ਹਮਾਇਤੀਆਂ ਨੇ ਚੁੱਕ ਕੇ ਕਰਵਾਇਆ ਚਿੱਕੜ ਪਾਰ
ਨਵੀਂ ਦਿੱਲੀ: ਓਡੀਸ਼ਾ ਵਿੱਚ ਸੱਤਾਧਾਰੀ ਬੀਜੂ ਜਨਤਾ ਦਲ (ਬੀਜੇਡੀ) ਦੇ ਵਿਧਾਇਕ ਮਾਨਸ ਮਡਕਾਮੀ ਨਵੇਂ ਵਿਵਾਦ ਵਿੱਚ ਘਿਰ ਗਏ ਹਨ। ਵਿਧਾਇਕ ਨੂੰ ਉਸ ਦੇ ਹਮਾਇਤੀਆਂ ਵੱਲੋਂ ਗੋਦ ‘ਚ ਚੁੱਕ ਕੇ ਚਿੱਕੜ ਪਾਰ ਕਰਵਾਏ ਜਾਣ ਦਾ ਦ੍ਰਿਸ਼ ਕੈਮਰੇ ਵਿੱਚ ਕੈਦ ਹੋ ਗਿਆ। ਇਸ ਦੇ ਨਾਲ ਇਸ ਦੀ ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ ਹੋ ਗਈ।
ਇਹ ਘਟਨਾ ਮੰਗਲਵਾਰ ਉਸ ਸਮੇਂ ਵਾਪਰੀ, ਜਦੋਂ ਜ਼ਿਲ੍ਹੇ ਦੇ ਮੋਤੂ ਇਲਾਕੇ ਦੀਆਂ ਕੁਝ ਪੰਚਾਇਤਾਂ ‘ਚ ਚੱਲ ਰਹੀਆਂ ਕਲਿਆਣਕਾਰੀ ਯੋਜਨਾਵਾਂ ਦਾ ਜਾਇਜ਼ਾ ਲੈਣ ਲਈ ਮਲਕਾਨਗਿਰੀ ਤੋਂ ਵਿਧਾਇਕ ਮਾਨਸ ਮਡਕਾਮੀ ਅਤੇ ਨਬਰੰਗਪੁਰ ਤੋਂ ਸਾਂਸਦ ਬਲਭੱਦਰ ਮਾਂਝੀ ਉੱਥੇ ਪਹੁੰਚੇ ਸਨ।
ਤਸਵੀਰ ਵਿੱਚ ਸਪੱਸ਼ਟ ਵੇਖਿਆ ਜਾ ਸਕਦਾ ਹੈ ਕਿ ਰਾਜ ਨੇਤਾ ਨੇ ਚਿੱਟੇ ਰੰਗ ਦਾ ਪਜਾਮਾ ਪਹਿਨਿਆ ਹੋਇਆ ਹੈ, ਉਨ੍ਹਾਂ ਦੇ ਬੂਟ ਵੀ ਸਫ਼ੈਦ ਰੰਗ ਦੇ ਹਨ ਅਤੇ ਉਨ੍ਹਾਂ ਦੇ ਦੋ ਹਮਾਇਤੀ ਉਨ੍ਹਾਂ ਨੂੰ ਗੋਦ ਵਿੱਚ ਚੁੱਕ ਕੇ ਉਸ ਇਲਾਕੇ ਤੋਂ ਪਾਰ ਲੈ ਗਏ, ਜਿੱਥੇ ਗਿੱਟਿਆਂ ਤੱਕ ਚਿੱਕੜ ਭਰਿਆ ਹੋਇਆ ਸੀ। ਉਂਜ, ਨਬਰੰਗਪੁਰ ਦੇ ਸਾਂਸਦ ਨੇ ਉਸ ਗੰਦੇ ਪਾਣੀ ਨੂੰ ਹਮਾਇਤੀਆਂ ਦੀ ਮੱਦਦ ਤੋਂ ਬਿਨਾਂ ਪਾਰ ਕੀਤਾ।
ਵਿਧਾਇਕ ਨੇ ਦੱਸਿਆ ਹਮਾਇਤੀਆਂ ਦਾ ਪਿਆਰ
ਘਟਨਾ ਤੋਂ ਬਾਅਦ ਮਾਨਸ ਮਡਕਾਮੀ ਨੇ ਕਿਹਾ ਕਿ ਇਹ ਉਨ੍ਹਾਂ ਦੇ ਹਮਾਇਤੀਆਂ ਦਾ ਉਨ੍ਹਾਂ ਪ੍ਰਤੀ ਪਿਆਰ ਤੇ ਲਗਾਅ ਸੀ। ਉਨ੍ਹਾਂ ਕਿਹਾ , ‘ਇਹ ਹਮਾਇਤੀਆਂ ਦੇ ਮਨ ਵਿੱਚ ਉਮੜਦਾ ਪਿਆਰ ਸੀ, ਜਿਸ ਕਾਰਨ ਉਨ੍ਹਾਂ ਨੇ ਅਜਿਹੀ ਹਰਕਤ ਕੀਤੀ, ਉਹ ਮੈਨੂੰ ਇਸ ਤਰ੍ਹਾਂ ਚੁੱਕ ਕੇ ਅਤੇ ਪਾਣੀ ਤੋਂ ਪਾਰ ਕਰਵਾ ਕੇ ਬੇਹੱਦ ਖੁਸ਼ੀ ਮਹਿਸੂਸ ਕਰ ਰਹੇ ਸਨ।’ ਉਨ੍ਰਾਂ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਕਿਸੇ ਨੂੰ ਵੀ ਉਸ ਨੂੰ ਚੁੱਕ ਕੇ ਪਾਣੀ ਪਾਰ ਕਰਵਾਉਣ ਲਈ ਮਜ਼ਬੂਰ ਨਹੀਂ ਕੀਤਾ ਸੀ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਮੱਧ ਪ੍ਰਦੇਸ਼ ਵਿੱਚ ਵੀ ਇੱਕ ਹੜ੍ਹ ਪੀੜਤ ਇਲਾਕੇ ਦੇ ਦੌਰੇ ਸਮੇਂ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੂੰ ਉਨ੍ਹਾਂ ਦੇ ਸੁਰੱਖਿਆ ਮੁਲਾਜ਼ਮਾਂ ਨੇ ਗੋਦ ‘ਚ ਚੁੱਕ ਕੇ ਪਾਣੀ ਨਾਲ ਭਰੇ ਇਲਾਕੇ ਵਿੱਚੋਂ ਪਾਰ ਕਰਵਾਇਆ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।