Panchayat Election: ਅਜਿਹਾ ਪਿੰਡ ਜਿੱਥੇ 70 ਸਾਲਾਂ ’ਚ ਸਰਪੰਚੀ ਲਈ ਸਿਰਫ ਇੱਕ ਵਾਰ ਪਈਆਂ ਵੋਟਾਂ

Panchayat Election

Panchayat Election: ਪਿਛਲੇ 70 ਸਾਲਾਂ ਤੋਂ ਸਰਬਸੰਮਤੀ ਨਾਲ ਸਰਪੰਚ ਦੀ ਚੋਣ ਕਰਦਾ ਆ ਰਿਹੈ ਪਿੰਡ ਤੁਰੀ

Panchayat Election: ਭਵਾਨੀਗੜ੍ਹ (ਵਿਜੈ ਸਿੰਗਲਾ)। ਪੰਜਾਬ ’ਚ ਪੰਚਾਇਤੀ ਚੋਣਾਂ ਦਾ ਵਿਗਲ ਵੱਜ ਚੁੱਕਿਆ ਹੈ। ਅਗਲੇ ਮਹੀਨੇ ਕਿਸੇ ਵੀ ਤਾਰੀਖ ਨੂੰ ਪੰਚਾਇਤੀ ਚੋਣਾਂ ਹੋ ਸਕਦੀਆਂ ਹਨ। ਅੱਜ ਤੁਹਾਨੂੰ ਜ਼ਿਲ੍ਹਾ ਸੰਗਰੂਰ ਦੇ ਉਸ ਪਿੰਡ ਬਾਰੇ ਜਾਣਕਾਰੀ ਦੇਣ ਲੱਗੇ ਹਾਂ ਜਿੱਥੇ ਪਿਛਲੇ ਕਈ ਦਹਾਕਿਆਂ ਤੋਂ ਸਰਪੰਚੀ ਲਈ ਪੰਚਾਇਤੀ ਚੋਣਾਂ ਨਹੀਂ ਹੋਈਆਂ।

ਗੱਲ ਕਰ ਰਹੇ ਹਾਂ ਜ਼ਿਲ੍ਹਾ ਸੰਗਰੂਰ ਦੇ ਭਵਾਨੀਗੜ੍ਹ ਬਲਾਕ ਦੇ ਵਿੱਚ ਪੈਂਦੇ ਪਿੰਡ ਤੁਰੀ ਦੀ ਜੋ ਕਿ ਆਪਣੇ ਆਪ ਵਿੱਚ ਇੱਕ ਮਿਸਾਲ ਬਣਿਆ ਹੋਇਆ ਹੈ ਕਿਉਂਕਿ ਇਸ ਪਿੰਡ ਦੇ ਲੋਕ ਸਰਪੰਚੀ ਲਈ ਲੱਖਾਂ ਰੁਪਏ ਨਹੀਂ ਖਰਚਦੇ। ਇਸ ਪਿੰਡ ਦੇ ਲੋਕ ਸਰਪੰਚੀ ਲਈ ਲੋਕਾਂ ਦੇ ਘਰ ਘਰ ਵੋਟਾਂ ਮੰਗਣ ਨਹੀਂ ਜਾਂਦੇ, ਇਸ ਪਿੰਡ ’ਚ ਕੋਈ ਵਿਰੋਧੀ ਧਿਰ ਦੇ ਤੌਰ ਦੇ ’ਤੇ ਸਰਪੰਚੀ ਲਈ ਮੈਦਾਨ ’ਚ ਨਹੀਂ ਉਤਰਦਾ। ਇਹ ਪਿੰਡ ਇਸ ਲਈ ਵੀ ਖਾਸ ਹੈ ਕਿਉਂਕਿ ਇਸ ਪਿੰਡ ਦੇ ਗੁਰਦੁਆਰਾ ਸਾਹਿਬ ’ਚ ਬੈਠ ਕੇ ਹੀ ਸਰਪੰਚੀ ਲਈ ਚੁਣੇ ਜਾਣ ਵਾਲੇ ਪਿੰਡ ਦੇ ਹੀ ਇੱਕ ਸੂਝਵਾਨ ਵਿਅਕਤੀ ਦਾ ਸਰਪੰਚੀ ਲਈ ਐਲਾਨ ਹੋ ਜਾਂਦਾ ਜਿਸ ਤੋਂ ਬਾਅਦ ਮੂੰਹ ਮਿੱਠਾ ਕਰਨ ਤੋਂ ਬਾਅਦ ਲੋਕ ਆਪੋ ਆਪਣੇ ਘਰੇ ਚਲੇ ਜਾਂਦੇ ਹਨ।
ਪਿੰਡ ਤੁਰੀ ਦੇ ਬਜ਼ੁਰਗ ਦੱਸਦੇ ਨੇ ਕਿ ਉਹਨਾਂ ਨੇ 70 ਸਾਲ ’ਚ ਸਿਰਫ ਇੱਕ ਵਾਰ ਸਰਪੰਚੀ ਲਈ ਵੋਟ ਪਾਈ ਹੈ ਉਸ ਤੋਂ ਬਿਨਾਂ ਕਦੇ ਵੀ ਇਥੇ ਸਰਪੰਚੀ ਲਈ ਵੋਟਾਂ ਨਹੀਂ ਪਈਆਂ।

Panchayat Election

ਜਿੱਥੇ ਇਹ ਪਿੰਡ ਆਪਣੇ ਆਪ ’ਚ ਸਰਪੰਚ ਚੁਣਨ ਲਈ ਇਲਾਕੇ ਵਿੱਚ ਇੱਕ ਮਿਸਾਲ ਬਣਿਆ ਹੋਇਆ ਉੱਥੇ ਇਸ ਪਿੰਡ ਨੂੰ ਲੰਘੀਆਂ ਵੱਖ ਵੱਖ ਸਰਕਾਰਾਂ ਵੱਲੋਂ ਅਣਗੌਲਿਆ ਕੀਤਾ ਗਿਆ ਹੈ ਕਿਉਂਕਿ ਇਸ ਪਿੰਡ ਲਈ ਕੋਈ ਵਿਸ਼ੇਸ਼ ਪੈਕਜ ਨਹੀਂ ਦਿੱਤਾ ਗਿਆ ਜਿਸ ਨਾਲ ਇਸ ਪਿੰਡ ਦੀ ਨੁਹਾਰ ਬਦਲ ਸਕੇੇ। ਪਿੰਡ ’ਚ ਅਜੇ ਤੱਕ ਪੀਣ ਵਾਲੇ ਪਾਣੀ ਦੇ ਲਈ ਸਰਕਾਰੀ ਪਾਣੀ ਦੀ ਟੈਂਕੀ ਨਹੀਂ, ਲੋਕਾਂ ਦੇ ਸਿਹਤ ਸਹੂਲਤਾਂ ਦੇ ਇਲਾਜ ਲਈ ਪਿੰਡ ’ਚ ਕੋਈ ਡਿਸਪੈਂਸਰੀ ਨਹੀਂ ਹੈ। ਪਿੰਡ ਦੇ ਬੱਚਿਆਂ ਦੇ ਲਈ ਕੋਈ ਵਧੀਆ ਖੇਡਣ ਲਈ ਗਰਾਉਂਡ ਨਹੀਂ ਹੈ, ਹਾਲੇ ਤੱਕ ਪਿੰਡ ਦੇ ਵਿੱਚ ਸੀਵਰੇਜ ਸਿਸਟਮ ਨਹੀਂ ਹੈ। ਪਿੰਡ ਦੇ ਵਿੱਚ ਇੱਕ ਸਰਕਾਰੀ ਪ੍ਰਾਇਮਰੀ ਸਕੂਲ ਹੈ ਜਿਸ ’ਚ 21 ਬੱਚੇ ਪੜ੍ਹਦੇ ਹਨ ਦੋ ਅਧਿਆਪਕ ਹਨ। ਪਿੰਡ ਦੇ ਲੋਕ ਚਾਹੁੰਦੇ ਨੇ ਕਿ ਇਸ ਵਾਰ ਸਰਕਾਰ ਉਹਨਾਂ ਦੇ ਪਿੰਡ ਵੱਲ ਖਾਸ ਧਿਆਨ ਦੇਵੇ ਕਿਉਂਕਿ ਪੰਜਾਬ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਕਿ ਜਿਸ ਪਿੰਡ ਦੇ ਵਿੱਚ ਸਰਬਸੰਮਤੀ ਦੇ ਨਾਲ ਸਰਪੰਚ ਚੁਣਿਆ ਜਾਏਗਾ, ਉਸ ਨੂੰ 5 ਲੱਖ ਰੁਪਿਆ ਅਲੱਗ ਤੋਂ ਦਿੱਤਾ ਜਾਏਗਾ।

Panchayat Election

ਦੂਜੇ ਪਾਸੇ ਜੇਕਰ ਪਿੰਡ ਦੀ ਗੱਲ ਕੀਤੀ ਜਾਵੇ। ਪਿੰਡ ਦੇ ਲੋਕ ਪਿੰਡ ’ਚ ਸੀਵਰੇਜ ਸਿਸਟਮ ਦੀ ਮੰਗ ਕਰ ਰਹੇ ਨੇ ਕਿਉਂਕਿ ਛੋਟਾ ਪਿੰਡ ਹੋਣ ਦੇ ਬਾਵਜੂਦ ਵੀ ਪਿੰਡ ਦੀਆਂ ਗਲੀਆਂ ਦੇ ਵਿੱਚ ਨਾਲੀਆਂ ਦਾ ਗੰਦਾ ਪਾਣੀ ਓਵਰਫਲੋ ਰਹਿੰਦਾ ਹੈ। ਗਰਾਊਂਡ ਦੇ ਨਾਂਅ ਦੇ ਉੱਪਰ ਖਾਲੀ ਜਗ੍ਹਾ ਦੇ ਉੱਪਰ ਵੱਡਾ ਵੱਡਾ ਘਾਹ ਉੱਗਿਆ ਹੋਇਆ, ਵਾਲੀਬਾਲ ਖੇਡਣ ਦੇ ਲਈ ਇੱਕ ਅਲੱਗ ਤੋਂ ਲੋਹੇ ਦਾ ਜਾਲ ਲਾ ਕੇ ਗਰਾਊਂਡ ਬਣਾਇਆ ਗਿਆ ਹੈ ਪਰ ਉਹ ਜ਼ਿਆਦਾਤਰ ਸੱਪਾਂ ਦਾ ਘਰ ਲੱਗ ਰਿਹਾ, ਜਿਸ ਦੇ ਪਿੱਛੇ ਕਾਰਨ ਇਹੀ ਹੈ ਕਿ ਪਿੰਡ ਦੇ ਕੋਲ ਸਿਰਫ 10 ਵਿੱਘਾ ਜ਼ਮੀਨ ਹੈ, ਜਿਸ ਦਾ ਪੰਚਾਇਤੀ ਠੇਕਾ ਲਗਭਗ 40-45000 ਆਉਂਦਾ ਹੈ।

ਪਿੰਡ ਦੇ ਮੌਜੂਦਾ ਸਰਪੰਚ ਜਗਜੀਤ ਸਿੰਘ ਅਨੁਸਾਰ ਕੋਈ ਹੋਰ ਸਪੈਸ਼ਲ ਪੈਕਜ ਨਾ ਹੋਣ ਕਰਕੇ ਪਿੰਡ ਦਾ ਸਰਬ ਪੱਖੀ ਵਿਕਾਸ ਨਹੀਂ ਹੋ ਰਿਹਾ। ਇਸ ਤੋਂ ਪਹਿਲਾਂ ਪਿੰਡ ਦੇ ਰਾਜਵਿੰਦਰ ਸਿੰਘ, ਰਾਜ ਸਿੰਘ ਪਰਮਜੀਤ ਸਿੰਘ ਅਤੇ ਮਨਜੀਤ ਕੌਰ ਪਤਨੀ ਸੱਤਪਾਲ ਸਿੰਘ ਵੀ ਸਰਬਸੰਮਤੀ ਨਾਲ ਸਰਪੰਚੀ ਦੀਆਂ ਸੇਵਾਵਾਂ ਨਿਭਾਅ ਚੁੱਕੇ ਹਨ।

ਪਿੰਡ ’ਚ ਹੋਵੇਗਾ ਜੰਗੀ ਪੱਧਰ ’ਤੇ ਵਿਕਾਸ: ਭਰਾਜ

ਜਦੋਂ ਇਸ ਸਬੰਧੀ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ ਤੇ ਉਹ ਵੀ ਵਾਅਦਾ ਕਰਦੇ ਹਨ ਜੇਕਰ ਇਹ ਪਿੰਡ ਇਸ ਵਾਰ ਵੀ ਸਰਪੰਚੀ ਦੀ ਚੋਣ ਸਰਬਸੰਮਤੀ ਨਾਲ ਕਰਦਾ ਹੈ ਤਾਂ ਉਹ ਪਿੰਡ ਦੇ ਜੰਗੀ ਪੱਧਰ ’ਤੇ ਵਿਕਾਸ ਦੇ ਨਾਲ-ਨਾਲ ਪਿੰਡ ਨੂੰ 5 ਲੱਖ ਰੁਪਏ ਦੀ ਗਰਾਂਟ ਵੀ ਦੇਣਗੇ।

Read Also : Education Department ਦੇ ਦਫ਼ਤਰੀ ਕਾਮਿਆਂ ਦਾ ਐਕਸ਼ਨ, ਸਰਕਾਰ ਦੇ ਇਸ ਮੰਤਰੀ ਦੇ ਵਿਰੋਧ ਦੀ ਖਿੱਚ ਲਈ ਤਿਆਰੀ

LEAVE A REPLY

Please enter your comment!
Please enter your name here