Firing in Ludhiana: (ਜਸਵੀਰ ਸਿੰਘ ਗਹਿਲ) ਲੁਧਿਆਣਾ। ਜ਼ਿਲ੍ਹਾ ਲੁਧਿਆਣਾ ਦੇ ਪਿੰਡ ਖਾਸੀ ਕਲਾਂ ਦੀਆਂ ਦੋ ਧਿਰਾਂ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਇੱਕ- ਦੂਜੇ ’ਤੇ ਗੋਲੀਆਂ ਚਲਾਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸ ਵਿੱਚੋਂ ਇੱਕੋ ਪਿੰਡ ਦੇ ਦੋ ਵਿਅਕਤੀ ਜ਼ਖਮੀ ਹੋਏ ਹਨ। ਪੁਲਿਸ ਨੇ ਗੋਲੀ ਚੱਲਣ ਦੀ ਪੁਸ਼ਟੀ ਕਰਦਿਆਂ ਪੜਤਾਲ ਕੀਤੇ ਜਾਣ ਦੀ ਗੱਲ ਆਖੀ ਹੈ।
ਜਾਣਕਾਰੀ ਦਿੰਦਿਆਂ ਥਾਣਾ ਮੇਹਰਬਾਨ ਦੇ ਥਾਣਾ ਮੁਖੀ ਪਰਮਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਮਿਲੀ ਸੂਚਨਾ ਮੁਤਾਬਕ ਪਿੰਡ ਖਾਸੀ ਕਲਾਂ ਨਾਲ ਸਬੰਧਿਤ ਦੋ ਧਿਰਾਂ ਦਾ ਕਿਸੇ ਜ਼ਮੀਨ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਜਿਸ ਨੂੰ ਸੁਲਝਾਉਣ ਲਈ ਅੱਜ ਦੋਵੇ ਧਿਰਾਂ ਸਬੰਧਿਤ ਜ਼ਮੀਨ ’ਚ ਇਕੱਠੀਆਂ ਹੋਈਆਂ ਸਨ। ਜਿੱਥੇ ਉਨ੍ਹਾਂ ਵਿਚਕਾਰ ਕਿਸੇ ਗੱਲ ਤੋਂ ਆਪਸੀ ਤਕਰਾਰ ਵਧ ਗਿਆ। ਉਨ੍ਹਾਂ ਅੱਗੇ ਦੱਸਿਆ ਕਿ ਉਨ੍ਹਾਂ ਨੂੰ ਮਿਲੀ ਜਾਣਕਾਰੀ ਮੁਤਾਬਕ ਦੋਵਾਂ ਨੇ ਇੱਕ- ਦੂਜੇ ’ਤੇ ਫਾਇਰਿੰਗ ਕੀਤੀ।
ਇਹ ਵੀ ਪੜ੍ਹੋ: Video Viral: ਨਸ਼ੇ ’ਚ ਧੁੱਤ ਕਰਮਚਾਰੀ ਵੱਲੋਂ ਮਹਿਲਾ ਮਰੀਜ਼ ਨੂੰ ਲੱਗੇ ਗੁਲੂਕੋਜ ਨਾਲ ਛੇੜਛਾੜ,ਵੀਡੀਓ ਵਾਇਰਲ
ਉਨ੍ਹਾਂ ਇਹ ਵੀ ਦੱਸਿਆ ਕਿ ਫਾਇਰਿੰਗ ਦੌਰਾਨ ਜਖ਼ਮੀ ਹੋਣ ਵਾਲਿਆਂ ਦੀ ਪਹਿਚਾਣ ਸੁਖਜੀਤ ਸਿੰਘ ਤੇ ਸੁਖਦੇਵ ਸਿੰਘ ਵਜੋਂ ਹੋਈ ਹੈ ਜੋ ਕਿ ਪੂਰੀ ਤਰ੍ਹਾਂ ਸਪੱਸ਼ਟ ਨਹੀਂ। ਕਿਉਂਕਿ ਕਿਸੇ ਵੀ ਧਿਰ ਦਾ ਕੋਈ ਪਰਿਵਾਰਕ ਮੈਂਬਰ ਉਨ੍ਹਾਂ ਪੁਲਿਸ ਕੋਲ ਨਹੀਂ ਪਹੁੰਚਿਆ। ਫਿਲਹਾਲ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ। ਪੜਤਾਲ ਉਪਰੰਤ ਦੋਸ਼ੀਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਏਡੀਸੀਪੀ ਪਰਮਜੋਤ ਸਿੰਘ ਵਿਰਕ ਨੇ ਦੱਸਿਆ ਕਿ ਦੋਵੇਂ ਵਿਅਕਤੀ ਪ੍ਰਾਪਰਟੀ ਵਿੱਚ ਭਾਈਵਾਲ ਹਨ। ਜਿੰਨ੍ਹਾਂ ਵਿਚਕਾਰ ਜ਼ਮੀਨ ਨੂੰ ਲੈ ਕੇ ਝਗੜਾ ਹੋਇਆ। ਜਿਸ ਵਿੱਚ ਇੱਕ ਦੇ ਦੋ ਗੋਲੀਆਂ ਲੱਗੀਆਂ ਹਨ। ਜਦੋਂਕਿ ਦੂਜਾ ਜਖ਼ਮੀ ਤਾਂ ਹੈ ਪਰ ਕਿਸ ਤਰ੍ਹਾਂ ਇਹ ਹਾਲੇ ਸਪੱਸ਼ਟ ਨਹੀ। ਦੋਵੇਂ ਫ਼ਿਲਹਾਲ ਡੀਐਮਸੀ ਹਸਪਤਾਲ ਵਿਖੇ ਜ਼ੇਰੇ ਇਲਾਜ਼ ਹਨ। ਪ੍ਰਾਪਤ ਜਾਣਕਾਰੀ ਮੁਤਾਬਕ ਘਟਨਾ ਖਾਸੀ ਹਵਾਸ ਰੋਡ ’ਤੇ ਵਾਪਰੀ। ਜਿੱਥੇ ਸਥਿੱਤ ਵਿਵਾਦਿਤ ਜ਼ਮੀਨ ’ਤੇ ਦੋ ਧਿਰਾਂ ਵਿਵਾਦ ਨੂੰ ਸੁਲਝਾਉਣ ਲਈ ਇਕੱਠੀਆਂ ਹੋਈਆਂ ਸਨ। ਘਟਨਾ ਸਥਾਨ ਥਾਣਾ ਮੇਹਰਬਾਨ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ। ਜਦਕਿ ਪਿੰਡ ਖਾਸੀ ਕਲਾਂ ਜਮਾਲਪੁਰ ਥਾਣੇ ਦਾ ਹਿੱਸਾ ਹੈ। Firing in Ludhiana