ਪਿੰਡ ਉੱਲਟਪੁਰ ਵਿਖੇ ਜੰਗਲੀ ਜਾਨਵਰ ਵੱਲੋਂ ਵੱਛੇ ਨੂੰ ਖਾਣ ਦੀ ਤੀਜੀ ਘਟਨਾ ਵਾਪਰੀ
ਖੁਸ਼ਵੀਰ ਸਿੰਘ ਤੂਰ, ਪਟਿਆਲਾ:ਪਟਿਆਲਾ ਨੇੜੇ ਸਥਿਤ ਭੁਨਰਹੇੜੀ ਬੀੜ ਸਮੇਤ ਆਲੇ-ਦੁਆਲੇ ਪਿੰਡਾਂ ਅੰਦਰ ਚੀਤੇ ਦੀ ਅਫਵਾਹ ਸਬੰਧੀ ਦਹਿਸ਼ਤ ਲਗਾਤਾਰ ਬਰਕਰਾਰ ਹੈ। ਭੁਨਰਹੇੜੀ ਬੀੜ ਤੋਂ ਲਗਭਗ 6 ਕਿਲੋਮੀਟਰ ਦੂਰ ਪਿੰਡ ਉੱਟਲਪੁਰ ਵਿੱਚ ਕਿਸੇ ਜੰਗਲੀ ਜਾਨਵਰ ਵੱੱਲੋਂ ਤੀਜਾ ਹਮਲਾ ਕਰਦਿਆਂ ਇੱਕ ਹੋਰ ਵੱਛੜੇ ਦੇ ਬੁਰੀ ਤਰ੍ਹਾਂ ਖਾਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਡਰ ਹੋਰ ਵਧ ਗਿਆ ਹੈ। ਉੱਧਰ ਦੂਜੇ ਬੰਨੇ ਜੰਗਲੀ ਜੀਵ ਵਿਭਾਗ ਦੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਚੀਤੇ ਸਬੰਧੀ ਫੈਲਾਈ ਜਾ ਰਹੀ ਅਫਵਾਹ ਅਸਪੱਸ਼ਟ ਹੈ। ਉੁਨ੍ਹਾਂ ਦਾ ਕਹਿਣਾ ਹੈ ਕਿ ਉਹ ਦਿਨ-ਰਾਤ ਡਿਊਟੀ ਨਿਭਾ ਰਹੇ ਹਨ, ਪਰ ਉਨ੍ਹਾਂ ਨੂੰ ਕਿੱਧਰੇ ਵੀ ਚੀਤਾ ਨਹੀਂ ਦਿਖਿਆ। ਚੀਤੇ ਦੇ ਭੈਅ ਕਾਰਨ ਨੇੜਲੇ ਪਿੰਡਾਂ ਦੇ ਲੋਕਾਂ ਦੀ ਰਾਤਾਂ ਦੀ ਨੀਦ ਹਰਾਮ ਹੋਈ ਪਈ ਹੈ।
ਜੰਗਲੀ ਜੀਵ ਵਿਭਾਗ ਦੇ ਮੁਲਾਜ਼ਮ ਵੀ ਚੀਤੇ ਦੀ ਅਫ਼ਵਾਹ ਤੋਂ ਪ੍ਰੇਸ਼ਾਨ
ਜਾਣਕਾਰੀ ਅਨੁਸਾਰ ਕਿਸੇ ਖੂੰਖਾਰ ਜੰਗਲੀ ਜਾਨਵਰ ਵੱਲੋਂ ਬੀੜ ਦੇ ਨੇੜਲੇ ਪਿੰਡ ਉੱਲਟਪੁਰ ਅੰਦਰ ਦੇਰ ਰਾਤ ਸੁਰਿੰਦਰ ਸਿੰਘ ਦੇ ਡੰਗਰਾ ਵਾਲੇ ਵਾੜੇ ਅੰਦਰ ਤੀਜੀ ਘਟਨਾ ਨੂੰ ਅੰਜਾਮ ਦਿੰਦਿਆ ਬੱਛੜੇ ਨੂੰ ਨੋਚ ਕੇ ਖਾਧਾ ਗਿਆ ਹੈ। ਇਹ ਘਟਨਾ ਵਾਪਰਨ ਤੋਂ ਬਾਅਦ ਉੱਥੇ ਜੰਗਲੀ ਜੀਵ ਵਿਭਾਗ ਦੇ ਰੇਜ਼ ਅਫਸਰ ਨਿਰਲੇਪ ਸਿੰਘ ਵੱਲੋਂ ਟੀਮ ਸਮੇਤ ਦੌਰਾ ਵੀ ਕੀਤਾ ਗਿਆ। ਚੀਤੇ ਦੀ ਦਹਿਸਤ ਦਾ ਸਭ ਤੋਂ ਪਹਿਲਾ ਮਾਮਲਾ ਪਿੰਡ ਸ਼ਾਦੀਪੁਰ ਵਿਖੇ ਇੱਕ ਡੰਗਰਾ ਵਾਲੇ ਵਾੜੇ ਵਿੱਚ ਕਿਸੇ ਜੰਗਲੀ ਜਾਨਵਰ ਵੱਲੋਂ ਵੱਛੜਾ ਖਾਣ ਕਾਰਨ ਉਜਗਾਰ ਹੋਇਆ ਸੀ, ਜਿਸ ਤੋਂ ਬਾਅਦ ਇਸ ਪਿੰਡ ਵਿੱਚ ਪਿੰਜਰਾ ਵੀ ਫਿੱਟ ਕੀਤਾ ਗਿਆ ਸੀ। ਇਸ ਤੋਂ ਦੋ ਦਿਨਾਂ ਬਾਅਦ ਬੀੜ ਦੇ ਨਾਲ ਲੱਗਦੀ ਸੜਕ ਕੋਲ ਇੱਕ ਹੋਰ ਬਛੜਾ ਨੋਚਿਆ ਹੋਇਆ ਮਿਲਿਆ, ਜਿਸ ਤੋਂ ਬਾਅਦ ਪਿੰਡਾਂ ਦੇ ਲੋਕਾਂ ਵਿੱਚ ਇਹ ਦਹਿਸਤ ਹੋਰ ਭਾਰੂ ਹੋ ਗਈ। ਇਸ ਤੋਂ ਬਾਅਦ ਲੋਕਾਂ ਵੱਲੋਂ ਰਾਜਨੀਤਿਕ ਆਗੂਆਂ ਕੋਲ ਇਸ ਮਸਲੇ ਦੀ ਹੱਲ ਲਈ ਗੁਹਾਰ ਵੀ ਲਾਈ ਗਈ ਹੈ।
20 ਦੇ ਕਰੀਬ ਮੁਲਾਜ਼ਮ ਗਸਤ ‘ਚ ਲੱਗੇ: ਨਿਰਲੇਪ ਸਿੰਘ
ਇਸ ਸਬੰਧੀ ਜਦੋਂ ਜੰਗਲੀ ਜੀਵ ਵਿਭਾਗ ਦੇ ਰੇਂਜ ਅਫਸਰ ਨਿਰਲੇਪ ਸਿੰਘ ਨਾਲ ਗੱਲ ਕੀਤੀ ਤਾ ਉਨ੍ਹਾਂ ਕਿਹਾ ਕਿ ਲੱਗ ਰਿਹਾ ਹੈ ਜਿਵੇਂ ਬੱਛਿਆਂ ਨੂੰ ਕਿਸੇ ਖੂੰਖਾਰ ਕੁੱਤਿਆ ਵੱਲੋਂ ਖਾਧਾ ਜਾ ਰਿਹਾ ਹੋਵੇ ਕਿਉਂਕਿ ਚੀਤੇ ਹੋਣ ਸਬੰਧੀ ਕੋਈ ਠੋਸ ਸਪੱਸਟਤਾ ਸਾਹਮਣੇ ਨਹੀਂ ਆ ਰਹੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ 20 ਦੇ ਕਰੀਬ ਮੁਲਾਜ਼ਮ ਬੀੜ ਸਮੇਤ ਆਲੇ ਦੁਆਲੇ ਪਿੰਡਾਂ ਅੰਦਰ ਵੀ ਰਾਤ ਨੂੰ ਗਸਤ ਕਰ ਰਹੇ ਹਨ, ਪਰ ਚੀਤੇ ਦੀ ਉਨ੍ਹਾਂ ਨੂੰ ਠੋਸ ਜਾਣਕਾਰੀ ਨਹੀਂ ਮਿਲੀ। ਉਨ੍ਹਾਂ ਦੱਸਿਆ ਕਿ ਬੀੜ ਅੰਦਰ ਪਿੰਜਰਾ ਵੀ ਫਿੱਟ ਕੀਤਾ ਹੋਇਆ ਹੈ, ਪਰ ਚੀਤਾ ਅਜੇ ਬੁਝਾਰਤ ਬਣਿਆ ਹੋਇਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।