ਇੱਕ ਲੱਖ ਕੰਪਨੀਆਂ ਨੂੰ ਜੜਿਆ ਜ਼ਿੰਦਰਾ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਤਿੰਨ ਲੱਖ ਤੋਂ ਜ਼ਿਆਦਾ ਕੰਪਨੀਆਂ ਸ਼ੱਕ ਦੇ ਘੇਰੇ ਵਿੱਚ ਹਨ। ਇਸ ਤੋਂ ਇਲਾਵਾ ਇੱਕ ਲੱਖ ਕੰਪਨੀਆਂ ਨੂੰ ਇੱਕ ਕਲਮ ਵਿੱਚ ਜ਼ਿੰਦਰਾ ਲਾ ਦਿੱਤਾ ਹੈ। ਰਜਿਸਟਰਡ ਕੰਪਨੀਆਂ ਨੂੰ ਇੱਕ ਝਟਕੇ ਵਿੱਚ ਖਤਮ ਕਰ ਦਿੱਤਾ। ਅਜਿਹਾ ਵੱਡਾ ਫੈਸਲਾ ਕੋਈ ਦੇਸ਼ ਭਗਤ ਹੀ ਲੈ ਸਕਦਾ ਹੇ। ਸੇਲ ਕੰਪਨੀਆਂ ਖਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਇਨ੍ਹਾਂ ਖਿਚਲਾਫ਼ ਹੋਰ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਪ੍ਰਧਾਨ ਮੰਤਰੀ ਅੱਜ ਇੱਥੇ ਦ ਇੰਸਟੀਚਿਊਟ ਆਫ਼ ਚਾਰਟਡ ਅਕਾਊਂਟਸ ਆਫ਼ ਇੰਡੀਆ ਦੇ ਇੱਕ ਪ੍ਰੋਗਰਾਮ ਦੌਰਾਨ ਸੰਬੋਧਨ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਸੀਏ ਦੀ ਪੜ੍ਹਾਈ ਲਈ ਨਵਾਂ ਸਿਲੇਬਸ ਲਾਂਚ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਐਨਡੀਏ ਸਰਕਾਰ ਆਉਣ ਤੋਂ ਬਾਅਦ ਸਵਿਸ ਬੈਂਕਾਂ ਵਿੱਚ ਜਮ੍ਹਾ ਭਾਰਤੀਆਂ ਦੇ ਕਾਲੇ ਧਨ ਵਿੱਚ 45 ਫੀਸਦੀ ਕਮੀ ਆਈ ਹੈ, ਜਦੋਂਕਿ ਸਾਲ 2013 ਵਿੱਚ ਵਿਦੇਸ਼ਾਂ ਵਿੱਚ ਜਮ੍ਹਾ ਕਾਲੇ ਧਨ ਵਿੱਚ 42 ਫੀਸਦੀ ਵਾਧਾ ਹੋਇਆ ਸੀ।
ਉਨ੍ਹਾਂ ਕਿਹਾ ਕਿ ਕਾਲੇ ਧਨ ਖਿਲਾਫ਼ ਕਾਰਵਾਈ ਦਾ ਨਤੀਜਾ ਸਾਹਮਣੇ ਹੈ। ਉਨ੍ਹਾਂ ਕਿਹਾ ਕਿ ਨੋਟਬੰਦੀ ਤੋਂ ਬਾਅਦ ਸੀਏ ਨੂੰ ਬਹੁਤ ਕੰਮ ਕਰਨਾ ਪਿਆ। ਇੱਥੋਂ ਤੱਕ ਸੀਏ ਨੂੰ ਆਪਣੀਆਂ ਛੁੱਟੀਆਂ ਰੱਦ ਕਰਨੀਆਂ ਪਈਆਂ। ਉਨ੍ਹਾਂ ਕਿਹਾ ਕਿ ਜੀਐੱਸਟੀ ਭਾਰਤ ਦੇ ਅਰਥ ਪ੍ਰਬੰਧ ਵਿੱਚ ਇੱਕ ਨਵੀਂ ਰਾਹ ਦੀ ਸ਼ੁਰੂਆਤ ਹੈ। ਚਾਰਟਡ ਅਕਾਊਂਟੈਂਟਸ ਨੂੰ ਦੇਸ਼ ਦੀ ਸੰਸਦ ਨੇ ਪਵਿੱਤਰ ਅਧਿਕਾਰ ਦਿੱਤਾ ਹੈ। ਜੀਐੱਸਟੀ ਆਰਥਿਕ ਖੁਸ਼ਹਾਲੀ ਲਈ ਜ਼ਰੂਰੀ ਹੈ। ਸੀਏ ਅਰਥਜਗਤ ਵਿੱਚ ਵੱਡੇ ਥੰਮ੍ਹ ਹਨ। ਅਕਾਊਂਟੈਂਟ ‘ਤੇ ਦੇਸ਼ ਦੀ ਆਰਥਿਕ ਜ਼ਿੰਮੇਵਾਰੀ ਹੁੰਦੀ ਹੈ। ਇਸ ਦੌਰਾਨ ਮੋਦੀ ਨੇ ਸ਼ਾਸਤਰਾਂ ਦੇ ਅਰਥ, ਧਰਮ, ਕੰਮ ਅਤੇ ਮੌਕਸ਼ ਦਾ ਜ਼ਿਕਰ ਕੀਤਾ।