3 ਪਿਸਤੌਲ, 7 ਕਾਰਤੂਸ ਬਰਾਮਦ
ਤਰਨਤਾਰਨ: ਥਾਣਾ ਪੱਟੀ ਦੀ ਪੁਲਿਸ ਨੇ ਲੁੱਟਾਂ-ਖੋਹਾਂ ਕਰਨ ਵਾਲੇ ਇਕ ਗਿਰੋਹ ਦਾ ਪਰਦਾਫਾਸ਼ ਕਰਦਿਆਂ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਜਦੋਂਕਿ ਦੋ ਵਿਅਕਤੀ ਮੌਕੇ ਤੋਂ ਫਰਾਰ ਹੋ ਗਏ ਦੱਸੇ ਜਾ ਰਹੇ ਹਨ।
ਇਸ ਸਬੰਧੀ ਸੋਹਨ ਸਿੰਘ ਡੀਐਸਪੀ ਪੱਟੀ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਐਤਵਾਰ ਨੂੰ ਥਾਣਾ ਸਿਟੀ ਪੱਟੀ ਦੇ ਮੁਖੀ ਮੋਹਿਤ ਕੁਮਾਰ ਤੇਜਪਾਲ ਨੇ ਗੁਪਤ ਸੂਚਨਾ ਦੇ ਅਧਾਰ ‘ਤੇ ਪੁਲਿਸ ਪਾਰਟੀ ਸਮੇਤ ਨਿਸ਼ਾਨ ਸਿੰਘ ਵਾਸੀ ਪੱਟੀ ਦੇ ਬਾਗ ਵਿਚ ਛਾਪੇਮਾਰੀ ਦੌਰਾਨ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਲੁੱਟ-ਖੋਹ ਦੀ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਵਿਚ ਬੈਠੇ ਹੋਏ ਪੰਜ ਵਿਅਕਤੀਆਂ ਵਿਚੋਂ ਤਿੰਨ ਨੂੰ ਕਾਬੂ ਕਰ ਲਿਆ।
ਫੜੇ ਗਏ ਮੁਲਜ਼ਮਾਂ ਦਲਜੀਤ ਸਿੰਘ ਉਰਫ਼ ਜਲਾਦ ਪੁੱਤਰ ਬਾਜ ਸਿੰਘ ਵਾਸੀ ਪੱਟੀ ਪਾਸੋਂ ਇਕ ਪਿਸਟਲ ਦੇਸੀ 32 ਬੋਰ, ਤਿੰਨ ਰੌਂਦ ਜ਼ਿੰਦਾ, ਗੁਰਜੰਟ ਸਿੰਘ ਉਰਫ਼ ਜੰਟਾ ਪੁੱਤਰ ਜੈਮਲ ਸਿੰਘ ਵਾਸੀ ਪੱਟੀ ਪਾਸੋਂ ਇਕ ਪਿਸਟਲ ਦੇਸੀ 32 ਬੋਰ, ਦੋ ਰੌਂਦ ਜ਼ਿੰਦਾ ਅਤੇ ਜਗਰੂਪ ਸਿੰਘ ਉਰਫ਼ ਰੂਪਾ ਪੁੱਤਰ ਸਰਮੈਲ ਸਿੰਘ ਵਾਸੀ ਸੀਤੋ ਮਹਿ ਝੁੱਗੀਆਂ ਪਾਸੋਂ ਇਕ ਪਿਸਤੌਲ ਦੇਸੀ 315 ਬੋਰ, ਦੋ ਰੌਂਦ ਜ਼ਿੰਦਾ ਬਰਾਮਦ ਹੋਏ ਹਨ। ਥਾਣਾ ਸਿਟੀ ਪੱਟੀ ਦੇ ਮੁਖੀ ਮੋਹਿਤ ਕੁਮਾਰ ਤੇਜਪਾਲ ਨੇ ਦੱਸਿਆ ਕਿ ਉਕਤ ਵਿਅਕਤੀਆਂ ਖਿਲਾਫ਼ ਅਸਲਾ ਐਕਟ ਅਧੀਨ ਮੁਕੱਦਮਾ ਦਰਜ ਕਰਕੇ ਮਾਣਯੋਗ ਅਦਾਲਤ ‘ਚੋਂ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।