ਦਸੰਬਰ ਦੇ ਆਖਰੀ 15 ਦਿਨਾਂ ਵਿੱਚ ਸ਼ਹੀਦੀ ਸਮਾਗਮ, ਅਕਾਲੀ ਦਲ ਨੇ ਵੀ ਚੋਣਾਂ ਟਾਲਣ ਦੀ ਕੀਤੀ ਮੰਗ | Punjab News
- ਚੋਣਾਂ ਕਰਵਾਉਣ ਲਈ ਚਾਹੀਦੈ ਘੱਟ ਤੋਂ ਘੱਟ 30 ਦਿਨ ਦਾ ਸਮਾਂ, ਕਮਿਸ਼ਨ ਨਹੀਂ ਕਰ ਸਕਦਾ ਮੁਕੰਮਲ ਤਿਆਰੀ
ਚੰਡੀਗੜ੍ਹ (ਅਸ਼ਵਨੀ ਚਾਵਲਾ)। Punjab News: ਪੰਜਾਬ ਵਿੱਚ 5 ਨਗਰ ਨਿਗਮ ਅਤੇ 44 ਨਗਰ ਕੌਂਸਲਾਂ ਦੀਆਂ ਚੋਣਾਂ ਦਸੰਬਰ ਮਹੀਨੇ ਦੇ ਆਖਰੀ ਹਫ਼ਤੇ ਹੋਣੀਆਂ ਮੁਸ਼ਕਲ ਜਾਪ ਰਹੀਆਂ ਹਨ, ਕਿਉਂਕਿ ਸੂਬਾ ਚੋਣ ਕਮਿਸ਼ਨ ਕੋਲ ਇਨ੍ਹਾਂ ਚੋਣਾਂ ਨੂੰ ਕਰਵਾਉਣ ਲਈ ਜਿੱਥੇ ਸਮਾਂ ਕਾਫ਼ੀ ਘੱਟ ਹੈ, ਉਥੇ ਹੀ ਦਸੰਬਰ ਦੇ ਆਖਰੀ 15 ਦਿਨਾਂ ਵਿੱਚ ਸ਼ਹੀਦੀ ਪੰਦਰ੍ਹਵਾੜਾ ਹੋਣ ਕਰਕੇ ਪੰਜਾਬ ਦੇ ਲੋਕ ਸ਼ਹੀਦੀ ਜੋੜ ਮੇਲ ਵਿੱਚ ਹੀ ਆਪਣਾ ਜ਼ਿਆਦਾ ਸਮਾਂ ਬਿਤਾਉਂਦੇ ਹਨ। ਇਸ ਗੱਲ ਨੂੰ ਮੁੱਖ ਰੱਖਦੇ ਹੋਏ ਹੀ ਸ਼੍ਰੋਮਣੀ ਅਕਾਲੀ ਦਲ ਨੇ ਵੀ ਸੂਬਾ ਚੋਣ ਕਮਿਸ਼ਨ ਅਤੇ ਪੰਜਾਬ ਸਰਕਾਰ ਕੋਲ ਇਨ੍ਹਾਂ ਚੋਣਾਂ 15 ਦਸੰਬਰ ਤੋਂ ਪਹਿਲਾਂ ਜਾਂ ਫਿਰ 31 ਦਸੰਬਰ ਤੋਂ ਬਾਅਦ ਕਰਵਾਉਣ ਦੀ ਅਪੀਲ ਦਾਖਲ ਕਰ ਦਿੱਤੀ ਹੈ।
ਇਹ ਵੀ ਪੜ੍ਹੋ : Road Accident: ਸੜਕ ਹਾਦਸੇ ’ਚ ਮੋਟਰਸਾਈਕਲ ਸਵਾਰ ਦੀ ਮੌਤ
ਇਸ ਸਾਰੇ ਮਾਮਲੇ ਤੋਂ ਬਾਅਦ ਹੀ ਇੰਜ ਲੱਗ ਰਿਹਾ ਹੈ ਕਿ ਪੰਜਾਬ ਸਰਕਾਰ ਦਾ ਨੋਟੀਫਿਕੇਸ਼ਨ ਜਾਰੀ ਹੋਣ ਦੇ ਬਾਵਜੂਦ ਚੋਣਾਂ ਨੂੰ ਜਨਵਰੀ ਤੋਂ ਪਹਿਲਾਂ ਨਹੀਂ ਕਰਵਾਇਆ ਜਾ ਸਕਦਾ। ਜਾਣਕਾਰੀ ਅਨੁਸਾਰ ਪੰਜਾਬ ਵਿੱਚ ਪੰਜ ਨਗਰ ਨਿਗਮ, ਜਿਸ ਵਿੱਚ ਲੁਧਿਆਣਾ, ਪਟਿਆਲਾ, ਜਲੰਧਰ, ਅੰਮ੍ਰਿਤਸਰ ਅਤੇ ਫਗਵਾੜਾ ਸਣੇ ਕੁੱਲ 44 ਨਗਰ ਕੌਂਸਲਾਂ ਵਿੱਚ ਚੋਣਾਂ ਪੈਂਡਿੰਗ ਚੱਲ ਰਹੀਆਂ ਹਨ।ਚੋਣਾਂ ਦੇ ਲੇਟ ਹੋਣ ਦੇ ਬਾਵਜੂਦ ਪੰਜਾਬ ਸਰਕਾਰ ਇਨ੍ਹਾਂ ਨੂੰ ਕਰਵਾਉਣ ਲਈ ਤਿਆਰ ਨਹੀਂ ਸੀ ਪਰ ਪਹਿਲਾਂ ਹਾਈ ਕੋਰਟ ਅਤੇ ਫਿਰ ਸੁਪਰੀਮ ਕੋਰਟ ਦੇ ਸਖ਼ਤ ਆਦੇਸ਼ ਆਉਣ ਤੋਂ ਬਾਅਦ ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਬੀਤੇ ਦਿਨੀਂ ਹੀ ਇਨ੍ਹਾਂ ਚੋਣਾਂ ਨੂੰ ਕਰਵਾਉਣ ਲਈ ਨੋਟੀਫਿਕੇਸ਼ਨ ਜਾਰੀ ਕਰਦੇ ਹੋਏ ਸੂਬਾ ਚੋਣ ਕਮਿਸ਼ਨ ਕੋਲ ਭੇਜ ਦਿੱਤਾ ਗਿਆ ਹੈ। Punjab News
ਇਸ ਨੋਟੀਫਿਕੇਸ਼ਨ ਵਿੱਚ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਦਸੰਬਰ ਮਹੀਨੇ ਦੇ ਆਖ਼ਰੀ ਹਫ਼ਤੇ ਕਰਵਾਉਣ ਲਈ ਕਿਹਾ ਗਿਆ ਸੀ, ਜਿਸ ਤੋਂ ਬਾਅਦ ਸੂਬਾ ਚੋਣ ਕਮਿਸ਼ਨ ਵੱਲੋਂ ਕਿਸੇ ਵੀ ਸਮੇਂ ਚੋਣਾਂ ਕਰਵਾਉਣ ਲਈ ਪ੍ਰੋਗਰਾਮ ਦਿੱਤਾ ਜਾਣਾ ਹੈ ਪਰ ਇਸ ਘੱਟ ਸਮੇਂ ਹੋਣ ਦੇ ਨਾਲ ਹੀ ਹੁੁਣ ਸ਼੍ਰੋਮਣੀ ਅਕਾਲੀ ਦਲ ਵੱਲੋਂ ਦਸੰਬਰ ਦੇ ਆਖਰੀ 15 ਦਿਨਾਂ ਵਿੱਚ ਚੋਣ ਨਹੀਂ ਕਰਵਾਉਣ ਦੀ ਅਪੀਲ ਦਾਖ਼ਲ ਕਰ ਦਿੱਤੀ ਗਈ ਹੈ। ਸ਼੍ਰੋਮਣੀ ਅਕਾਲੀ ਦਲ ਸੀਨੀਅਰ ਆਗੂ ਦਲਜੀਤ ਸਿੰਘ ਚੀਮਾ ਨੇ ਅਪੀਲ ਕੀਤੀ ਹੈ ਕਿ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੇ ਸਾਲਾਨਾ ਇਤਿਹਾਸਕ ਦਿਹਾੜੇ, ਜਿਹੜੇ ਕਿ 15 ਦਸੰਬਰ ਤੋਂ 31 ਦਸੰਬਰ ਤੱਕ ਆਉਂਦੇ ਹਨ। Punjab News
ਦੌਰਾਨ ਚੋਣਾਂ ਨਾ ਕਰਵਾਈ ਜਾਣ, ਕਿਉਂਕਿ ਇਨ੍ਹਾਂ ਦਿਨਾਂ ਦੌਰਾਨ ਲੱਖਾਂ ਲੋਕ ਸ਼ਰਧਾਂਜਲੀ ਦੇਣ ਲਈ ਜਾਂਦੇ ਹਨ। ਇਸ ਸਮੇਂ ਦੌਰਾਨ ਕੋਈ ਵੀ ਚੋਣ ਪ੍ਰਕਿਰਿਆ ਸ਼ਾਂਤੀਪੂਰਨ ਅਤੇ ਸਦਭਾਵਨਾ ਵਾਲੇ ਮਾਹੌਲ ਨੂੰ ਖ਼ਰਾਬ ਕਰੇਗੀ। ਇਸ ਅਪੀਲ ਨੂੰ ਇੱਕ ਸਿਆਸੀ ਪਾਰਟੀ ਦੀ ਅਪੀਲ ਮੰਨ ਕੇ ਪਾਸੇ ਵੀ ਨਹੀਂ ਰੱਖਿਆ ਜਾ ਸਕਦਾ ਹੈ, ਕਿਉਂਕਿ ਇਸ ਅਪੀਲ ਵਿੱਚ ਦਿੱਤਾ ਹੋਇਆ ਤਰਕ ਪੰਜਾਬ ਦੇ ਲੋਕਾਂ ਦੀ ਭਾਵਨਾ ਅਤੇ ਸ਼ਰਧਾ ਨਾਲ ਜੁੜਿਆ ਹੋਇਆ ਹੈ। ਇਸ ਕਾਰਨ ਹੀ ਹੁਣ ਲੱਗ ਰਿਹਾ ਹੈ ਕਿ ਦਸੰਬਰ ਦੇ ਆਖਰੀ ਹਫ਼ਤੇ ਚੋਣ ਕਰਵਾਏ ਜਾਣ ਦੀ ਥਾਂ ’ਤੇ ਜਨਵਰੀ ਵਿੱਚ ਹੀ ਚੋਣ ਹੋਵੇਗੀ।