Punjab News: ‘60 ਤੋਂ 70 ਫੀਸਦੀ ਐਨਡੀਪੀਐਸ ਐਕਟ ਤਹਿਤ ਜੇਲ੍ਹਾਂ ’ਚ ਬੰਦ’
Punjab News: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੰਜਾਬ ਅੰਦਰ ਬਹੁਤ ਸਾਰੀਆਂ ਔਰਤਾਂ ਨਸ਼ਿਆਂ ਦੀ ਤਸਕਰੀ ਦੇ ਕਾਲੇ ਕਾਰੋਬਾਰ ’ਚ ਫਸ ਰਹੀਆਂ ਹਨ, ਜੋ ਕਿ ਵੱਡੀ ਚਿੰਤਾ ਦੀ ਗੱਲ ਹੈ। ਇਸ ਦੇ ਨਾਲ ਹੀ ਵੱਡੀ ਗਿਣਤੀ ਔਰਤਾਂ ਨਸ਼ੇ ਕਰਨ ’ਚ ਵੀ ਲੱਗੀਆਂ ਹੋਈਆਂ ਹਨ ਹਨ। ਇਹ ਖੁਲਾਸਾ ਅੱਜ ਇੱਥੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਰਾਜ ਲਾਲੀ ਗਿੱਲ ਪਟਿਆਲਾ ਦੀ ਕੇਂਦਰੀ ਜੇਲ੍ਹ ਦਾ ਦੌਰਾ ਕਰਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕੀਤਾ। ਉਨ੍ਹਾਂ ਆਖਿਆ ਕਿ ਉਹ ਹੁਣ ਤੱਕ ਕਈ ਜੇਲ੍ਹਾਂ ਦਾ ਦੌਰਾ ਕਰ ਚੁੱਕੇ ਹਨ ਤੇ ਇਨ੍ਹਾਂ ਜੇਲ੍ਹਾਂ ਵਿੱਚ ਔਰਤਾਂ ਵਿੱਚੋਂ 60 ਤੋਂ 70 ਫ਼ੀਸਦੀ ਔਰਤਾਂ ਐਨ. ਡੀ. ਪੀ. ਐੱਸ. ਐਕਟ ਦੇ ਮਾਮਲਿਆਂ ਕਰਕੇ ਜੇਲ੍ਹਾਂ ਵਿੱਚ ਪਹੁੰਚ ਰਹੀਆਂ ਹਨ, ਜੋ ਕਿ ਸਾਡੇ ਸਮਾਜ ਲਈ ਇੱਕ ਬੇਹੱਦ ਚਿੰਤਾਜਨਕ ਵਰਤਾਰਾ ਹੈ।
ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੇ ਪਟਿਆਲਾ ਦੀ ਕੇਂਦਰੀ ਜੇਲ੍ਹ ਦੀਆਂ ਕੈਦੀ ਤੇ ਹਵਾਲਾਤੀ ਔਰਤਾਂ ਦੇ ਮਸਲੇ ਸੁਣੇ | Punjab News
ਇਸ ਦੌਰਾਨ ਉਨ੍ਹਾਂ ਪਟਿਆਲਾ ਦੀ ਕੇਂਦਰੀ ਜੇਲ੍ਹ ਦਾ ਦੌਰਾ ਕਰਕੇ ਇੱਥੇ ਬੰਦ ਸਜ਼ਾਯਾਫ਼ਤਾ ਤੇ ਹਵਾਲਾਤੀ 128 ਔਰਤਾਂ ਦੀਆਂ ਮੁਸ਼ਕਿਲਾਂ ਸੁਣੀਆਂ ਤੇ ਬੰਦੀ ਮਹਿਲਾਵਾਂ ਨੂੰ ਦਰਪੇਸ਼ ਮੁਸ਼ਕਿਲਾਂ ਦੇ ਤੁਰੰਤ ਹੱਲ ਲਈ ਜੇਲ੍ਹ ਸੁਪਰਡੈਂਟ ਵਰੁਣ ਸ਼ਰਮਾ ਨੂੰ ਲੋੜੀਂਦੇ ਨਿਰਦੇਸ਼ ਵੀ ਦਿੱਤੇ। ਇਸ ਮੌਕੇ ਰਾਜ ਲਾਲੀ ਗਿੱਲ ਨੇ ਜੇਲ੍ਹ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਕਿ ਨਿਯਮਾਂ ਮੁਤਾਬਕ ਸਾਰੇ ਮਹਿਲਾ ਬੰਦੀਆਂ ਨੂੰ ਬਣਦੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਣ ਤੇ ਕਿਸੇ ਔਰਤ ਕੈਦੀ ਜਾਂ ਹਵਾਲਾਤੀ ਨੂੰ ਕੋਈ ਮੁਸ਼ਕਿਲ ਨਾ ਆਉਣ ਦਿੱਤੀ ਜਾਵੇ। Punjab News
ਔਰਤਾਂ ਦੀਆਂ ਸਿਹਤ ਨਾਲ ਸਬੰਧਿਤ ਤੇ ਹੋਰ ਮੁਸ਼ਕਿਲਾਂ ਦੇ ਤੁਰੰਤ ਹੱਲ ਲਈ ਜੇਲ੍ਹ ਅਧਿਕਾਰੀਆਂ ਨੂੰ ਨਿਰਦੇਸ਼ | Punjab News
ਉਨ੍ਹਾਂ ਨੇ ਔਰਤਾਂ ਲਈ ਗਾਇਨੀ ਤੇ ਚਮੜੀ ਰੋਗਾਂ ਦੇ ਮਾਹਰ ਡਾਕਟਰਾਂ ਦੀ ਸਹੂਲਤ ਪ੍ਰਦਾਨ ਕਰਨ ਸਮੇਤ ਇਨ੍ਹਾਂ ਦੀ ਕਾਉਂਸÇਲੰਗ ਕਰਨ ਦੇ ਵੀ ਆਦੇਸ਼ ਦਿੱਤੇ। ਰਾਜ ਲਾਲੀ ਗਿੱਲ ਨੇ ਇਸ ਦੌਰਾਨ ਜੇਲ੍ਹ ਪ੍ਰਸ਼ਾਸਨ ਤੋਂ ਜੇਲ੍ਹ ’ਚ ਬੰਦ ਔਰਤਾਂ ਤੇ ਉਨ੍ਹਾਂ ਦੇ ਨਾਲ ਰਹਿ ਰਹੇ 3 ਬੱਚਿਆਂ ਨੂੰ ਦਰਪੇਸ਼ ਮੁਸ਼ਕਿਲਾਂ ਤੇ ਜੇਲ੍ਹ ਮੈਨੁਅਲ ਮੁਤਾਬਿਕ ਦਿੱਤੀਆਂ ਜਾਂਦੀਆਂ ਸਹੂਲਤਾਂ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਜੇਲ੍ਹ ਵਿਖੇ ਬੰਦੀਆਂ ਲਈ ਬਣੇ ਖਾਣੇ ਦਾ ਵੀ ਜਾਇਜ਼ਾ ਲਿਆ। ਸੁਪਰਡੈਂਟ ਜੇਲ੍ਹ ਵਰੁਣ ਸ਼ਰਮਾ ਨੇ ਭਰੋਸਾ ਦਿੱਤਾ ਕਿ ਔਰਤ ਬੰਦੀਆਂ ਨੂੰ ਜੇਲ੍ਹ ਨਿਯਮਾਂ ਮੁਤਾਬਕ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ ਤੇ ਕਮਿਸ਼ਨ ਦੀਆਂ ਹਦਾਇਤਾਂ ਦੀ ਵੀ ਪਾਲਣਾ ਯਕੀਨੀ ਬਣਾਈ ਜਾਵੇਗੀ। ਇਸ ਮੌਕੇ ਕਮਿਸ਼ਨ ਦੇ ਡਿਪਟੀ ਡਾਇਰੈਕਟਰ ਸੁਮਨਦੀਪ ਕੌਰ ਤੇ ਸੁਪਰਡੈਂਟ ਮੋਹਨ ਕੁਮਾਰ ਤੋਂ ਇਲਾਵਾ ਵਧੀਕ ਸੁਪਰਡੈਂਟ ਅਰਪਨਜੋਤ ਸਿੰਘ, ਡੀਐੱਸਪੀ ਬਲਜਿੰਦਰ ਸਿੰਘ ਚੱਠਾ, ਗੁਰਜੀਤ ਸਿੰਘ ਬਰਾੜ, ਜੇਲ੍ਹ ਮੈਡੀਕਲ ਅਫ਼ਸਰ ਸਿਕੰਦਰ ਸਿੰਘ, ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਸ਼ਾਇਨਾ ਕਪੂਰ ਤੇ ਬਾਲ ਸੁਰੱਖਿਆ ਅਫ਼ਸਰ ਰੂਪਵੰਤ ਕੌਰ ਵੀ ਮੌਜੂਦ ਸਨ।
ਕਾਲ ਸੈਂਟਰ ਜਾਂ ਇਮੀਗ੍ਰੇਸ਼ਨ ਖੇਤਰ ’ਚ ਕੰਮ ਕਰਨ ਤੋਂ ਪਹਿਲਾਂ ਕੰਪਨੀਆਂ ਦੀ ਕਰਨ ਪੜਤਾਲ
ਰਾਜ ਲਾਲੀ ਗਿੱਲ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਸਿਰਫ ਨੌਕਰੀ ਤੇ ਤਨਖਾਹ ਦੇ ਲਾਲਚ ’ਚ ਆ ਕੇ ਕਾਲ ਸੈਂਟਰ ਤੇ ਇਮੀਗ੍ਰੇਸ਼ਨ ਸੈਂਟਰ ’ਚ ਕੰਮ ਤੋਂ ਪਹਿਲਾਂ ਇਨ੍ਹਾਂ ਕੰਪਨੀਆਂ ਦੀ ਪੜਤਾਲ ਕਰ ਲੈਣ। ਉਨ੍ਹਾਂ ਨੂੰ ਜੇਲ੍ਹਾਂ ’ਚ ਬਹੁਤ ਸਾਰੀਆਂ ਅਜਿਹੀਆਂ ਲੜਕੀਆਂ ਮਿਲੀਆਂ ਹਨ, ਜੋ ਕਿ ਇਨ੍ਹਾਂ ਕੰਪਨੀਆਂ ’ਚ ਕੰਮ ਕਰਦੀਆਂ ਸਨ ਪਰੰਤੂ ਬਾਅਦ ’ਚ ਇਹ ਕੰਪਨੀਆਂ ਫਰਾਡ ਨਿਕਲ ਗਈਆਂ ਤੇ ਇਹ ਲੜਕੀਆਂ ਪੁਲਿਸ ਦੀ ਗ੍ਰਿਫ਼ਤ ’ਚ ਆ ਗਈਆਂ। ਉਨ੍ਹਾਂ ਕਿਹਾ ਕਿ ਇਨ੍ਹਾਂ ਦਾ ਕਸੂਰ ਐਨਾ ਸੀ ਕਿ ਇਨ੍ਹਾਂ ਨੇ ਕੰਪਨੀ ਤੋਂ ਨਾ ਕੋਈ ਨਿਯੁਕਤੀ ਪੱਤਰ ਤੇ ਨਾ ਹੀ ਕੋਈ ਜਾਬ ਕਾਰਡ ਲਿਆ ਸੀ। ਉਨ੍ਹਾਂ ਸਲਾਹ ਦਿੱਤੀ ਕਿ ਜਿਹੜੇ ਬੱਚੇ ਜਾਂ ਬੱਚੀਆਂ ਕਾਲ ਸੈਂਟਰਾਂ ਜਾਂ ਇਮੀਗ੍ਰੇਸ਼ਨ ਸੈਂਟਰ ’ਚ ਕੰਮ ਕਰਨਾ ਚਾਹੁੰਦੇ ਹਨ, ਉਹ ਆਪਣੀ ਨਿਯੁਕਤੀ ਤੋਂ ਪਹਿਲਾਂ ਕੰਪਨੀ ਦੀ ਪੜਤਾਲ ਜਰੂਰ ਕਰ ਲਿਆ ਕਰਨ ਤਾਂ ਕਿ ਉਨ੍ਹਾਂ ਨਾਲ ਕੋਈ ਧੋਖਾਧੜੀ ਨਾ ਹੋ ਸਕੇ।
Read Also : Ludhiana News: ਵੱਖ-ਵੱਖ ਮਾਮਲਿਆਂ ’ਚ ਦੋ ਮਹਿਲਾਵਾਂ ਸਮੇਤ 9 ਜਣੇ ਕਾਬੂ