Ludhiana News: ਪੀੜਤਾਂ ਨੇ ਭਰਵੇਂ ਇਕੱਠ ਨਾਲ ਮੁਆਵਜੇ ਅਤੇ ਅੱਗ ਲੱਗਣ ਦੇ ਜਿੰਮੇਵਾਰ ਲੋਕਾਂ ’ਤੇ ਕਾਰਵਾਈ ਦੀ ਮੰਗ ਕੀਤੀ
Ludhiana News: ਲੁਧਿਆਣਾ (ਜਸਵੀਰ ਸਿੰਘ ਗਹਿਲ)। ਦੀਵਾਲੀ ਦੀ ਰਾਤ ਇੱਥੇ ਵਪਾਰਕ ਰਾਜਧਾਨੀ ’ਚ ਸਲੱਮ ਬਸਤੀ ਲੋਕਾਂ ਦੀਆਂ ਤਿੰਨ ਝੁੱਗੀਆਂ ਅੱਗ ਲੱਗਣ ਕਾਰਨ ਸੜ ਕੇ ਸੁਆਹ ਹੋ ਗਈਆਂ। ਅੱਗ ਲੱਗਣ ਦਾ ਸਮੇਂ ਸਿਰ ਪਤਾ ਲੱਗਣ ਕਾਰਲ ਜਾਨੀ ਨੁਕਸਾਨ ਤੋਂ ਵੱਡਾ ਬਚਾਅ ਹੋ ਗਿਆ। ਪੀੜਤਾਂ ਸਣੇ ਵੱਡੀ ਗਿਣਤੀ ਲੋਕਾਂ ਨੇ ਮੁਆਵਜਾ ਤੇ ਅੱਗ ਲੱਗਣ ਦੇ ਜਿੰਮੇਵਾਰ ਲੋਕਾਂ ’ਤੇ ਕਾਰਵਾਈ ਲਈ ਜਮਾਲਪੁਰ ਰੋਡ ’ਤੇ ਧਰਨਾ ਦੇ ਕੇ ਪ੍ਰਦਰਸ਼ਨ ਕੀਤਾ।
Read Also : Delhi Crime: ਵੱਡੀ ਵਾਰਦਾਤ, ਦਿੱਲੀ ’ਚ ਚਾਚੇ-ਭਤੀਜੇ ਦਾ ਕਤਲ
ਜਮਾਲਪੁਰ ਰੋਡ ’ਤੇ ਸਥਿੱਤ ਰਾਜੀਵ ਗਾਂਧੀ ਕਲੋਨੀ ਦੇ ਨਜ਼ਦੀਕ ਕੁੱਝ ਸਲੱਮ ਬਸਤੀ ਲੋਕ ਝੁੱਗੀਆਂ- ਝੋਪੜੀਆਂ ’ਚ ਰਹਿੰਦੇ ਹਨ। ਜਿੱਥੇ ਵੀਰਵਾਰ ਦੀਵਾਲੀ ਦੀ ਰਾਤ ਨੂੰ ਇੱਕ ਝੁੱਗੀ ’ਚ ਅਚਾਨਕ ਹੀ ਅੱਗ ਲੱਗ ਗਈ। ਜਿਸ ਨੇ ਕੁੱਝ ਸਮੇਂ ਵਿੱਚ ਹੀ ਨਾਲ ਦੀਆਂ ਦੋ ਹੋਰ ਝੁੱਗੀਆਂ ਨੂੰ ਵੀ ਆਪਣੇ ਚਪੇਟ ਵਿੱਚ ਲੈ ਲਿਆ। ਅੱਗ ਲੱਗਣ ਦਾ ਸਮੇਂ ਸਿਰ ਪਤਾ ਲੱਗਣ ਕਾਰਨ ਝੁੱਗੀਆਂ ’ਚ ਮੌਜੂਦ ਲੋਕ ਬਾਹਰ ਨਿੱਕਲ ਆਏ। ਜਿਸ ਕਾਰਨ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਪਰ ਝੁੱਗੀਆਂ ਅੰਦਰ ਪਿਆ ਸਾਰਾ ਸਮਾਨ ਅੱਗ ਲੱਗਣ ਕਾਰਨ ਸੜ ਕੇ ਸੁਆਹ ਹੋ ਗਿਆ। ਇੱਥੋਂ ਤੱਕ ਕਿ ਕੁੱਝ ਦੋਪਹੀਆ ਵਾਹਨ ਵੀ ਸੜ ਗਏ।
Ludhiana News
ਪੀੜਤਾਂ ਦੇ ਪੱਖ ’ਚ ਵੱਡੀ ਗਿਣਤੀ ਲੋਕਾਂ ਨੇ ਸ਼ੁੱਕਰਵਾਰ ਨੂੰ ਜਮਲਾਪੁਰ ਰੋਡ ’ਤੇ ਧਰਨਾ ਲਗਾ ਕੇ ਪ੍ਰਦਰਸ਼ਨ ਕੀਤਾ। ਇਸ ਮੌਕੇ ਰਿਤੇਸ਼ ਨੇ ਦੱਸਿਆ ਕਿ ਝੁੱਗੀਆਂ ਅੱਗੇ ਸਾਜਿਸ਼ ਤਹਿਤ ਪਟਾਕੇ ਚਲਾਏ ਗਏ, ਜਿਸ ਕਾਰਨ ਝੁੱਗੀਆਂ ਨੂੰ ਅੱਗ ਲੱਗ ਗਈ। ਜਿਸ ’ਚ ਤਿੰਨ ਝੁੱਗੀਆਂ ਤੇ ਉਨ੍ਹਾਂ ’ਚ ਪਿਆ ਗਰੀਬ ਲੋਕਾਂ ਦਾ ਲੱਖਾਂ ਰੁਪਏ ਦਾ ਕੀਮਤੀ ਸਮਾਨ ਸੜ ਗਿਆ ਹੈ। ਲੋਕਾਂ ਦੇ ਦੱਸਣ ਮੁਤਾਬਕ ਝੁੱਗੀਆਂ ਦੇ ਸਾਹਮਣੇ ਮੰਦਰ ਹੈ, ਜਿੱਥੇ ਮੰਦਰ ਕਮੇਟੀ ਦੇ ਅਹੁਦੇਦਾਰਾਂ ਵੱਲੋਂ ਕਥਿੱਤ ਪਟਾਕੇ ਚਲਾਏ ਜਾ ਰਹੇ ਸਨ। ਪਟਾਕਿਆਂ ’ਚੋਂ ਨਿੱਕਲੀ ਚਿੰਗਾਰੀ ਕਾਰਨ ਝੁੱਗੀਆਂ ਨੂੰ ਅੱਗ ਲੱਗ ਗਈ। ਪੀੜਤ ਲੋਕਾਂ ਨੇ ਮੰਗ ਕੀਤੀ ਕਿ ਉਨ੍ਹਾਂ ਨੂੰ ਹੋਏ ਨੁਕਸਾਨ ਦਾ ਮੁਆਵਜਾ ਅਤੇ ਜਾਣਬੁੱਝ ਕੇ ਅੱਗ ਲਗਾਉਣ ਲਈ ਪਟਾਕੇ ਚਲਾਉਣ ਵਾਲਿਆਂ ’ਤੇ ਕਾਰਵਾਈ ਕੀਤੀ ਜਾਵੇ। ਮੌਕੇ ’ਤੇ ਪੁੱਜੀ ਪੁਲਿਸ ਨੇ ਪੀੜਤਾਂ ਨੂੰ ਜਾਂਚ ਉਪਰੰਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ।