ਭਾਜਪਾ ਨੇਤਾ ਨੂੰ ਕਾਨੂੰਨ ਦਾ ਪਾਠ ਪੜਾਉਣ ਵਾਲੀ ‘ਲੇਡੀ ਸਿੰਘਮ’ ਦਾ ਤਬਾਦਲਾ

Woman, police, Officer, Shrestha Singh, Transferred, BJP Leader

ਨੋਇਡਾ: ਪਿਛਲੇ ਮਹੀਨੇ ਬੁਲੰਦ ਸ਼ਹਿਰ ਵਿੱਚ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਕਾਰਨ ਇੱਕ ਭਾਜਪਾ ਨੇਤਾ ਨੂੰ ਅਦਾਲਤ ਤੱਕ ਘੜੀਸਣ ਵਾਲੀ ‘ਲੇਡੀ ਸਿੰਘਮ’ ਦੀ ਬਦਲੀ ਕਰ ਦਿੱਤੀ ਗਈ ਹੈ। ਬੁਲੰਦ ਸ਼ਹਿਰ ਦੇ ਸਿਆਨਾ ਇਲਾਕੇ ਵਿੱਚ ਸੀਓ ਦੇ ਅਹੁਦੇ ‘ਤੇ ਤਾਇਨਾਤ ਰਹੀ ਸ੍ਰੇਸ਼ਠਾ ਸਿੰਘ ਨੂੰ ਇੱਥੋਂ ਬਦਲ ਕੇ ਬਹਿਰਾਈਚ ਭੇਜ ਦਿੱਤਾ ਗਿਆ ਹੈ।

ਸੋਸ਼ਲ ਮੀਡੀਆ ਵਿੱਚ ਅਚਾਨਕ ਉਹ ਉਦੋਂ ਸੁਰਖ਼ੀਆਂ ਵਿੱਚ ਆ ਗਈ ਸੀ, ਜਦੋਂ 23 ਜੂਨ ਨੂੰ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਪ੍ਰਵੇਸ਼ ਦੇਵੀ ਦੇ ਪਤੀ ਪ੍ਰਮੋਤ ਲੋਧੀ ਨੂੰ ਉਨ੍ਹਾਂ ਨੇ ਭਰੀ ਭੀੜ ਦੇ ਸਾਹਮਣੇ ਜ਼ਬਰਦਸਤ ਝਾੜ ਝੰਬ ਕੀਤੀ ਸੀ। ਦਰਅਸਲ ਲੋਧੀ ਉਸ ਸਮੇਂ ਬਿਨਾਂ ਹੈਲਮੇਟ ਅਤੇ ਬਿਨਾਂ ਕਾਗਜਾਂ ਤੋਂ ਗੱਡੀ ‘ਚ ਸਵਾਰ ਹੋ ਕੇ ਜਾ ਰਹੇ ਸਨ। ਜਦੋਂ ਟਰੈਫਿਕ ਪੁਲਿਸ ਨੇ ਉਸ ਨੂੰ ਰੋਕਿਆ ਉਦੋਂ ਉਸ ਨੇ ਖੁਦ ਦੇ ਭਾਜਪਾ ਨੇਤਾ ਹੋਣ ਦਾ ਰੋਅਬ ਵਿਖਾਇਆ ਪਰ ਸ੍ਰੇਸ਼ਠਾ ਸਿੰਘ ਨੇ ਉਸ ਨੂੰ ਕਿਹਾ ਕਿ ਉਹ ਸਖ਼ਤ ਕਾਰਵਾਈ ਕਰੇਗੀ ਅਤੇ ਕਿਸੇ ਤੋਂ ਨਹੀਂ ਡਰੇਗੀ। ਉਨ੍ਹਾਂ ਭਾਜਪਾ ਨਾਤੇ ‘ਤੇ ਟਰੈਫਿਕ ਨਿਯਮਾਂ ਦੇ ਉਲੰਘਣ ਦੇ ਨਾਲ ਸਰਕਾਰ ਕੰਮ ਵਿੱਚ ਰੁਕਾਵਟ ਪਾਉਣ ਦਾ ਦੋਸ਼ ਲਾਇਆ ਸੀ।

ਪੁਲਿਸ ਤੋਂ ਛੁਡਾ ਕੇ ਲੈ ਗਏ ਹਮਾਇਤੀ

ਭਾਜਪਾ ਨੇਤਾ ਅਤੇ ਅਧਿਕਾਰੀ ਦਰਮਿਆਨ ਹੋਏ ਤਕਰਾਰ ਤੋਂ ਬਾਅਦ ਭਾਜਪਾ ਹਮਾਇਤੀਆਂ ਨੇ ਅਦਾਲਤ ਕੰਪਲੈਕਸ ਵਿੱਚ ਪੁਲਿਸ ਦੇ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਭਾਜਪਾ ਨੇਤਾ ਪ੍ਰਮੋਦ ਲੋਧੀ ਨੂੰ ਪੁਲਿਸ ਕੋਲੋਂ ਛੁਡਵਾ ਕੇ ਸਿਆਨਾ ਵਿਧਾਇਕ ਦਵਿੰਦਰ ਲੋਧੀ ਦੇ ਚੈਂਬਰ ‘ਚ ਲਿਆ ਕੇ ਬਿਠਾ ਦਿੱਤਾ।

ਅਦਾਲਤ ‘ਚ ਹਮਾਇਤੀਆਂ ਨੇ ਕੀਤਾ ਹੰਗਾਮਾ

ਭਾਜਪਾ ਨੇਤਾ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਦੇ ਪਤੀ ਪ੍ਰਮੋਦ ਲੋਧੀ ਨੂੰ ਪੁਲਿਸ ਅਦਾਲਤ ਵਿੱਚ ਪੇਸ਼ ਕਰਨ ਲਈ ਲਿਜਾਣ ਲੱਗੀ ਤਾਂ ਦਰਜਨਾਂ ਭਾਜਪਾ ਵਰਕਰ ਅਦਾਲਤ ਤੋਂ ਬਾਹਰ ਇਕੱਠੇ ਹੋ ਗਏ। ਭਾਜਪਾ ਵਰਕਰਾਂ ਨੇ ਅਦਾਲਤ ਕੰਪਲੈਕਸ ਵਿੱਚ ਪੁਲਿਸ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਸੀਓ ਸਿਆਨਾ ਸ੍ਰੇਸ਼ਠਾ ਸਿੰਘ ਨਾਲ ਟਕਰਾ ਗਏ। ਸੀਓ ਸਿਆਨਾ ਸ੍ਰੇਸ਼ਠਾ ਸਿੰਘ ਨਾਲ ਅਦਾਲਤ ਕੰਪਲੈਕਸ ਵਿੱਚ ਘੰਟਿਆਂ ਬੱਧੀ ਗਰਮੀ ਨਾਲ ਗੱਲਬਾਤ ਕਰਦੇ ਰਹੇ, ਹੁਣ ਸ੍ਰੇਸ਼ਠਾ ਸਿੰਘ ਦੀ ਬਦਲੀ ਨੂੰ ਇਸੇ ਵਿਵਾਦ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ।