਹਰ ਚੀਜ਼ ਦਾ ਅਲੱਗ ਨਾਂਅ ਹੈ ।

ਸਾਡੀ ਭਾਸ਼ਾ ਬਹੁਤ ਹੀ ਮਿੱਠੀ ਹੈ, ਉਹ ਵੱਖਰੀ ਗੱਲ ਹੈ ਕਿ ਤੁਸੀਂ ਬਿਲਕੁਲ ਬੁਰਾ ਹਾਲ ਕਰ ਰੱਖਿਆ ਹੈ ਜਦੋਂ ਕਿਸੇ ਨੂੰ ਘਰ ਸੱਦਦੇ ਸੀ ਤਾਂ ਕਿਹਾ ਕਰਦੇ ਸੀ, ਆਇਓ ਤੁਸੀਂ ਘਰ ਆਇਓ ਤਾਂ ਅੱਜ-ਕੱਲ੍ਹ ਦੀ ਗੱਲ ਹੁੰੰਦੀ ਹੈ-ਆਏਂਗਾ? ਬੱਸ ਇੱਥੇ ਹੀ ਗੱਲ ਖ਼ਤਮ ਸਾਰੀ ਮਿਠਾਸ।  ਖੂਹ-ਖਾਤੇ ‘ਚ ਪਾ ਦਿੱਤੀ ਜਾਂਦੀ ਹੈ ।

ਤੁਸੀਂ ਭਾਸ਼ਾ ਦਾ ਕਚਰਾ ਕਰਕੇ ਰੱਖ ਦਿੱਤਾ ਹੈ। ਨਹੀਂ ਤਾਂ ਇੰਨੀ ਮਿੱਠੀ ਭਾਸ਼ਾ ਹੈ ਪਰ ਤੁਸੀਂ ਜੀਭ ‘ਤੇ ਜ਼ੋਰ ਨਹੀਂ ਦੇਣਾ ਚਾਹੁੰਦੇ । ਇਸ ਲਈ ਭਾਸ਼ਾ ਦਾ ਕਚਰਾ ਕੀਤਾ ਹੋਇਆ ਹੈ ।ਸਾਡਾ ਸੱਭਿਆਚਾਰ, ਸੱਭਿਅਤਾ ਬਹੁਤ ਹੀ ਵਧੀਆ ਹੈ।

ਸਾਡਾ ਸੱਭਿਆਚਾਰ ਬਹੁਤ ਮਹਾਨ

ਆਪ ਜੀ ਨੇ ਫ਼ਰਮਾਇਆ ਕਿ ਸਾਡਾ ਸੱਭਿਆਚਾਰ ਬਹੁਤ ਮਹਾਨ ਹੈ ਤੁਹਾਨੂੰ ਲੱਗਦਾ ਹੈ ਕਿ ਸਾਡੇ ਸੱਭਿਆਚਾਰ ‘ਚ ਕੀ ਹੈ ਤਾਂ ਇਹ ਤੁਹਾਡਾ ਵਹਿਮ ਹੈ । ਅਸੀਂ ਮਹਾਨ ਸੱਭਿਅਤਾ ਦਾ ਹਿੱਸਾ ਹਾਂ ਜਿਸਨੇ ਪੂਰੀ ਦੁਨੀਆ ਨੂੰ ਸੱਭਿਅਤਾ ਸਿਖਾਈ ਹੈ। ਸਾਡੇ ਦੇਸ਼ ‘ਚ ਇਹ ਸਿਖਾਇਆ ਗਿਆ ਹੈ ਕਿ 25 ਸਾਲ ਤੱਕ ਬ੍ਰਹਮਚਰਜ ਦਾ ਪਾਲਣ ਕਰਨਾ ਚਾਹੀਦਾ ਹੈ ।

ਖਾਸ ਤੌਰ ‘ਤੇ 23 ਸਾਲਾਂ ਤੱਕ ਬ੍ਰਹਮਚਰਜ ਦਾ ਪਾਲਣ ਕਰਨਾ ਚਾਹੀਦਾ ਸੀ ਤੁਸੀਂ ਕਹਿੰਦੇ ਹੋ ਕਿ ਪਹਿਲਾਂ ਤਾਕਤ ਜ਼ਿਆਦਾ ਸੀ ਦਿਮਾਗ ਘੱਟ ਸੀ ਤਾਂ ਇਹ ਤੁਹਾਡਾ ਵਹਿਮ ਹੈ । ਪਹਿਲਾਂ ਸਾਊਂਡਲੈੱਸ ਜਹਾਜ਼ ਹੁੰਦੇ ਸਨ।, ਅੱਜ ਤੱਕ ਨਹੀਂ ਬਣੇ ਪਹਿਲਾਂ ਪਰਮਾਣੂ ਮੋਢੇ ‘ਤੇ ਰੱਖ ਕੇ ਚਲਦੇ ਸਨ। ਅੱਜ ਤੱਕ ਨਹੀਂ ਹੋਇਆ ਪਹਿਲਾਂ ਪਰਮਾਣੂ ਚੱਲ ਜਾਂਦਾ ਸੀ ਤਾਂ ਉਸ ਨੂੰ ਰੋਕਿਆ ਜਾ ਸਕਦਾ ਸੀ ਜੋ ਅੱਜ ਤੱਕ ਸੰਭਵ ਨਹੀਂ ਹੋਇਆ ।

ਪਹਿਲਾਂ ਕਈ ਗੁਣਾ ਜ਼ਿਆਦਾ ਪਾਵਰਫੁੱਲ  ਹੁੰਦੇ ਸਨ  ਸਰੀਰ

ਪਹਿਲਾਂ ਜਦੋਂ ਮਰਜੀ ਮੀਂਹ ਪਵਾ ਲੈਂਦੇ ਸੀ, ਜੋ ਅੱਜ ਤੱਕ ਸੰਭਵ ਨਹੀਂ ਹੋਇਆ ।ਪਹਿਲਾਂ ਸਰੀਰ ਹੀ ਨਹੀਂ ਦਿਮਾਗ ਵੀ ਅੱਜ ਦੇ ਦੌਰ ਤੋਂ ਕਈ ਗੁਣਾ ਜ਼ਿਆਦਾ ਪਾਵਰਫੁੱਲ ਅਤੇ ਤੰਦਰੁਸਤ ਹੁੰਦੇ ਸਨ । ਕਿਉਂਕਿ 25 ਸਾਲਾਂ ਤੱਕ ਬੱਚਿਆਂ ਨੂੰ ਪਤਾ ਹੀ ਨਹੀਂ ਹੁੰਦਾ ਸੀ ਕਿ ਗ੍ਰਹਿਸਥੀ ਜ਼ਿੰਦਗੀ ਹੁੰਦੀ ਕੀ ਹੈ?

ਗੁਰੂਕੁੱਲ ‘ਚ ਪੜ੍ਹਾਇਆ ਜਾਂਦਾ ਸੀ, ਸਖ਼ਤ ਆਦੇਸ਼ ਹੁੰਦੇ ਸਨ 23 ਸਾਲ ਤੱਕ ਬ੍ਰਹਮਚਰਜ ਅਨੁਸਾਰ ਯੁੱਧ ਕਲਾ, ਵਿਗਿਆਨ ਕਲਾ, ਧਰਮ ਕਲਾ, ਸਮਾਜ ਕਲਾ ਬਹੁਤ ਸਾਰੀਆਂ ਹੋਰ ਕਲਾਵਾਂ ਭਾਵ ਸਿੱਖਿਆ ਦਿੱਤੀ ਜਾਂਦੀ ਸੀ ਅਤੇ 24-25 ਸਾਲ ‘ਚ ਗ੍ਰਹਿਸਥੀ ਜੀਵਨ ਬਾਰੇ ਦੱਸ ਕੇ 25 ਸਾਲ ਤੋਂ ਬਾਅਦ ਵਿਆਹ ਕੀਤਾ ਜਾਂਦਾ ਸੀ। ਉਦੋਂ ਜਾ ਕੇ ਪਤਾ ਲੱਗਦਾ ਸੀ ਕਿ ਇਹ ਨਰ ਅਤੇ ਮਾਦਾ ਹੁੰਦੇ ਹਨ। ਨਹੀਂ ਤਾਂ ਬ੍ਰਹਮਚਰਜ ‘ਤੇ ਹੀ ਜ਼ੋਰ ਦਿੱਤਾ ਜਾਂਦਾ ਸੀ ਅਤੇ ਲੋਕ ਸੱਚੇ ਦਿਲੋਂ ਪਾਲਣਾ ਕਰਦੇ ਸਨ।

ਉਦੋਂ ਜੋ ਹਾਈਟ ਹੁੰਦੀ ਸੀ ਉਹ ਇੰਚਾਂ, ਸੈਂਟੀਮੀਟਰਾਂ ਅਤੇ ਫੁੱਟਾਂ ‘ਚ ਨਹੀਂ ਹੱਥਾਂ ‘ਚ ਨਾਪੀ ਜਾਂਦੀ ਸੀ ਕਿ ਇਹ ਸੱਤ ਹੱਥ ਦਾ ਹੈ । ਸੱਤ ਹੱਥ ਦਾ ਮਤਲਬ 10 ਫੁੱਟ ਦਾ ਘੱਟ ਤੋਂ ਘੱਟ ਮੰਨਿਆ ਜਾਂਦਾ ਸੀ ਅਤੇ ਅੱਜ-ਕੱਲ੍ਹ ਸਾਡੇ ਸੱਤ ਫੁੱਟ ਹੀ ਹੋ ਜਾਣ ਤਾਂ ਜਾਣੋ ਕੀ ਹੋ ਜਾਵੇ?

ਇੰਜ ਲੱਗੇਗਾ ਜਿਵੇਂ ਆਦਮੀਆਂ ‘ਚ ਕੋਈ ਊਠ ਘੁੰਮ ਰਿਹਾ ਹੈ ਪਹਿਲਾਂ ਸਾਡੀ ਹੀ ਪ੍ਰਜਾਤੀ ਸੀ ਸਾਡੇ ਹੀ ਪੂਰਵਜ਼ ਸਨ ਜਿਨ੍ਹਾਂ ਦੀ ਹਾਈਟ ਇੰਨੀ ਹੁੰਦੀ ਸੀ ਅਤੇ ਪਾਵਰ ਕਿੰਨੀ ਸੀ, ਦਿਮਾਗ ਕਿੰਨਾ ਤੇਜ਼ ਸੀ ਉਹ ਵੀ ਕਹਿਣ-ਸੁਣਨ ਤੋਂ ਪਰੇ ਹੈ।

ਇਨਸਾਨ ਮੁੜਵਿਕਸਤ ਹੋਇਆ ਤਾਂ ਇਨਸਾਨ ਨੂੰ ਲੱਗਦਾ ਹੈ ਕਿ ਪਹਿਲਾਂ ਪਿਛੜੇ ਸੀ ਅੱਜ ਵਾਲੇ ਜ਼ਿਆਦਾ ਤੇਜ਼ ਹਨ ਕੋਈ ਤੇਜ਼ ਨਹੀਂ ਹਨ ਇਹ ਸਿਰਫ ਤੁਹਾਡਾ ਵਹਿਮ ਹੈ । ਅੱਜ ਦੇ ਨੌਜਵਾਨ ਨੂੰ ਜ਼ਿਆਦਾ ਹੰਕਾਰ ਹੋ ਗਿਆ ਹੈ ਤਾਂ ਸਾਊਂਡਲੈੱਸ ਜਹਾਜ਼ ਬਣਾ ਕੇ ਵਿਖਾਓ। ਪਰਮਾਣੂ ਨੂੰ ਮੋਢੇ ‘ਤੇ ਟੰਗ ਕੇ ਵਿਖਾਓ ਜਦੋਂ ਚਾਹੋ ਮੀਂਹ ਪਵਾ ਕੇ ਵਿਖਾਓ ਚੰਦਰਮਾ ਦੀ ਰੌਸ਼ਨੀ ਨਾਲ ਖਾਣਾ ਬਣਾਇਆ ਜਾਂਦਾ ਸੀ । ਪਹਿਲਾਂ ਦੇ ਲੋਕ ਸਫਲ ਕਲੋਨ ਗਿਆਤਾ ਸਨ ਪਰ ਹੁਣ ਇਹ ਕਿਤੇ ਵੀ ਵੇਖਣ ਨੂੰ ਨਹੀਂ ਮਿਲਦਾ।

7 ਪਰਿਵਾਰਾਂ ਨੂੰ ਮਿਲੇ ਪੱਕੇ ਮਕਾਨ

ਪੂਜਨੀਕ ਗੁਰੂ ਜੀ ਨੇ ਸਤਿਸੰਗ ਦੌਰਾਨ 6 ਜ਼ਰੂਰਤਮੰਦਾਂ ਵਿਧਵਾ ਸਾਵਿੱਤਰੀ, ਪਟੌਦੀ ਜ਼ਿਲ੍ਹਾ ਗੁਰੂਗ੍ਰਾਮ, ਵਿਧਵਾ ਬਬਲੀ ਇੰਸਾਂ (ਗੁਰੂਗ੍ਰਾਮ), ਵਿਧਵਾ ਸੀਮਾ ਇੰਸਾਂ, ਬਲਾਕ ਕੋਟਕਪੂਰਾ (ਪੰਜਾਬ), ਕਾਲੂ ਇੰਸਾਂ, ਬਲਾਕ ਨਾਥੂਸਰੀ ਕਲਾਂ (ਸਰਸਾ), ਧਰਮਪਾਲ ਇੰਸਾਂ, ਬਲਾਕ ਬੁਢਲਾਡਾ (ਮਾਨਸਾ), ਨਿਰਭੈ ਇੰਸਾਂ, ਬਲਾਕ ਸ਼ੇਰਪੁਰ (ਸੰਗਰੂਰ) ਅਤੇ ਸੰਦੀਪ ਕੁਮਾਰ, ਬਲਾਕ ਬਰਨਾਲਾ (ਪੰਜਾਬ) ਨੂੰ ਸਾਧ-ਸੰਗਤ ਵੱਲੋਂ ਬਣਾਏ ਗਏ ਮਕਾਨਾਂ ਦੀਆਂ ਚਾਬੀਆਂ ਪ੍ਰਦਾਨ ਕੀਤੀਆਂ

ਸਵਾਲ-ਜਵਾਬ

  • ਸਵਾਲ : ਕਿਸੇ ਦੇ ਪੂਰਵਜ ਚੰਗੇ ਕਰਮ ਕਰਦੇ ਹਨ ਤਾਂ ਆਉਣ ਵਾਲੀ ਪੀੜ੍ਹੀ ਸੁਖੀ ਰਹਿੰਦੀ ਹੈ, ਅਤੇ ਬੁਰੇ ਕਰਮ ਕਰਨ ‘ਤੇ ਦੁਖੀ ਰਹਿੰਦੀ ਹੈ, ਸ਼ਾਸਤਰਾਂ ‘ਚ ਲਿਖਿਆ ਹੈ ਕਿ ਜੋ ਜਿਹੋ-ਜਿਹਾ ਕਰਮ ਕਰੇਗਾ ਉਹੋ ਜਿਹਾ ਹੀ ਫਲ ਭੁਗਤੇਗਾ ਤਾਂ ਪੂਰਵਜਾਂ ਦੇ ਕੀਤੇ ਹੋਏ ਕਰਮਾਂ ਦਾ ਫਲ ਆਉਣ ਵਾਲੀਆਂ ਪੀੜ੍ਹੀਆਂ ਕਿਉਂ ਭੁਗਤਦੀਆਂ ਹਨ?
    ਜਵਾਬ: ਤੁਹਾਡੇ ਪੂਰਵਜ਼ ਕਰੋੜਾਂ ਰੁਪਏ ਕਮਾ ਕੇ ਜਾਣ ਤਾਂ ਤੁਸੀਂ ਵਰਤੋਂ ‘ਚ ਲਿਆਉਂਦੇ ਹੋ ਕਿਉਂਕਿ ਉਹ ਤੁਹਾਡੀ ਜੱਦੀ-ਜਾਇਦਾਦ ਹੈ ਜੇਕਰ ਘਰ ‘ਚ ਪਾਪ ਦੀ ਕਮਾਈ ਆਉਂਦੀ ਹੈ ਤੇ ਤੁਸੀਂ ਖਾਂਦੇ ਹੋ ਤਾਂ ਪੂਰਵਜ਼ਾਂ ਦੇ ਕਰਮ ਵੀ ਤੁਹਾਨੂੰ ਭੋਗਣੇ ਪੈਣਗੇ
  • ਸਵਾਲ: ਦੁਨੀਆ ਵਿਚ ਸਭ ਤੋਂ ਮੁਸ਼ਕਲ ਕੰਮ ਕੀ ਹੈ?
    ਜਵਾਬ: ਅੱਜ ਦੇ ਦੌਰ ‘ਚ ਰਾਮ ਦਾ ਨਾਮ ਜਪਣਾ ਸਭ ਤੋਂ ਮੁਸ਼ਕਲ ਕੰਮ ਹੈ ਬਹੁਤ ਆਸਾਨ ਜਿਹੇ ਸ਼ਬਦ ਹੁੰਦੇ ਹਨ ਪਰ ਉਨ੍ਹਾਂ ਦਾ ਜਾਪ ਕਰਨਾ ਇੰਜ ਲੱਗਦਾ ਹੈ ਜਿਵੇਂ ਭਾਰ ਚੁੱਕਣਾ ਹੋਵੇ ਆਪਣੀਆਂ ਆਦਤਾਂ ਨੂੰ ਬਦਲਣਾ ਇਹ ਵੀ ਬਹੁਤ ਮੁਸ਼ਕਲ ਕੰਮ ਹੁੰਦਾ ਹੈ
  • ਸਵਾਲ: ਪੂਜਨੀਕ ਪਿਤਾ ਜੀ, ਸੁਫਨੇ ‘ਚ ਜੋ ਆਪ ਜੀ ਦਰਸ਼ਨ ਦਿੰਦੇ ਹੋ, ਬਚਨ ਕਰਦੇ ਹੋ, ਕੀ ਉਹ ਅਸੀਂ ਪਰਿਵਾਰ ਨੂੰ ਦੱਸ ਸਕਦੇ ਹਾਂ ਜੀ?
    ਜਵਾਬ: ਹਾਂ, ਜੋ ਤੁਸੀਂ ਸਤਿਸੰਗ ਸੁਣਦੇ ਹੋ ਜਾਂ ਸਮਾਜ ਭਲਾਈ ਦੀ ਗੱਲ, ਪਰਿਵਾਰ ਦੇ ਭਲੇ ਦੀ ਗੱਲ ਹੋਵੇ ਤਾਂ ਦੱਸ ਸਕਦੇ ਹੋ ਜੇਕਰ ਤੁਹਾਡੀ ਪਰਸਨਲ ਗੱਲ ਹੈ ਤਾਂ ਉਹ ਕਦੇ ਸ਼ੇਅਰ ਨਹੀਂ ਕਰਨੀ ਚਾਹੀਦੀ