Bathinda News: ਭਾਗੂ ਰੋਡ ਨੂੰ ਚੌੜਾ ਕਰਨ ਦੇ ਫ਼ੈਸਲੇ ਖਿਲਾਫ਼ ਕੀਤਾ ਜਾ ਰਿਹੈ ਸੰਘਰਸ਼
Bathinda News: ਬਠਿੰਡਾ (ਸੁਖਜੀਤ ਮਾਨ)। ਨਗਰ ਨਿਗਮ ਵੱਲੋਂ ਭਾਗੂ ਰੋਡ ਨੂੰ ਚੌੜਾ ਕਰਨ ਦੇ ਲਏ ਫੈਸਲੇ ਦਾ ਵਿਰੋਧ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਰੋਡ ’ਤੇ ਪੈਂਦੀਆਂ ਦੁਕਾਨਾਂ ਅਤੇ ਮਕਾਨਾਂ ਦੇ ਮਾਲਕਾਂ ਤੋਂ ਇਲਾਵਾ ਕਿਰਾਏਦਾਰ ਵੀ ਇਸ ਫੈਸਲੇ ਖਿਲਾਫ਼ ਸੰਘਰਸ਼ ’ਚ ਡਟੇ ਹੋਏ ਹਨ। ਭਾਗੂ ਰੋਡ ਦੁਕਾਨਦਾਰ ਅਤੇ ਮਕਾਨ ਮਾਲਕ ਐਸੋਸੀਏਸ਼ਨ ਬਠਿੰਡਾ ਦੇ ਬੈਨਰ ਹੇਠ ਅੱਜ ਸੰਘਰਸ਼ਕਾਰੀਆਂ ਨੇ ਨਿਗਮ ਦੇ ਨੋਟਿਸਾਂ ਦੀਆਂ ਕਾਪੀਆਂ ਸਾੜ ਕੇ ਚਿਤਾਵਨੀ ਦਿੱਤੀ ਕਿ ਉਹ ਨੋਟਿਸਾਂ ’ਚ ਵਰਤੀ ਸ਼ਬਦਾਵਲੀ ਕਰਕੇ ਹੋਈ ਮਾਣਹਾਨੀ ਨੂੰ ਨਾ ਸਹਾਰਦਿਆਂ ਅਦਾਲਤ ਦਾ ਦਰਵਾਜਾ ਖੜਕਾਉਣਗੇ ।
ਵੇਰਵਿਆਂ ਮੁਤਾਬਿਕ ਨਗਰ ਨਿਗਮ ਦੇ ਜਨਰਲ ਹਾਊਸ ਦੀ 25 ਜਨਵਰੀ 2024 ਨੂੰ ਹੋਈ ਮੀਟਿੰਗ ’ਚ ਭਾਗੂ ਰੋਡ ਨੂੰ 60 ਫੁੱਟ ਚੌੜਾ ਕਰਨ ਦਾ ਮਤਾ ਪਾਸ ਕੀਤਾ ਗਿਆ ਸੀ। ਮਤਾ ਪਾਸ ਹੋਣ ਵਾਲੇ ਦਿਨ ਤੋਂ ਹੀ ਭਾਗੂ ਰੋਡ ਦੇ ਵਸਨੀਕ, ਦੁਕਾਨਦਾਰ ਅਤੇ ਕਿਰਾਏਦਾਰਾਂ ਨੇ ਮੱਠਾ-ਮੱਠਾ ਸੰਘਰਸ਼ ਸ਼ੁਰੂ ਕਰ ਦਿੱਤਾ ਸੀ , ਜੋ ਹੁਣ ਨਿਗਮ ਦੇੇ ਨੋਟਿਸ ਆਉਣ ਤੋਂ ਬਾਅਦ ਭਾਂਬੜ ਬਣ ਗਿਆ ਹੈ। ਨਿਗਮ ਦੇ ਇਸ ਫੈਸਲੇ ਖਿਲਾਫ਼ ਸੰਘਰਸ਼ ’ਚ ਅੱਜ ਇਕੱਠ ਕਰਕੇ ਨੋਟਿਸਾਂ ਦੀਆਂ ਕਾਪੀਆਂ ਸਾੜੀਆਂ ਗਈਆਂ ।
Bathinda News
ਇਸ ਮੌਕੇ ਬੋਲਦਿਆਂ ਐਡਵੋਕੇਟ ਜਸਵੰਤ ਸਿੰਘ ਸੰਧੂ ਨੇ ਕਿਹਾ ਕਿ ਨਿਗਮ ਵੱਲੋਂ ਭਾਗੂ ਰੋਡ ਨੂੰ ਚੌੜਾ ਕਰਨ ਦਾ ਜੋ ਫੈਸਲਾ ਲਿਆ ਹੈ ਉਹ ਦੁਕਾਨਦਾਰਾਂ ਅਤੇ ਮਕਾਨ ਮਾਲਕਾਂ ਆਦਿ ਦੀ ਸਲਾਹ ਤੋਂ ਬਿਨ੍ਹਾਂ ਲਿਆ ਗਿਆ ਹੈ। 50-50 ਸਾਲਾਂ ਤੋਂ ਇੱਥੇ ਦੁਕਾਨਾਂ ਅਤੇ ਮਕਾਨਾਂ ਦੇ ਨਕਸ਼ੇ ਪਾਸ ਕਰਵਾਏ ਹੋਏ ਹਨ, ਬਾਕਾਇਦਾ ਰਜਿਸਟਰੀਆਂ ਹਨ ਫਿਰ ਨਿਗਮ ਕਿਸ ਕਾਨੂੰਨ ਨਾਲ ਨੋਟਿਸਾਂ ’ਚ ਕਹਿ ਰਿਹਾ ਹੈ ਕਿ ਉਨ੍ਹਾਂ ਨੇ ਨਾਜਾਇਜ਼ ਕਬਜੇ ਕੀਤੇ ਹੋਏ ਹਨ। ਉਨ੍ਹਾਂ ਕਿਹਾ ਨਿਗਮ ਅਧਿਕਾਰੀਆਂ ਵੱਲੋਂ ਨੋਟਿਸਾਂ ’ਚ ‘ਨਾਜਾਇਜ਼ ਕਬਜੇ’ ਸ਼ਬਦ ਲਿਖ ਕੇ ਉਹਨਾਂ ਦੇ ਮਾਣ-ਸਨਮਾਨ ਨੂੰ ਠੇਸ ਪਹੁੰਚਾਈ ਹੈ, ਜਿਸ ਲਈ ਉਹ ਨਿਗਮ ਦੇ ਇਨ੍ਹਾਂ ਨੋਟਿਸਾਂ ਦੇ ਖਿਲਾਫ਼ ਮਾਣਯੋਗ ਅਦਾਲਤ ਦਾ ਰੁਖ ਕਰਨਗੇ ।
Read Also : Expressway News: ਹੁਣ ਇਸ ਐਕਸਪ੍ਰੈੱਸਵੇਅ ’ਤੇ ਸਪੀਡ ਦਾ ਨਵਾਂ ਨਿਯਮ ਲਾਗੂ, ਪੜ੍ਹ ਲਵੋ ਪੂਰੀ ਜਾਣਕਾਰੀ
ਸੰਘਰਸ਼ ’ਚ ਸ਼ਾਮਿਲ ਗੁਰਦੇਵ ਸਿੰਘ ਨੇ ਕਿਹਾ ਕਿ ਨਿਗਮ ਟ੍ਰੈਫਿਕ ਵਾਸਤੇ ਹੀ ਸੜਕ ਚੌੜੀ ਕਰ ਰਿਹਾ ਹੈ ਪਰ ਇਸ ਰੋਡ ’ਤੇ ਟ੍ਰੈਫਿਕ ਜਾਮ ਆਦਿ ਵਰਗੀ ਕਦੇ ਵੀ ਕੋਈ ਸਥਿਤੀ ਪੈਦਾ ਨਹੀਂ ਹੋਈ ਸਗੋਂ ਹੁਣ ਤਾਂ ਰਿੰਗ ਰੋਡ ਸ਼ੁਰੂ ਹੋਣ ਕਰਕੇ ਇਸ ਸੜਕ ’ਤੇ ਪਹਿਲਾਂ ਨਾਲੋਂ ਵੀ ਟ੍ਰੈਫਿਕ ਹੋਰ ਘਟ ਜਾਵੇਗਾ। ਸੰਘਰਸ਼ਕਾਰੀਆਂ ਨੇ ਕਿਹਾ ਕਿ ਉਹ ਕਿਸੇ ਵੀ ਹਾਲਤ ’ਚ ਭਾਗੂ ਰੋਡ ਨੂੰ ਚੌੜਾ ਨਹੀਂ ਹੋਣ ਦੇਣਗੇ । ਭਾਗੂ ਰੋਡ ਦੁਕਾਨਦਾਰ ਅਤੇ ਮਕਾਨ ਮਾਲਕ ਐਸੋਸੀਏਸ਼ਨ ਬਠਿੰਡਾ ਦੀ 10 ਮੈਂਬਰੀ ਕਮੇਟੀ ਦੀ ਅਗਵਾਈ ’ਚ ਹੋਏ ਇਸ ਇਕੱਠ ਦੌਰਾਨ ਨਿਗਮ ਦੇ ਇਸ ਫੈਸਲੇ ਖਿਲਾਫ਼ ਜੋਰਦਾਰ ਨਾਅਰੇਬਾਜ਼ੀ ਕਰਦਿਆਂ ਨੋਟਿਸਾਂ ਦੀਆਂ ਕਾਪੀਆਂ ਵੀ ਸਾੜੀਆਂ ਗਈਆਂ ।