ਸੋਮਵਾਰ ਨੂੰ ਮਾਲ ਮੰਤਰੀ ਹਰਦੀਪ ਸਿੰਘ ਨਾਲ ਕਰਨਗੇ ਤਹਿਸੀਲਦਾਰ ਮੀਟਿੰਗ
Punjab Tehsildar News: (ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ ਦੇ ਤਹਿਸੀਲਦਾਰ ਇੱਕ ਵਾਰ ਫਿਰ ਹੜਤਾਲ ’ਤੇ ਜਾਣ ਤਿਆਰੀ ਵਿੱਚ ਹਨ, ਕਿਉਂਕਿ ਪੰਜਾਬ ਸਰਕਾਰ ਅਤੇ ਵਿਜੀਲੈਂਸ ਬਿਊਰੋ ਵੱਲੋਂ ਕਥਿਤ ਤੌਰ ’ਤੇ ਵਿਸ਼ਵਾਸ ਦਿੱਤੇ ਜਾਣ ਦੇ ਬਾਵਜ਼ੂਦ ਵੀ ਤਹਿਸੀਲਦਾਰ ਯੂਨੀਅਨ ਨੂੰ ਇਨਸਾਫ਼ ਨਹੀਂ ਦਿੱਤਾ ਜਾ ਰਿਹਾ ਹੈ। ਤਹਿਸੀਲਦਾਰਾਂ ਨੇ ਪੰਜਾਬ ਸਰਕਾਰ ਨੂੰ 2 ਦਿਨ ਦਾ ਸਮਾਂ ਦਿੰਦੇ ਹੋਏ ਮੰਗਲਵਾਰ ਸ਼ਾਮ ਤੱਕ ਕਾਰਵਾਈ ਕਰਨ ਲਈ ਕਿਹਾ ਹੈ। ਜੇਕਰ ਇਸ ਸਮੇਂ ਦੌਰਾਨ ਕਾਰਵਾਈ ਨਾ ਹੁੰਦੀ ਹੈ ਤਾਂ ਬੁੱਧਵਾਰ ਤੋਂ ਪੰਜਾਬ ਭਰ ਵਿੱਚ ਤਹਿਸੀਲਦਾਰ ਹੜਤਾਲ ਕਰਦੇ ਹੋਏ ਮੁਕੰਮਲ ਰੂਪ ਵਿੱਚ ਰਜਿਸਟਰੀ ਅਤੇ ਹੋਰ ਕੰਮਾਂ ਨੂੰ ਛੱਡ ਦੇਣਗੇ। ਇਹ ਹੜਤਾਲ ਵੀ ਅਣਮਿਥੇ ਸਮੇਂ ਲਈ ਹੀ ਰਹੇਗੀ।
ਇਹ ਵੀ ਪੜ੍ਹੋ: Punjab Breaking News: ਡੱਲੇਵਾਲ ਨੂੰ ਮਿਲਣ ਪਹੁੰਚੇ ਗ੍ਰਹਿ ਮੰਤਰਾਲੇ ਦੇ ਡਾਇਰੈਕਟਰ ਤੇ DGP ਗੌਰਵ ਯਾਦਵ, ਕਹੀ ਇਹ ਵੱਡ…
ਚੰਡੀਗੜ੍ਹ ਵਿਖੇ ਤਹਿਸੀਲਦਾਰ ਯੂਨੀਅਨ ਦੇ ਕਾਰਜਕਾਰੀ ਪ੍ਰਧਾਨ ਲਛਮਣ ਦਾਸ ਰੰਧਾਵਾ ਨੇ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕਰਦੇ ਹੋਏ ਦੱਸਿਆ ਕਿ ਤਪਾ ਮੰਡੀ ਵਿਖੇ ਤੈਨਾਤ ਤਹਿਸੀਲਦਾਰ ਸੁਖਚਰਨ ਸਿੰਘ ਚੰਨੀ ਨੂੰ ਵਿਜੀਲੈਂਸ ਦੇ ਇੱਕ ਇੰਸਪੈਕਟਰ ਵੱਲੋਂ ਸਾਜ਼ਿਸ਼ ਦੇ ਤਹਿਤ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਸੁਖਚਰਨ ਸਿੰਘ ਚੰਨੀ ਇਸ ਸਮੇਂ ਤਹਿਸੀਲਦਾਰ ਯੂਨੀਅਨ ਦੇ ਪ੍ਰਧਾਨ ਅਤੇ ਉਨ੍ਹਾਂ ਨੂੰ ਸੋਚੀ ਸਮਝੀ-ਸਾਜ਼ਿਸ਼ ਦੇ ਤਹਿਤ ਹੀ ਫਸਾਇਆ ਗਿਆ ਸੀ।
ਤਪਾ ਮੰਡੀ ਦੇ ਤਹਿਸੀਲਦਾਰ ਸੁਖਚਰਨ ਸਿੰਘ ਚੰਨੀ ਨੂੰ ਕੀਤਾ ਗਿਆ ਸੀ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ
ਉਨ੍ਹਾਂ ਦੱਸਿਆ ਕਿ ਇਸ ਗ੍ਰਿਫ਼ਤਾਰੀ ਤੋਂ ਬਾਅਦ ਜਦੋਂ ਤਹਿਸੀਲਦਾਰਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਤਾਂ ਮਾਲ ਵਿਭਾਗ ਦੇ ਮੰਤਰੀ ਹਰਦੀਪ ਸਿੰਘ ਮੁੰਡੀਆਂ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਕਿ ਇਸ ਮਾਮਲੇ ਵਿੱਚ ਵਿਜੀਲੈਂਸ ਹੀ ਜਾਂਚ ਕਰਕੇ ਰਿਪੋਰਟ ਪੇਸ਼ ਕਰੇਗੀ ਅਤੇ ਸ਼ੁਰੂਆਤੀ ਰਿਪੋਰਟ ਵਿੱਚ ਸਾਫ਼ ਹੋ ਗਿਆ ਹੈ ਕਿ ਤਪਾ ਮੰਡੀ ਵਿਖੇ ਇੱਕ ਵਸੀਕਾ ਨਵੀਸ ਦੀ ਨਰਾਜ਼ਗੀ ਤਹਿਸੀਲਦਾਰ ਨਾਲ ਹੋ ਗਈ ਸੀ, ਜਿਸ ਤੋਂ ਬਾਅਦ ਉਸ ਵਸੀਕਾ ਨਵੀਸ ਨੇ ਤਹਿਸੀਲਦਾਰ ਨੂੰ ਆਪਣੇ ਸਾਥੀ ਵਿਜੀਲੈਂਸ ਇੰਸਪੈਕਟਰ ਨਾਲ ਮਿਲ ਕੇ ਰਿਸ਼ਵਤ ਦੇ ਝੂਠੇ ਕੇਸ ਵਿੱਚ ਫਸਾ ਦਿੱਤਾ ਸੀ। Punjab Tehsildar News
ਉਨ੍ਹਾਂ ਕਿਹਾ ਕਿ ਇਹ ਸ਼ੁਰੂਆਤੀ ਜਾਂਚ ਵਿੱਚ ਸਾਰਾ ਕੁਝ ਸਪੱਸ਼ਟ ਹੋਣ ਦੇ ਬਾਵਜੂਦ ਉਨ੍ਹਾਂ ਦੇ ਪ੍ਰਧਾਨ ਸੁਖਚਰਨ ਸਿੰਘ ਚੰਨੀ ਨੂੰ ਜੇਲ੍ਹ ਵਿੱਚ ਹੀ ਬੰਦ ਰੱਖਿਆ ਹੋਇਆ ਹੈ, ਜਿਹੜਾ ਕਿ ਹੁਣ ਬਰਦਾਸ਼ਤ ਤੋਂ ਬਾਹਰ ਹੈ। ਇਸ ਲਈ ਜੇਕਰ ਅਗਲੇ 2 ਦਿਨਾਂ ਵਿੱਚ ਪ੍ਰਧਾਨ ਨੂੰ ਰਿਹਾਅ ਨਹੀਂ ਕੀਤਾ ਗਿਆ ਤਾਂ ਪੰਜਾਬ ਭਰ ਵਿੱਚ ਤਹਿਸੀਲਦਾਰ ਆਪਣਾ ਕੰਮ ਬੰਦ ਕਰਦੇ ਹੋਏ ਮੁਕੰਮਲ ਹੜਤਾਲ ’ਤੇ ਰਹਿਣਗੇ। ਉਨ੍ਹਾਂ ਦੱਸਿਆ ਕਿ ਸੋਮਵਾਰ ਨੂੰ ਕੈਬਨਿਟ ਮੰਤਰੀ ਹਰਦੀਪ ਮੰਡੀਆਂ ਨਾਲ ਉਨ੍ਹਾਂ ਦੀ ਮੀਟਿੰਗ ਹੈ ਅਤੇ ਇਸ ਮੀਟਿੰਗ ਵਿੱਚ ਉਹ ਰਿਹਾਈ ਦੀ ਮੰਗ ਰੱਖਣਗੇ।